ਅਸ਼ੋਕ ਵਰਮਾ
ਬਠਿੰਡਾ,9ਜੁਲਾਈ । ਔਰਤ ਕਰਜਾ ਮੁਕਤੀ ਸੰਘਰਸ ਕਮੇਟੀ ਲਾਲ ਸਿੰਘ ਬਸਤੀ ਦੇ ਆਗੂ ਅਮਰਜੀਤ ਕੌਰ ਅਤੇ ਸਰੋਜ ਰਾਣੀ ਨੇ ਦੱਸਿਆ ਕਿ ਔਰਤਾਂ ਸਿਰ ਚੜਿਆ ਹੋਇਆ ਕਰਜ਼ਾ ਔਰਤਾਂ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਹੱਲ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਸੁਭਾਸ ਬਸਤੀ ਵਿੱਚ ਔਰਤਾਂ ਦੇ ਮਸਲਿਆਂ ਲੈ ਕੇ ਮੀਟਿੰਗ ਕੀਤੀ ਗਈ। ਬਠਿੰਡਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਲੋਕਾਂ ਦਾ ਕੰਮਕਾਰ ਬੰਦ ਹੋਇਆ ਪਿਆ ਹੈ ਉੱਤੋਂ ਪ੍ਰਾਈਵੇਟ ਕੰਪਨੀਆਂ ਵਾਲੇ ਔਰਤਾਂ ਨੂੰ ਕਰਜੇ ਬਦਲੇ ਤੰਗ ਕਰ ਰਹੇ ਹਨ ਪਰ ਪੰਜਾਬ ਸਰਕਾਰ ਇਸ ਮਸਲੇ ਤੇ ਚੁੱਪ ਕਰੀ ਬੈਠੀ ਹੈ। ਉਨਾਂ ਆਖਿਆ ਕਿ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਸਰਕਾਰ ਪ੍ਰਾਈਵੇਟ ਕੰਪਨੀਆਂ ਅਤੇ ਪ੍ਰਾਈਵੇਟ ਬੈਂਕਾਂ ਦੇ ਪੱਖ ਪੂਰ ਰਹੀ ਹੈ ।
ਉਨਾਂ ਦੱਸਿਆ ਕਿ ਇੱਕ ਪਾਸੇ ਕਰੋਨਾ ਬਿਮਾਰੀ ਦੇ ਨਾਂ ਤੇ ਲੋਕਾਂ ਦੇ ਵੱਡੀ ਪੱਧਰ ਤੇ ਚਲਾਨ ਕੱਟੇ ਜਾ ਰਹੇ ਹਨ ਤੇ ਦੂਜੇ ਪਾਸੇ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪਿੰਡਾਂ ’ਚ ਔਰਤਾਂ ਨੂੰ ਕਰਜਾ ਭਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਬਿਮਾਰੀ ਦੇ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਵਾਈ ਕੀਤੀ ਜਾਵੇ ਤੇ ਪ੍ਰਾਈਵੇਟ ਕੰਪਨੀਆਂ ਤੇ ਕਰਜ਼ਾ ਵਾਪਸੀ ਤੇ ਫੌਰੀ ਰੋਕ ਲਾਈ ਜਾਵੇ। ਪੰਜਾਬ ਸਰਕਾਰ ਔਰਤਾਂ ਦੇ ਚੜੇ ਹੋਏ ਕਰਜ਼ੇ ਤੇ ਲੀਕ ਮਾਰੇ ਅਤੇ ਕੰਮ ਚਲਾਉਣ ਲਈ ਔਰਤ ਨੂੰ ਇੱਕ ਲੱਖ ਰੁਪਿਆ ਕਰਜ਼ਾ ਬਿਨਾਂ ਵਿਆਜ ਤੇ ਦੇਵੇ। ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨ ਤਿੱਖਾ ਸੰਘਰਸ ਕੀਤਾ ਜਾਵੇਗਾ। ਇਸ ਮੌਕੇ ਜੋਤੀ ਕੌਰ ਨੂੰ ਔਰਤ ਕਰਜਾ ਮੁਕਤੀ ਸੰਘਰਸ਼ ਕਮੇਟੀ ਦੇ ਕਨਵੀਨਰ ਬਣਾਇਆ ਜਦੋਂਕਿ ਰੀਤੂ ਕੌਰ ,ਰਮਨਦੀਪ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਅਤੇ ਮਨਜੀਤ ਕੌਰ ਮੈਂਬਰ ਬਣਾਏ ਗਏ ਹਨ।