4.4 C
United Kingdom
Saturday, March 7, 2026

More

    ਜਿਗਰਾ

    ਮਨਦੀਪ ਕੌਰ ਭੰਮਰਾ

    ਪੱਤੀ ਪੱਤੀ ਤੋੜਨ ਵਾਂਗ ਦਿਲ ਕਿਸੇ ਦਾ ਨਾ ਤੋੜੀਂ,
    ਕਲਾ ਦੀ ਕੀਮਤ ਜਾਣੀਂ ਤੂੰ ਪਾਣੀ ਵਿੱਚ ਨਾ ਰੋੜ੍ਹੀਂ,
    ਚਿਹਰੇ ਉੱਤੇ ਨੂਰ ਹੁੰਦਾ ਤੇ ਗ਼ਮ ਚਕਨਾਚੂਰ ਹੁੰਦਾ,
    ਭਰਮ ਇਹ ਬਣਿਆ ਰਹਿਣ ਦੇਵੀਂ ਐਂਵੇ ਨਾ ਫੋੜੀਂ।

    ਬੁਲਬੁਲ ਨੇ ਗੀਤ ਗਾਉਣੇ ਕੋਇਲਾਂ ਰਾਗ ਛੇੜਨੇ,
    ਸੰਗੀਤ ਨੇ ਘੁਲ਼ਣਾ ਰੂਹ ਅੰਦਰ ਜਦ ਖੂਹ ਗੇੜਨੇ,
    ਸੁਰਤ ਸੰਗ ਸੁਣੀਂ ਅਤੇ ਰੂਹ ਵਿੱਚ ਉਤਾਰ ਤੂੰ ਲਵੀਂ,
    ਹਾਲ਼ੀ ਨੇ ਹਲ਼ ਜੋੜਨਾ ਧਰਤ ‘ਚੋਂ ਪੱਥਰ ਉਖੇੜਨੇ।

    ਤਾਰਿਆਂ ਨੇ ਲਾਉਣੀ ਨੂਰਾਨੀ ਛਹਿਬਰ ਰਾਤਾਂ ਨੂੰ,
    ਤਰਸਦੇ ਕੰਨ ਹੁਣ ਰਹਿੰਦੇ ਦਾਦੀ ਦੀਆਂ ਬਾਤਾਂ ਨੂੰ,
    ਬੀਤੇ ਹੋਏ ਯੁੱਗ ਦੀ ਕਹਾਣੀ ਬਣ ਗਈ ਹੁਣ ਉਹ,
    ਲੱਭਣ ਕਿੱਥੋਂ ਲੋਕ ਹੁਣ ਅਤੀਤ ਦੀਆਂ ਸੌਗਾਤਾਂ ਨੂੰ।

    ਮਹਿਫ਼ਲ ਵਿੱਚ ਨਹੀਂ ਜਗਦੇ ਚਿਰਾਗ ਮੁੱਹਬਤ ਦੇ,
    ਜਗਦੇ ਨੇ ਦੀਵੇ ਸੰਗ ਦੀਵੇ ਬੱਸ ਚੰਗੀ ਸੁਹਬਤ ਦੇ,
    ਯੁੱਗਾਂ ਤੋਂ ਬਣਿਆ ਜੋ ਦਸਤੂਰ ਰੱਬਾ ਕਿਤੇ ਤੋੜੇਂਗਾ,
    ਕੁੱਝ ਲੋਕ ਵੱਸ ਰਹੇ ਨੇ ਯੁੱਗਾਂ ਤੋਂ ਵਿੱਚ ਗੁਰਬਤ ਦੇ।

    ਰਿਸ਼ਤੇ ਬਹੁਤ ਅਣਮੁੱਲੇ ਤੂੰ ਦਰੋਂ ਕਿਸੇ ਤੂੰ ਮੋੜੀਂ ਨਾ,
    ਜਾਣ ਲਵੀਂ ਵੱਡਿਆਂ ਕੋਲ਼ੋਂ ਦਿਲ ਕਿਸੇ ਦਾ ਤੋੜੀਂ ਨਾ,
    ਕੀਮਤ ਅਨਮੋਲ ਹੁੰਦੀ ਦੁਨੀਆਂ ਤੇ ਰਿਸ਼ਤਿਆਂ ਦੀ,
    ਜੁੜਨਾ ਨਾ ਚਾਹੇ ਜੇ ਕੋਈ ਰਿਸ਼ਤਾ ਤਾਂ ਤੂੰ ਜੋੜੀਂ ਨਾ।

    ਰੂਹਾਂ ਦੇ ਚਾਨਣਾਂ ਵਿੱਚ ਦੀਦਾਰ ਸੱਚੇ ਰੱਬ ਦਾ ਲੋਕੋ,
    ਰਿਸ਼ਤੇ ਨਾਲ਼ ਵਿਗਾੜਨ ਤੋਂ ਪਹਿਲਾਂ ਸੌ ਵਾਰ ਸੋਚੋ,
    ਵਿਗੜ ਜਾਵੇ ਜੇ ਇੱਕ ਵਾਰੀ ਫਿਰ ਮੁੜਕੇ ਨਾ ਦੇਖੋ,
    ਕੋਈ ਲੱਖ ਬੁਰਾ ਹੋਵੇ ਤੁਸੀਂ ਕਿਸੇ ਦਾ ਬੁਰਾ ਨਾ ਲੋਚੋ।

    ਇਹ ਮਾਣ ਤਾਣ ਦੀਆਂ ਗੱਲਾਂ ਹੁੰਦੀਆਂ ਦੁਵੱਲੀਆਂ,
    ਮਾਣ ਤਾਣ ਟੁੱਟੇ ਤਦ ਇਹ ਰਹਿ ਜਾਣ ਇੱਕਲੀਆਂ,
    ਨਿਭ੍ਹਦੀ ਨਹੀਂ ਕਦੇ ਰਿਸ਼ਤੇਦਾਰੀ ਸੂਝਬੂਝ ਤੋਂ ਬਿਨ,
    ਨਿਭ੍ਹਾਣ ਲਈ ਜਿਗਰਾ ਹੋਵੇ ਸੋਚਾਂ ਹੋਣ ਸਵੱਲੀਆਂ।

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!