16.9 C
United Kingdom
Sunday, June 7, 2026

More

    ਭਰੋਸਾ/ਕਾਵਿ

    ✍️✍️ਮਨਦੀਪ ਕੌਰ ਭੰਮਰਾ

    ਚੰਦਨ ਦੇ ਰੁੱਖ ਲਾਵੀਂ ਪਰ ਸੱਪਾਂ ਤੋਂ ਬਚੀਂ,
    ਸੰਦਲ ਦੀ ਮਹਿਕ ਲਵੀਂ ਤੇ ਡੰਗਾਂ ਤੋਂ ਬਚੀਂ,
    ਹਿਰਦੇ ਵਿੱਚ ਦਰਦਾਂ ਲਈ ਘਰ ਬਣਾਈਂ,
    ਦਰਦਾਂ ਬਾਰੇ ਪਰ ਹਰੇਕ ਨੂੰ ਦੱਸਣੋਂ ਬਚੀਂ।

    ਲਿੱਪੀ ਪੋਚੀਂ ਤੇ ਵਿਹੜੇ ਨੂੰ ਸੰਵਾਰ ਕੇ ਰੱਖੀਂ,
    ਖੁਸ਼ੀ ਦੀ ਉਡੀਕ ‘ਚ ਸੀਨਾ ਸੰਵਾਰ ਰੱਖੀਂ,
    ਰਾਂਝਣੇ ਆਣ ਅਲਖ ਜਗਾਉਣੀ ਹੈ ਨਾਰੇ,
    ਦੀਵਾ ਬਾਲ਼ ਕੇ ਬਨੇਰੇ ਉੱਤੇ ਲਿਆ ਰੱਖੀਂ।

    ਸੂਹੇ ਸੂਟਾਂ ਨੂੰ ਚਾਵਾਂ ਸੰਗ ਪਹਿਨੀ ਤੇ ਰੱਖੀਂ,
    ਕੋਈ ਮੰਗੇ ਜੇ ਸ਼ਰੀਕ ਬਣ ਕੇ ਨਿਗ੍ਹਾ ਰੱਖੀਂ,
    ਕੌਣ ਲਾਉਂਦਾ ਅੱਗਾਂ ਤੇਰੀਆਂ ਖੁਸ਼ੀਆਂ ਨੂੰ,
    ਇੰਨ੍ਹਾਂ ਗੱਲਾਂ ਦਾ ਸਦਾ ਹੀ ਧਿਆਨ ਰੱਖੀਂ।

    ਕਾਗ਼ਜ਼ ਦੀ ਗੁੜੀਆ ਬਣ ਕੇ ਨਾ ਵਿੱਚਰੀਂ,
    ਲੂਣ ਦੀ ਡਲ਼ੀ ਬਣ ਕੇ ਖੁਰ ਵੀ ਨਾ ਜਾਈਂ,
    ਆਪਣੇ ਆਪੇ ਦੀ ਖੁਦ ਹੀ ਤੂੰ ਸੰਭਾਲ਼ ਰੱਖੀਂ,
    ਵੇਖੀਂ ਕਿਹੜੀ ਅੱਖ ਚੰਗੀ ਕਿਹੜੀ ਖਚਰੀ।

    ਤਿੱਖੀ ਸੋਚ ਸੰਗ ਸਮਝੀਂ ਤੇ ਕਨਸੋਆਂ ਰੱਖੀਂ,
    ਦੁੱਖ ਨੂੰ ਦੁੱਖ ਨਾ ਜਾਣੀਂ ਪਰ ਖੁਸ਼ਬੋਆਂ ਰੱਖੀਂ,
    ਮਾਂ ਦੀ ਛਿੰਦੀ ਪਿਓ ਦੀ ਲਾਡਲੀ ਸਦਾ ਰਹੀਂ,
    ਬਾਪ ਨੂੰ ਦੱਸੀੰ ਨਾਲ਼ੇ ਮਾਂ ਤੋਂ ਓਲ੍ਹਾ ਨਾ ਰੱਖੀਂ।

    ਸ਼ੀਤਲਤਾ ਨਾ ਛੱਡੀਂ ਅਪਣੀ ਮਸਤ ਤੂੰ ਰਹੀ,
    ਮਮਤਾ ਵਾਲ਼ਾ ਗਹਿਣਾ ਪਾ ਲਈਂ ਖੁਸ਼ ਰਹੀਂ,
    ਸੱਸ ਸਹੁਰੇ ਦੀ ਸੇਵਾ ਕਰੀਂ ਸਦਾ ਸੁੱਖ ਪਾਵੀਂ,
    ਵਕਤ ਕਿਵੇਂ ਹੋਵੇ ਤਦ ਵੀ ਤੂੰ ਬੱਸ ਖੁਸ਼ ਰਹੀਂ।

    ਮਾਂ ਦੀ ਹਰ ਸਮਝੌਤੀ ਸਮਝੀਂ ਤੇ ਰਾਜ਼ ਰੱਖੀਂ,
    ਭੁੱਲ ਜਾਵੀਂ ਮਾਪੇ ਘਰ ਵਿੱਚ ਜੀ ਲਾ ਕੇ ਰੱਖੀਂ,
    ਧੀਆਂ ਧੰਨ ਬਿਗਾਨਾ ਨਾਹੀਂ ਆਪਣਾ ਹੁੰਦਾ,
    ਅਪਣੇ ਕਰਮਾਂ ਤੇ ਬੀਬਾ ਸਦਾ ਭਰੋਸਾ ਰੱਖੀਂ।

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!