ਸਮਾਜ ਵਿੱਚ ਵਿਚਰਦਿਆਂ ਮਨੁੱਖ ਨੂੰ ਕਈ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ।ਸਮਾਜਿਕ ਵਿਵਸਥਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਬਹੁਤ ਮਹੱਤਵ ਹੈ।ਨੈਤਿਕ ਕਦਰਾਂ ਭਾਵ ਮਨੁੱਖੀ ਆਦਰ-ਵਿਹਾਰ ਜਾਂ ਸਲੀਕਾ।ਨੈਤਿਕ-ਕਦਰਾਂ ਦਾ ਪਾਲਣ ਕਰਨ ਵਾਲੇ ਨੂੰ ਸਮਾਜ ਵਿੱਚ ਚੰਗਾਂ ਸਮਝਿਆ ਜਾਂਦਾ ਹੈ।ਜਦ ਕੋਈ ਵਿਅਕਤੀ ਸਮਾਜ ਵਿੱਚ ਵਿਚਰਦਾ ਹੈ ਤਾਂ ਉਹ ਅਪਣੇ ਨਾਲ ਡਿਗਰੀਆਂ ਜਾਂ ਕਿਤਾਬਾਂ ਦਾ ਥੈਲਾ ਲੈ ਕੇ ਨਹੀਂ ਵਿਚਰਦਾ ਬਲਕਿ ਨੈਤਿਕ ਕਦਰਾਂ-ਕੀਮਤਾਂ ਨਾਲ ਵਿਚਰਦਾ ਹੈ।
“ਨੈਤਿਕਤਾ ਸਦਾਚਾਰਕ ਨਿਯਮਾਂ ਦਾ ਸਮੂੰਹ ਹੈ।ਇਹਨਾਂ ਨੂੰ ਇਨਸਾਨ ਆਪਣੀ ਮਰਜੀ ਨਾਲ ਮੰਨਦਾ ਹੈ।ਇਹਨਾਂ ਨਿਯਮਾਂ ਨੂੰ ਮੰਨਣ ਵਾਲੇ ਇਨਸਾਨਾਂ ਨਾਲ ਵਧੀਆ ਸਮਾਜ ਬਣਦਾ ਹੈ।ਇਹਨਾਂ ਨਿਯਮਾਂ ਵਿੱਚ ਸੱਚ ਨਾਲ ਖੜ੍ਹਨਾ,ਦੂਜਿਆ ਦੇ ਕੰਮ ਆਉਣਾ,ਇਮਾਨਦਾਰੀ,ਜਿੰਮੇਵਾਰੀ,ਦੇਸ਼ ਭਗਤੀ ਦੀ ਭਾਵਨਾ ਅਦਿ ਜਿਹੇ ਗੁਣ ਸ਼ਾਮਿਲ ਹਨ।”
ਹਰੇਕ ਇਨਸਾਨ ਨੂੰ ਸਮਾਜ ਵਿੱਚ ਰਹਿਣਾ ਪੈਂਦਾ ਹੈ।
ਸਮਾਜ ਵਿੱਚ ਰਹਿਣ ਦੇ ਲਈ ਦੋ ਅਸੂਲ ਹਨ ਕਿ ਉਹ ਅਨੁਸ਼ਾਸਨ ਵਿੱਚ ਰਹੇ ਅਤੇ ਬਾਕੀਆਂ ਨੂੰ ਮਿਲਵਰਤਨ ਦੇਵੇ।
-ਇਨਸਾਨ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ,ਪੁਲਿਸ ਰੱਖਦੀਆਂ ਹਨ,ਕਹਿਚਰੀਆਂ ਤੇ ਜ਼ੇਲ੍ਹਾਂ ਹਨ।
-ਆਪਸੀ ਮਿਲਵਰਤਨ ਦੇ ਲਈ ਸਰਕਾਰਾਂ ਨੇ ਕਾਨੂੰਨ ਨਹੀਂ ਬਣਾਏ,ਸਗੋਂ ਇਨਸਾਨ ਆਪਣੀ ਮਰਜ਼ੀ ਨਾਲ ਮਿਲਵਰਤਨ ਕਰਦਾ ਹੈ।ਇਸ ਚੰਗੇ ਵਰਤਾਰੇ ਨੂੰ ਨੈਤਿਕਤਾ ਆਖਦੇ ਹਨ।
ਪਹਿਲਾਂ ਨੈਤਿਕ ਸਿੱਖਿਆ ਸਾਂਝੇ ਪਰਿਵਾਰਾਂ ਵਿੱਚੋਂ ਸਕੂਲਾਂ ਵਿੱਚ ਗੈਰ ਰਸਮੀ ਢੰਗ ਨਾਲ ਅਧਿਆਪਕਾਂ ਪਾਸੋਂ ਅਤੇ ਸਮਾਜ ਦੇ ਸਿਆਣੇ ਵਿਆਕਤੀਆਂ ਕੋਲੋਂ ਮਿਲ ਜਾਂਦੀ ਸੀ।ਹੁਣ ਸਾਂਝੇ ਪਰਿਵਾਰ ਖ਼ਤਮ ਹੋ ਰਹੇ ਹਨ।ਅਧਿਆਪਕਾਂ ਪਾਸ ਸਿਲੇਬਸ ਪੜ੍ਹਾਉਣ ਤੋਂ ਵੱਧ ਸਮਾਂ ਨਹੀਂ ਹੈ ਤੇ ਸਮਾਜ ਦੇ ਵਿਆਕਤੀ ਕਿਸੇ ਦੀ ਲਾਈਫ਼ ਵਿੱਚ ਦਖ਼ਲ ਨਹੀਂ ਦਿੰਦੇ।ਸੋ ਇਸ ਲਈ ਸਕੂਲਾਂ ਵਿੱਚ ਨੈਤਿਕ ਸਿੱਖਿਆ ਪੜ੍ਹਾਉਣੀ ਜ਼ਰੂਰੀ ਹੈ।
ਨੈਤਿਕਤਾ ਦੀ ਘਾਟ ਕਾਰਨ ਸਾਡੇ ਸਮਾਜ ਵਿੱਚ ਸਮਾਜਕ ਬੁਰਾਈਆਂ ਦਾ ਪਸਾਰਾ ਦਿਨੋਂ ਦਿਨ ਵੱਧ ਰਿਹਾ ਹੈ ਜਿਵੇਂ ਕਿ ਕਤਲ-ਲੁੱਟਾਂ ਖੋਹਾਂ,ਡਾਕੇ,ਬਲਾਤਕਾਰ,ਭ੍ਰਿਸ਼ਟਾਚਾਰੀ,ਕੁਰੱਪਸ਼ਨ,ਸਾਈਬਰ ਕ੍ਰਾਈਮ ਆਦਿ ਅਜਿਹੇ ਸਮੇਂ ਤੇ ਮੁੱਖ ਲੋੜ ਹੈ ਕਿ ਸਿੱਖਿਆ ਦੇ ਬਾਕੀ ਵਿਸ਼ਿਆਂ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਈਆਂ ਜਾਣ।
ਸੋ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨੈਤਿਕ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਣ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਨੈਤਿਕ ਕਦਰਾਂ ਕੀਮਤਾਂ ਤੇ ਆਧਾਰਿਤ ਪੁਸਤਕਾਂ ਤਿਆਰ ਕੀਤੀਆਂ ਗਈਆ ਹਨ।ਇਸ ਵਿਸ਼ੇ ਨੂੰ ‘ਸਵਾਗਤ ਜ਼ੰਦਗੀ’ ਦਾ ਨਾਮ ਦਿੱਤਾ ਗਿਆ ਹੈ।
ਇਹ ਵਿਸ਼ਾ ਅਜੋਕੇ ਤੇਜ ਤਰਾਰ ਤੇ ਪਦਾਰਥਵਾਦੀ ਯੁੱਗ ਦੇ ਹਾਣੀ ਬਣਾਉਣ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਅਜਿਹੀ ਸਿੱਖਿਆ ਪ੍ਰਦਾਨ ਕਰੇਗਾ।ਜਿਸ ਨਾਲ ਉਹ ਖੇਡ-ਖੇਡ ਵਿਧੀ ਵਿੱਚ ਹੀ ਵੱਡਿਆਂ ਦਾ ਆਦਰ ਕਰਨਾ,ਛੋਟਿਆਂ ਨਾਲ ਪਿਆਰ ਕਰਨਾ,ਸਬਰ-ਸੰਤੋਖ,ਸਹਿਣਸ਼ੀਲਤਾ,ਨਿਮਰਤਾ,ਹਲੀਮੀ,ਮਿੱਠ ਬੋਲਣਾ,ਸੱਚ ਬੋਲਣਾ,ਦੇਸ਼ ਪ੍ਰੇਮ ਆਦਿ ਸਭ ਕੁਝ ਸਿਖਣਗੇ।ਸਵਾਗਤ ਜ਼ਿੰਦਗੀ ਵਿਸ਼ੇ ਨੂੰ ਪੜ੍ਹਕੇ ਵਿਦਿਆਰਥੀ ਆਪਣੇ ਹੁਨਰ ਨੂੰ ਪਛਾਨਣ ਦੇ ਕਾਬਿਲ ਹੋਣਗੇ,ਸਮਾਜ ਵਿੱਚ ਵਿਚਰਨਾ ਸਿੱਖਣਗੇ,ਚੰਗੇ ਬੁਰੇ ਦੀ ਪਰਖ ਕਰ ਸਕਣਗੇ,ਭਵਿੱਖ ਦੀਆਂ ਯੋਜਨਾਵਾਂ ਤਹਿ ਕਰ ਸਕਣਗੇ,ਹੱਥੀਂ ਕਿਰਤ ਕਰਨ ਨੂੰ ਪਹਿਲ ਦੇਣਗੇ,ਮਿਹਨਤੀ ਬਣਨਗੇ,ਚੰਗੇ ਫ਼ੈਸਲੇ ਲੈਣ ਦੇ ਯੋਗ ਹੋਣਗੇ,ਚੰਗੇ ਕੰਮਾਂ ਦਾ ਪੱਲਾ ਫੜ੍ਹਕੇ ਵਾਧੂ ਚਿੰਤਾਵਾਂ ਨੂੰ ਤਿਆਗਣ ਦੇ ਯੋਗ ਬਣਨਗੇ।
ਸੋ ਸਿੱਖਿਆ ਵਿਭਾਗ ਦੇ ਇਸ ਵਿਸ਼ੇਸ਼ ਉਪਰਾਲੇ ਨਾਲ ਸਰਕਾਰੀ ਸਕੂਲਾਂ ਵਿੱਚ ਨਵੀਂਆਂ ਉਮੀਦਾਂ ਜਾਗਣਗੀਆਂ
ਹਰਮੇਸ਼ ਕੌਰ ਯੋਧੇ
ਲੈਕਚਰਾਰ ਪੰਜਾਬੀ
ਸਟੇਟ ਐਵਾਰਡੀ
ਸ.ਸ.ਸ.ਸਕੂਲ,ਮੁੱਛਲ(ਅੰਮ੍ਰਿਤਸਰ)