9.6 C
United Kingdom
Monday, May 20, 2024

More

    ਹੱਡਬੀਤੀ- “ਸਾਡਾ ਅਕਬਰ”

    ਇੱਕ ਵਾਰੀ ਮੇਰੀ ਮਾਸੀ ਬੈਂਸ ਪਿੰਡ ਤੋਂ ਮਿਲਣ ਲਈ ਸਾਡੇ ਪਿੰਡ ਆਈ । ਗੱਲਾਂ ਕਰਦੀ – ਕਰਦੀ ਨੇ ਉਸਨੇ ਕਿਹਾ ਕਿ ਸਾਡੇ ਗੁਆਂਢ ਵਿੱਚ ਇੱਕ ਦੇਸੀ ਗਾਂ ਦਾ ਵੱਛਾ ਸਾਲ ਕੁ ਦਾ ਹੋ ਗਿਆ ।ਉਹ ਹੁਣ ਵੱਛੇ ਨੂੰ ਵੇਚਦੇ ਨੇ , ਤੁਸੀਂ ਲੈ ਲਵੋ । ਸਾਡਾ ਬਲ਼ਦ ਵੀ ਬੁੱਢਾ ਹੋ ਰਿਹਾ ਸੀ ।ਦੋ – ਤਿੰਨ ਸਾਲ ਤੱਕ ਸਾਨੂੰ ਬਲ਼ਦ ਦੀ ਲੋੜ ਪੈਣੀ ਸੀ । ਮੇਰੀ ਮਾਂ ਨੇ ਕਿਹਾ ਕਿ ਉਹ ਸੌਦਾ ਕਰ ਲਵੇ ।ਜੇ ਠੀਕ ਭਾਅ ਸਿਰ ਗੱਲ ਬਣਦੀ ਆ , ਤਾਂ ਨਿਆਣੇ ਜਾ ਕੇ ਲੈ ਆਉਣਗੇ ।
    ਹਫ਼ਤੇ ਕੁ ਬਾਅਦ ਮੈਂ ਅਤੇ ਮੇਰਾ ਵੱਡਾ ਭਰਾ ਜੋ ਮੇਰੇ ਤੋਂ ਪੰਜ ਸਾਲ ਵੱਡਾ ਸੀ , ਸਾਈਕਲ ਤੇ ਚਲੇ ਗਏ ਬੈਂਸਾਂ ਨੂੰ । ਮੇਰੀ ਉੱਮਰ ਉਦੋ ਸੱਤ ਕੁ ਸਾਲ ਸੀ । ਮੈਂ ਸਾਈਕਲ ਦੇ ਕੈਰੀਅਰ ਤੇ ਬੈਠ ਕੇ ਗਿਆ ਸੀ ।ਮੇਰੇ ਪਿਤਾ ਜੀ ਨੇ ਮੇਰੀ ਜੇਬ ਵਿੱਚ ਸੌ ਦਾ ਬੱਝਵਾਂ ਨੋਟ ਪਾ ਦਿੱਤਾ ਸੀ । ਪਹਿਲੀ ਵਾਰ ਐਡੀ ਰਕਮ ਮੇਰੇ ਕੋਲ਼ ਸੀ । ਮੈਂ ਸਾਰੇ ਰਾਹ ਆਪਣਾ ਇੱਕ ਹੱਥ ਆਪਣੇ ਝੱਗੇ ਦੀ ਜੇਬ ਤੇ ਰੱਖਿਆ ਸੀ , ਬਈ ਕਿੱਤੇ ਸੌ ਦਾ ਨੋਟ ਉੱਪਰ ਨੂੰ ਨਾ ਉੱਡ ਜਾਵੇ।
    ਬੈਂਸ ਪਿੰਡ ਦੀ ਵਾਟ ਸਾਡੇ ਪਿੰਡ ਤੋਂ ਛੇ ਕੁ ਕਿੱਲੋਮੀਟਰ ਸੀ । ਅਸੀਂ ਲੱਗਭੱਗ ਅੱਧੇ ਕੁ ਘੰਟੇ ਵਿੱਚ ਮਾਸੀ ਦੇ ਘਰ ਪਹੁੰਚ ਗਏ ।ਮਾਸੀ ਨੇ ਸਾਨੂੰ ਚਾਹ – ਪਾਣੀ ਪਿਲ਼ਾਇਆ । ਹਾਜ਼ਰੀ ਦੀ ਰੋਟੀ ਅਸੀਂ ਘਰੋਂ ਖਾ ਕੇ ਤੁਰੇ ਸੀ ।ਮਾਸੀ ਕਹਿੰਦੀ ਉਹ ਸੌ ਰੁਪਏ ਮੰਗਦੇ ਸੀ , ਮੈਂ ਪਜੱਤਰ ਰੁਪਏ ਵਿੱਚ ਗੱਲ ਮੁਕਾਈ ਆ। ਸਾਨੂੰ ਸੌਦਾ ਠੀਕ ਲੱਗਿਆ ।ਵੱਛੇ ਵਾਲ਼ਿਆਂ ਦੀ ਕੰਧ ਸਾਂਝੀ ਸੀ ਮੇਰੀ ਮਾਸੀ ਦੇ ਘਰ ਨਾਲ਼ । ਅਸੀਂ ਤਿੰਨੋਂ ਜਾਣੇ ਉਹਨਾਂ ਦੇ ਘਰ ਚਲੇ ਗਏ । ਵੱਛਾ ਵਿਹੜੇ ਵਿੱਚ ਹੀ ਬੰਨਿਆਂ ਹੋਇਆ ਸੀ । ਸਾਨੂੰ ਦੇਖ ਕੇ ਵੱਛੇ ਨੇ ਕੰਨ ਚੁੱਕ ਲਏ ।ਵੱਛਾ ਚੁਸਤ ਲੱਗਿਆ , ਪਹਿਲੀ ਤੱਕਣੀ ਵਿੱਚ ਵੱਛਾ ਸਾਡੇ ਪਸੰਦ ਆ ਗਿਆ ।ਮਾਸੀ ਨੇ ਮੈਥੋਂ ਸੌ ਰੁਪਏ ਦਾ ਨੋਟ ਫੜ ਕੇ ਉਹਨਾਂ ਦੇ ਬਜ਼ੁਰਗ ਨੂੰ ਫੜਾ ਦਿੱਤਾ ।ਬਜ਼ੁਰਗ ਅੰਦਰ ਗਿਆ ਅਤੇ ਪੇਟੀ ਵਿੱਚੋਂ ਤੀਹ ਰੁਪਏ ਲਿਆ ਕੇ ਸਾਨੂੰ ਵਾਪਿਸ ਕਰ ਦਿੱਤੇ ।ਮੇਰੇ ਭਰਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੱਚੀ ਰੁਪਈਏ ਆਪਾਂ ਨੂੰ ਵਾਪਿਸ ਮੁੜਨਗੇ ।ਪਰ ਤੀਹ ਰੁਪਈਏ ਬਜ਼ੁਰਗ ਦੇ ਰਿਹਾ ਸੀ ।ਮੈਨੂੰ ਹਿਸਾਬ ਵਿੱਚ ਗੜਬੜ ਲੱਗੀ।ਪਰ ਮਾਸੀ ਨੇ ਦੱਸਿਆ ਬਈ ਘਰੋਂ ਡੰਗਰ ਤੋਰਨ ਲੱਗੇ ਕੁਝ ਰਕਮ ਛੱਡ ਦਿੱਤੀ ਜਾਂਦੀ ਆ । ਮੈਨੂੰ ਇਹ ਦੁਨੀਆਂ ਦਾ ਦਸਤੂਰ ਚੰਗਾ ਲੱਗਿਆ ।ਬਜ਼ੁਰਗ ਨੇ ਵੱਛੇ ਦਾ ਰੱਸਾ ਖੋਲ ਕੇ ਮੇਰੇ ਭਰਾ ਦੀ ਬਜਾਏ ਮੈਨੂੰ ਫੜਾਉੰਦੇ ਕਿਹਾ , “
    ਲੈ ਬਈ ਕਾਕਾ ਅੱਜ ਤੋਂ ਇਹ ਵੱਛਾ ਤੇਰਾ , ਚੰਗੀ ਤਰ੍ਹਾਂ ਸੇਵਾ-ਸੰਭਾਲ਼
    ਕਰੀਂ ।”
    ਅਸੀਂ ਮਾਸੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਵੱਛਾ ਲੈ ਕੇ ਤੁਰ ਪਏ । ਪਰ ਛੇ ਕਿੱਲੋਮੀਟਰ ਦੀ ਵਾਟ ਕਿਵੇਂ ਮੁਕੂ ਤੁਰ ਕੇ, ਉੱਤੋਂ ਸੂਰਜ ਦੀ ਤਪਸ਼ ਵੱਧ ਰਹੀ ਸੀ । ਹਾੜ੍ਹੀ ਦੀ ਵਾਢੀ ਸ਼ੁਰੂ ਹੋ ਚੁੱਕੀ ਸੀ ।ਫੇਰ ਅਸੀਂ ਸਲਾਹ ਕੀਤੀ ਕਿ ਸਾਈਕਲ ਚਲਾ ਕੇ ਜਾਇਆ ਜਾਵੇ ।ਮੈਂ ਵੱਛੇ ਦਾ ਰੱਸਾ ਫੜ ਕੇ ਸਾਈਕਲ ਦੇ ਕੈਰੀਅਰ ਤੇ ਬੈਠ ਗਿਆ ਅਤੇ ਮੇਰਾ ਭਰਾ ਸਾਈਕਲ ਚਲਾਉਣ ਲੱਗ ਪਿਆ ।ਵੱਛਾ ਸਾਈਕਲ ਦੇ ਬਰਾਬਰ ਭੱਜਣ ਲੱਗ ਪਿਆ । ਸਾਨੂੰ ਚਾਅ ਚੜ੍ਹ ਗਿਆ ਬਈ ਸਾਡੀ ਸਕੀਮ ਕਾਮਯਾਬ ਹੋ ਗਈ ਸੀ ।ਮੇਰਾ ਭਰਾ ਸਾਈਕਲ ਹੋਰ ਭਜਾਂਉਦਾ ਤੇ ਵੱਛਾ ਹੋਰ ਤੇਜ ਭੱਜਦਾ ।ਬੈਂਸਾਂ ਤੋਂ ਇਯਾਲ਼ੀ ਕਲਾਂ ਤੱਕ ਦਾ ਡੇਢ ਕੁ ਕਿੱਲੋਮੀਟਰ ਦਾ ਸਫ਼ਰ ਪਲਾਂ ਵਿੱਚ ਹੀ ਨਿਬੜ ਗਿਆ । ਇਯਾਲ਼ੀ ਪਿੰਡ ਵੜਨ ਤੋਂ ਪਹਿਲਾਂ ਹੀ ਇਯਾਲ਼ੀ ਦਾ ਹਾਈ ਸਕੂਲ ਸੀ । ਵੱਛਾ ਉੱਥੇ ਕੁ ਆ ਕੇ ਹੌਲ਼ੀ ਹੋ ਗਿਆ। ਅਸੀਂ ਸਾਈਕਲ
    ਤੋਂ ਥੱਲੇ ਉੱਤਰ ਆਏ । ਵੱਛਾ ਤੁਰਨ ਤੋਂ ਜਵਾਬ ਦੇ ਰਿਹਾ ਸੀ ।ਅਸੀਂ ਸੋਚੀਏ ਬਈ ਇਯਾਲ਼ੀ ਪਿੰਡ ਦੇ ਘਰਾਂ ਨੂੰ ਦੇਖ ਕੇ ਵੱਛਾ ਡਰ ਰਿਹਾ ।ਵੱਛਾ ਛੋਟਾ ਸੀ , ਨੱਥ ਅਜੇ ਪਾਈ ਨੀ ਸੀ ਹੋਈ ।ਗਲ਼
    ਵਿੱਚ ਹੀ ਰੱਸਾ ਬੰਨਿਆਂ ਹੋਇਆ ਸੀ।ਫੇਰ ਵੱਛਾ ਬਿਲਕੁੱਲ ਖੜ ਗਿਆ ਪੈਰ ਜਮਾਂ ਕੇ । ਭਰਾ ਮੇਰਾ ਰੱਸਾ ਖਿੱਚੇ
    ਤੇ ਮੈਂ ਮਗਰੋ ਧੱਕਾ ਲਾਂਵਾ , ਪਰ ਵੱਛਾ ਪੈਰ ਨਾ ਪੁੱਟੇ ।ਜਦ ਨੂੰ ਵੱਛਾ ਇੱਕਦਮ ਧਰਤੀ ਤੇ ਬੈਠ ਗਿਆ । ਨਵੀਂ ਮੁਸੀਬਤ ਪੈ ਗਈ ਸੀ । ਹੁਣ ਕੀ ਕਰੀਏ , ਅਸੀਂ ਵੀ ਨਿਆਂਣੇ ਸੀ, ਕੋਈ ਤਜਰਬਾ ਨਹੀਂ ਸੀ , ਇਸ ਤਰ੍ਹਾਂ ਦੀ ਅਣਕਿਆਸੀ ਮੁਸੀਬਤ ਨਾਲ਼ ਨਿੱਜਠਣ ਦਾ ।ਸਾਰੇ ਹੀਲੇ ਵਰਤੇ ਪਰ ਵੱਛਾ ਨਾ ਉੱਠਿਆ ।ਫੇਰ ਪ੍ਰਮਾਤਮਾ ਵੱਲੋਂ ਪਤਾ ਨੀ ਕਿਵੇਂ ਮੈਨੂੰ ਸੋਝੀ ਆਈ ਕਿ ਮੈਂ ਵੱਛੇ ਦੇ ਕੰਨ ਵਿੱਚ ਕੂਕ ਮਾਰ ਦਿੱਤੀ। ਵੱਛਾ ਉੱਠ ਕੇ ਖੜ੍ਹਾ ਹੋ ਗਿਆ ।ਸਾਨੂੰ ਚਾਅ ਚੜ੍ਹ ਗਿਆ ਵਿਆਹ ਜਿੰਨਾਂ ।ਵੱਛਾ ਵੀਹ ਕੁ ਕਰਮਾਂ ਚੱਲਿਆ ਤੇ ਫੇਰ ਬੈਠ ਗਿਆ । ਮੈਂ ਫੇਰ ਉਸਦੇ ਕੰਨ ਵਿੱਚ ਕੂਕ ਮਾਰੀ , ਪਰ ਇਸ ਵਾਰੀ ਉਹ ਨਾ ਉੱਠਿਆ। ਮੈਂ ਦੁਬਾਰੇ ਕੂਕ ਮਾਰੀ ਉਹ ਫੇਰ ਨਾ ਉੱਠਿਆ । ਫਿਰ ਅਸੀਂ ਸਕੀਮ ਲਾਈ ਬਈ ਇਸਦੇ ਦੋਨੋਂ ਕੰਨਾਂ ਵਿੱਚ ਇਕੱਠੇ ਕੂਕ ਮਾਰਦੇ ਆਂ ।ਮੇਰੇ ਭਰਾ ਨੇ ਉਸਦਾ ਇੱਕ ਕੰਨ ਫੜ ਲਿਆ ਤੇ ਮੈਂ ਦੂਜਾ ਕੰਨ ਫੜ ਲਿਆ , ਅਸੀਂ ਕੱਠਿਆਂ ਨੇ ਕੂਕ ਮਾਰੀ ਤੇ ਵੱਛਾ ਖੜ੍ਹਾ ਹੋ ਗਿਆ ।ਸਾਡੀ ਸਕੀਮ ਕਾਮਯਾਬ ਹੋ ਗਈ ਸੀ ।
    ਪਰ ਵੀਹ ਕੁ ਕਰਮਾਂ ਚੱਲ ਕੇ ਵੱਛਾ ਫੇਰ ਬੈਠ ਗਿਆ ।ਇਸ ਤਰ੍ਹਾਂ ਕਰਦੇ -ਕਰਾਂਉਦੇ , ਖਿੱਚਦੇ-ਧੂੰਦੇ ਅਸੀਂ ਇਯਾਲ਼ੀ ਪਿੰਡ ਪਾਰ ਕਰ ਆਏ ।ਇਯਾਲ਼ੀ ਤੋਂ ਬਾਹਰ – ਬਾਰ ਸੂਏ ਕੋਲ਼ ਕਿੱਕਰਾਂ ਦੀ ਛਾਂਵੇ ਅਸੀਂ ਬੈਠ ਗਏ । ਸਾਹਮਣੇ ਸਾਡਾ ਪਿੰਡ ਥਰੀਕੇ ਦਿਸ ਰਿਹਾ ਸੀ , ਪਰ ਵਾਟ ਅਜੇ ਚਾਰ ਕਿੱਲੋਮੀਟਰ ਦੀ ਬਾਕੀ ਸੀ । ਹੁਣ ਕੀ ਕਰੀਏ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਜਦ ਨੂੰ ਕੁੜਤੇ- ਚਾਦਰੇ ਵਾਲ਼ਾ ਇੱਕ ਬਜ਼ੁਰਗ ਤੁਰਿਆ ਜਾਂਦਾ ਸਾਡੇ ਕੋਲ਼ ਖੜ ਗਿਆ ।
    “ ਕੀ ਗੱਲ ਹੋਈ ਬਈ ਮੱਲੋ !”
    ਅਸੀਂ ਉਸ ਬਾਬੇ ਨੂੰ ਸਾਰੀ ਗੱਲ ਦੱਸੀ।ਸਾਡਾ ਲਾਚਾਰਾਂ ਦਾ ਰੋਣ ਨਿਕਲਣ ਵਾਲ਼ਾ ਹੋਇਆ ਪਿਆ ਸੀ, ਕਿਉੰਕਿ ਪਹਿਲਾਂ ਅਸੀਂ ਹੱਸ-ਹੱਸ ਕੇ ਥੱਕ ਚੁੱਕੇ ਸੀ, ਜਦੋਂ ਅਸੀਂ ਕੂਕਾਂ ਮਾਰਕੇ ਵੱਛੇ ਨੂੰ ਉਠਾਲ਼ਦੇ ਸੀ ।
    ਉਹ ਬਜ਼ੁਰਗ ਕਹਿੰਦਾ ਤੁਸੀਂ ਪਿੰਡੋਂ ਜਾ ਕੇ ਰੇਹੜੀ ਲੈ ਕੇ ਆਉ , ਉਸ ਤੇ ਲੱਦ ਕੇ ਇਸਨੂੰ ਲੈ ਕੇ ਜਾਉ ।ਸਾਨੂੰ ਬਾਬੇ ਦੀ ਸਕੀਮ ਵਧੀਆ ਲੱਗੀ । ਮੇਰਾ ਭਰਾ ਸਾਈਕਲ ਤੇ ਗਿਆ ਪਿੰਡ ਨੂੰ ਰੇਹੜੀ ਲੈਣ । ਮੈਂ ਸਿੱਖਰ ਦੁਪਹਿਰੇ ਕੱਲਾ ਵੱਛੇ ਕੋਲ਼ ਬੈਠਾ ਡਰਾਂ ਬਈ ਕਿੱਤੇ ਵੱਛਾ ਉੱਠਕੇ ਭੱਜ ਨਾ ਜਾਵੇ ਕਿਸੇ ਪਾਸੇ ਨੂੰ । ਕਿੱਕਰ ਦਾ ਤਣਾਂ ਮੋਟਾ ਸੀ ਉਸਦੇ ਆਲ਼ੇ-ਦੁਆਲ਼ੇ ਵੀ ਰੱਸਾ ਨਹੀਂ ਸੀ ਲਪੇਟਿਆ ਜਾ ਸਕਦਾ । ਮੈਂ ਆਪਣੇ ਰਿਸਕ ਤੇ ਵੱਛੇ ਦਾ ਰੱਸਾ ਫੜ ਕੇ ਬੈਠ ਗਿਆ ਸੀ ।ਜੇ ਵੱਛਾ ਉੱਠ ਕੇ ਭੱਜਦਾ ਤਾਂ ਸੱਤ ਸਾਲ ਦਾ ਜਵਾਕ ਉਸਨੂੰ ਨਹੀਂ ਕਾਬੂ ਕਰ ਸਕਦਾ ਸੀ। ਸੱਤਰ ਰੁਪਈਆਂ ਦਾ ਡਰ ਸੀ ਤੇ ਘਰੋ ਝਿੜਕਾਂ ਪੈਣੀਆਂ ਸੀ ਹੋ ਸਕਦਾ ਦੋ- ਚਾਰ ਚਪੇੜਾਂ ਵੀ ਪੈਂਦੀਆਂ ਬਾਪੂ ਤੋਂ ।ਪਰ ਰੱਬ ਉਸ ਦਿਨ ਮੇਰੇ ਨਾਲ਼ ਸੀ, ਵੱਛਾ ਅਰਾਮ ਨਾਲ਼ ਬੈਠਾ ਰਿਹਾ ਤੇ ਮੈਂ ਵੀ ਉਸਦੀ ਹਰ ਹਰਕਤ ਨੋਟ ਕਰ ਰਿਹਾ ਸੀ ।ਅੱਖਾਂ ਝਮਕਣ ਤੋਂ ਸਿਵਾਏ ਉਸਨੇ ਨਾ ਕੋਈ ਲੱਤ ਹਿਲਾਈ ਤੇ ਨਾ ਪੂੰਛ ।
    ਅੱਧੇ ਕੁ ਘੰਟੇ ਬਾਅਦ ਭਰਾ ਪਿੰਡੋਂ ਰੇਹੜੀ ਲੈ ਕੇ ਆ ਗਿਆ ਇੱਕ ਬਲ਼ਦ ਵਾਲ਼ੀ ।ਅਸੀਂ ਵੱਛੇ ਨੂੰ ਉਠਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਨਾ ਉੱਠਿਆ। ਫੇਰ ਅਸੀਂ ਰੇਹੜੀ ਪਿੱਛੇ ਨੂੰ ਉਲਾਰ ਕਰਕੇ ਉਸਨੂੰ ਲੱਤਾਂ ਤੋਂ ਫੜ ਕੇ ਪਲਟੇ ਦੇ- ਦੇ ਕੇ ਰੇਹੜੀ ਤੇ ਲੱਦ ਲਿਆ ।
    ਅਸੀਂ ਜਿਵੇਂ ਉੱਸਨੂੰ ਲੱਦਿਆ ਸੀ ਉਵੇਂ ਹੀ ਘਰ ਆ ਕੇ ਰੇਹੜੀ ਤੋਂ ਲਾਹਿਆ ।ਉਸਨੇ ਘਰ ਆ ਕੇ ਕੁਝ ਨਾ ਖਾਧਾ , ਬੱਸ ਬੈਠੇ- ਬੈਠੇ ਨੇ ਪਾਣੀ ਪੀ ਲਿਆ । ਸਾਡੇ ਲਈ ਇਨ੍ਹੀ ਹੀ ਧਰਵਾਸ ਵਾਲ਼ੀ ਗੱਲ ਸੀ। ਉਹ ਅਗਲੇ ਦਿਨ ਵੀ ਨਾ ਉੱਠਿਆ । ਘਰ ਦੇ ਕਹਿਣ ਇਸ ਦੀਆਂ ਲੱਤਾਂ ਵਿੱਚ ਕੋਈ ਨੁਕਸ ਹੈ । ਅਸੀਂ ਕਹੀਏ ਬਈ ਇਹ ਤਾਂ ਸਾਈਕਲ ਦੇ ਬਰਾਬਰ ਭੱਜਦਾ ਆਇਆ । ਪਰ ਘਰਦਿਆਂ ਨੂੰ ਯਕੀਨ ਨਾ ਆਵੇ ।ਮੇਰੀ ਮਾਂ ਨੇ ਉਸਨੂੰ ਹੌਲ਼ੀ- ਹੌਲ਼ੀ ਚੂਰੀ ਖਾਣ ਲਾ ਲਿਆ । ਉਸ ਦੀਆਂ ਲੱਤਾਂ ਤੇ ਸਰੋੰ ਦੇ ਤੇਲ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਦਸ ਦਿਨ ਦੇ ਕਰੀਬ ਗੁਜ਼ਰ ਗਏ , ਪਰ ਵੱਛਾ ਉੱਠ ਕੇ ਖੜਾ ਨਾ ਹੋਇਆ । ਮੇਰੀ ਤਾਈ ਗੁਰਦੇਵ ਕੌਰ ਨੂੰ ਮਖੌਲ ਕਰਨ ਦੀ ਬਹੁਤ ਆਦਤ ਸੀ ।ਉਹ ਰੋਜ਼ ਸਾਡੇ ਘਰ ਆਂਉਦੀ। ਮੇਰੀ ਮਾਂ ਨੂੰ ਆ ਕੇ ਪੁੱਛਦੀ , “ ਕੁੜੇ ਕੁਲਵੰਤ, ਉੱਠਿਆ ਥੋਡਾ ਵੱਛਾ ਕੁ ਨਹੀਂ “ ਮੇਰੀ ਮਾਂ ਨੂੰ ਉਸ ਵੱਲੋਂ ਝੇਡ ਕਰਕੇ ਵੱਛੇ ਦੀ ਖਬਰ ਲੈਣਾ ਵਿਉ ਵਰਗਾ ਲੱਗਦਾ ।
    ਇੱਕ ਦਿਨ ਪਿੱਤਲ਼ ਦੀ ਥਾਲ਼ੀ ਵਿੱਚ ਚੂਰੀ ਪਾ ਕੇ ਮੇਰੀ ਮਾਂ ਨੇ ਵੱਛੇ ਮੂਹਰੇ ਰੱਖ ਦਿੱਤੀ , ਵੱਛਾ ਚੂਰੀ ਖਾਣ ਲੱਗ ਪਿਆ । ਮੇਰੀ ਮਾਂ ਉਸਦੀਆਂ ਲੱਤਾਂ ਘੁੱਟਣ ਲੱਗ ਪਈ ਤੇ ਮੈਂ ਉਸਦੀ ਢੂਹੀ ਤੇ ਹੱਥ ਫੇਰਨ ਲੱਗ ਪਿਆ। ਉੱਧਰੋਂ ਮੇਰੀ ਤਾਈ ਆ ਕੇ ਕਹਿੰਦੀ ,
    “ ਨੀ ਕੁਲਵੰਤ ਐਨੀ ਸੇਵਾ ਤਾਂ ਅਕਬਰ ਬਾਦਸ਼ਾਹ ਨੇ ਨੀ ਕਰਵਾਈ ਹੋਣੀ , ਜਿੰਨੀ ਤੁਸੀਂ ਇਹਦੀ ਕਰਦੇ ਉਂ “ ਤਾਈ ਨੂੰ ਪੂਰਾ ਯਕੀਨ ਸੀ ਕਿ ਵੱਛੇ ਦੀਆਂ ਲੱਤਾਂ ਨੂੰ ਹਵਾ ਲੱਗ ਗਈ ਤੇ ਇਸਨੇ ਹੁਣ ਕਦੇ ਵੀ ਤੁਰਨ ਜੋਗਾ ਨੀ ਹੋਣਾ ।ਉਸ ਦਿਨ ਤੋਂ ਵੱਛੇ ਦਾ ਨਾ “ ਅਕਬਰ “ ਪੈ ਗਿਆ ।ਤਾਈ ਨੇ ਹਰ ਰੋਜ਼ ਪੁੱਛਣਾ ਥੋਡਾ “ ਅਕਬਰ “ ਉਠਿਆ ਕੁ ਨਹੀਂ ।ਦਸ – ਪੰਦਰਾਂ ਦਿਨ ਲੰਘ ਗਏ ਪਰ ਵੱਛਾ ਨਾ ਉੱਠਿਆ ।ਸਾਨੂੰ ਵੀ ਫਿਕਰ ਹੋਣਾ ਸ਼ੁਰੂ ਹੋਇਆ । ਅਸੀ ਬਹੁਤ ਕੋਸ਼ਿਸ਼ ਕਰਦੇ ਉਸਨੂੰ ਚੁੱਕ ਕੇ ਖੜ੍ਹਾ ਕਰਨ ਦੀ ਪਰ ਉਹ ਬਿਲਕੁਲ ਵੀ ਲੱਤਾਂ ਸਿੱਧੀਆਂ ਨਾ ਕਰਦਾ ।ਫੇਰ ਇਕ ਦਿਨ ਅਚਾਨਕ ਕਰਿਸ਼ਮਾ ਹੋਇਆ ਉਸਨੂੰ ਪਿਆਸ ਲੱਗੀ । ਉਹ ਮੂਹਰਲੀਆਂ ਲੱਤਾਂ ਦੇ ਸਹਾਰੇ ਰੁੜ ਕੇ ਨਿਆਣਿਆਂ ਵਾਂਗੂ ਪਾਣੀ ਪੀਣ ਕੁੰਡ ਤੱਕ ਚਲਾ ਗਿਆ ।ਸਾਰਾ ਟੱਬਰ ਬਹੁਤ ਖੁਸ਼ ਹੋਇਆ । ਫੇਰ ਅਸੀਂ ਉਸਦੀ ਖ਼ੁਰਾਕ ਦੇਸੀ ਘਿਉ ਦੀ ਕੁੱਟੀ ਚੂਰੀ , ਉਸਤੋਂ ਥੋੜੀ ਦੂਰ ਰੱਖਦੇ ਤੇ ਉਹ ਰੁੜਕੇ ਉਸਨੂੰ ਖਾਣ ਜਾਂਦਾ । ਸਾਡੀ ਖ਼ੁਸ਼ੀ ਦੀ ਕੋਈ ਹੱਦ ਨਾ ਰਹਿੰਦੀ ।
    ਫੇਰ ਇੱਕ ਦਿਨ ਉਹ ਹੀ ਹੋਇਆ ਜਿਸਦੀ ਸੁੱਖਣਾ ਅਸੀਂ ਸਾਰੇ ਸੁੱਖਦੇ ਸੀ । ਲੱਗਭੱਗ ਦੋ ਕੁ ਮਹੀਨੇ ਬਾਅਦ “ ਅਕਬਰ “ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ ।ਮੜ੍ਹਕ ਨਾਲ਼ ਤੁਰਨ ਲੱਗਿਆ ਤੇ ਫੇਰ ਭੱਜਣ ਵੀ ਲੱਗ ਪਿਆ ।ਮੈਂ ਤੇ ਅਕਬਰ ਇਕੱਠੇ ਦੌੜਾਂ ਲਾਂਉਦੇ। ਪਹਿਲਾਂ ਪਿੰਡ ਵਿੱਚ ਤੇ ਫੇਰ ਅਸੀਂ ਖੂਹ ਵਾਲ਼ੀ ਪਹੀ ਤੇ ਜਾ ਕੇ ਦੌੜ ਲਾਂਉਦੇ । ਇਹ ਸਿਲਸਿਲਾ ਤਕਰੀਬਨ ਹਰ ਰੋਜ਼ ਦਾ ਹੀ ਹੁੰਦਾ ਸੀ ।ਇਸ ਤਰ੍ਹਾਂ ਦੌੜਾਂ ਲਾਂਉਦੇ – ਲਾਂਉਦੇ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮੈਂ ਕਾਲਜ ਦੇ ਟ੍ਰੈਕ ਤੇ ਗੋਲ਼ਡ ਮੈਡਲ ਜਿੱਤਣ ਲੱਗ ਪਿਆ । ਫੇਰ ਤਿੰਨ ਕੁ ਸਾਲ ਬਾਅਦ ਪੁਰਾਣਾ ਬਲ਼ਦ ਅਸੀਂ ਵੇਚ ਦਿੱਤਾ । ਅਕਬਰ ਨੇ ਦੂਜੇ ਤਾਏ ਕੇ ਬਲ਼ਦ ਨਾਲ਼ ਵਾਹ -ਵਹਾਈ ਦਾ ਸਾਰਾ ਕੰਮ ਸਾਂਭ ਲਿਆ ਸੀ । ਜ਼ਮੀਨ ਥੋੜੀ ਹੋਣ ਕਰਕੇ ਇੱਕ ਬਲ਼ਦ ਅਸੀਂ ਰੱਖਦੇ ਤੇ ਇੱਕ ਬਲ਼ਦ ਤਾਏ ਕਾ ਹੁੰਦਾ ।ਥ੍ਰੈਸ਼ਰ ਵੀ ਸਾਡੇ ਕੋਲ਼ ਸਾਂਝਾ ਸੀ ।ਜਦੋਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਵਹਾਈ ਕਰਕੇ ਹਟਦੇ ਤਾਂ ਦੂਜਾ ਬਲ਼ਦ ਥੱਕਿਆ- ਟੁਟਿਆ ਹੋਇਆ ਤੂਤਾਂ ਦੀ ਛਾਂਵੇ ਜਾ ਕੇ ਮਸਾਂ ਬੈਠਦਾ ਤੇ ਅਕਬਰ ਖੇਤ ਵਿੱਚ ਖੌਰੂ ਪਾ ਰਿਹਾ ਹੁੰਦਾ ।ਅਸੀਂ ਰੱਸਾ ਉਸਦੇ ਗਲ਼ ਦੁਅਲ਼ੇ ਲਵੇਟ ਦਿੰਦੇ ਤੇ ਉਹ ਰੱਜ ਕੇ ਪੰਦਰਾਂ-ਵੀਹ ਮਿੰਟ ਖੌਰੂ ਪਾਂਉਦਾ, ਪੂਰੀ ਮਿੱਟੀ ਉਡਾਉਂਦਾ ਤੇ ਫੇਰ ਤੂਤਾਂ ਦੀ ਛਾਂਵੇ ਆਂਉਦਾ ।ਪਿੰਡ ਦੇ ਲੋਕੀ ਸੂਏ ਤੇ ਠੋਕਰਾਂ ਭਜਾਂਉਦੇ ਤੇ ਗੱਜਣ ਸਿਉੰ ਮੇਰਾ ਤਾਇਆ ਉਸਨੂੰ ਲੈ ਜਾਂਦਾ ਭਜਾਉਣ ਲਈ । ਉਸਦੇ ਬਰਾਬਰ ਦਾ ਬਲ਼ਦ ਨਾ ਮਿਲ਼ਦਾ ਜੋ ਭੱਜ ਸਕੇ ਉਸਦੇ ਨਾਲ਼ । ਪੂੰਛ ਮਰੋੜ ਕੇ ਢੂਹੀ ਨਾਲ਼ ਲਾ ਲੈਂਦਾ ਤੇ ਉਸਦਾ ਰੱਸਾ ਖਿੱਚ ਕੇ ਰੱਖਣਾ ਪੈਂਦਾ ।ਜੇ ਕਿਸੇ ਦੀ ਰੇਹੜੀ ਕਿੱਤੇ ਫੱਸ ਜਾਣੀ ਤਾਂ ਅਕਬਰ ਨੂੰ ਲੈ ਕੇ ਜਾਂਦੇ ।ਜੇ ਕਿਸੇ ਨੇ ਅਕਬਰ ਨੂੰ ਵਾਹੀ ਕਰਨ ਲੈ ਜਾਣਾ ਤਾਂ ਸ਼ਾਮ ਨੂੰ ਆ ਕੇ ਕਹਿਣਾ ਬਈ ਦੱਸੋ ਕੀ ਲੈਣਾ ਵਹਿੜਕੇ ਦਾ , ਪਰ ਅਸੀਂ ਉਸਨੂੰ ਵੇਚਣ ਵਾਰੇ ਸੋਚ ਵੀ ਨਹੀਂ ਸੀ ਸਕਦੇ । ਪਿੰਡ ਵਿੱਚ ਕਈ ਵਾਰੀ ਗੱਡੀਆਂ ਵਾਲ਼ੇ ਆਂਉਦੇ । ਪਤਾ ਨਹੀਂ ਕਿਹੋ ਜਿਹੀ ਪਾਰਖੂ ਅੱਖ ਸੀ ਉਹਨਾਂ ਦੀ , ਬਾਹਰ ਕੀਲੇ ਤੇ ਖੜੇ ਨੂੰ ਦੇਖ ਕੇ ਹੀ ਘਰ ਅੰਦਰ ਆ ਕੇ ਪੁੱਛਦੇ , “ ਸਰਦਾਰਾ ! ਕੀ ਲੈਣਾ ਵਹਿੜਕੇ ਦਾ ?” ਮੇਰਾ ਪਿਤਾ ਜੀ ਜਵਾਬ ਦੇ ਦਿੰਦੇ ।
    “ ਸਰਦਾਰ ਜੀ ਤੁਸੀਂ ਇਸਦੀ ਕੀਮਤ ਮੰਗੋ ਤਾਂ ਸਹੀ, ਸੌ-ਦੋ ਸੌ ਵੱਧ ਫੜਾ ਕੇ ਜਾਵਾਂਗਾ ਥੋਡੇ ਹੱਥ ਵਿੱਚ ।”
    ਜਦ ਉਹ ਵਾਹਲ਼ਾ ਖੈੜੇ ਪੈਂਦੇ ਤਾਂ ਮੇਰੇ ਪਿਤਾ ਜੀ ਕਈ ਵਾਰੀ ਖਿੱਝ ਜਾਂਦੇ ।
    “ ਤੂੰ ਗਾਹਾਂ ਜਾਹ ਲੱਗਦਾ ਪੈਸਿਆਂ ਦਾ।” ਤੇ ਪਿਤ ਜੀ ਮੂੰਹ ਵਿੱਚ ਬੁੜ -ਬੜਾਂਉਦੇ -“ਸਾਲ਼ਾ ਮੇਰੇ ਪੁੱਤ ਦੀ ਬੋਲੀ ਲਾਂਉਦਾ ।“
    ਜੇ ਪਿੰਡ ਵਿੱਚ ਕਿਧਰੋਂ ਢੱਠਾ ਆ ਜਾਣਾ ਤਾਂ ਅਕਬਰ ਨੇ ਬੜ੍ਹਕ ਮਾਰਨੀ । ਢੱਠੇ ਨੇ ਕੀਲੇ ਤੇ ਬੰਨੇ ਅਕਬਰ ਨੂੰ ਟੱਕਰ ਮਾਰਨੀ । ਅਸੀਂ ਜਾ ਕੇ ਛਡਾਉਣੇ । ਅਕਬਰ ਨੇ ਫੂੰਕਾਰੇ ਮਾਰਨੇ , ਜਾਣੀ ਕਹਿ ਰਿਹਾ ਹੋਵੇ ਬਈ ਇੱਕ ਵਾਰੀ ਮੈਂਨੂੰ ਖੋਲ ਦੇਵੋ ਫੇਰ ਦੇਖਿਉ ਕਿਵੇਂ ਇੱਕੀਆਂ ਦੇ ਕੱਤੀ ਮੋੜਦਾਂ।
    ਰੇਲਵੇ ਲਾਈਨ ਵਾਲ਼ੇ ਪਾਸੇ ਉਦੋਂ ਰੇਤੇ ਦੇ ਵੱਡੇ-ਵੱਡੇ ਟਿੱਬੇ ਹੁੰਦੇ ਸਨ ।ਮੈਂ ਤੇ ਮੇਰੇ ਭਰਾ ਨੇ ਕੱਲੇ ਬਲ਼ਦ ਵਾਲ਼ੀ ਰੇਹੜੀ ਟੀਸੀ ਤੱਕ ਭਰ ਲੈਣੀ । ਰੇਹੜੀ ਉਲਾਰ ਹੋ ਜਾਣੀ , ਅਕਬਰ ਦੇ ਕੰਨ੍ਹੇ ਤੇ ਨਾ ਲੱਗਣੀ । ਉਸਨੇ ਮੂਹਰਲੀਆਂ ਲੱਤਾਂ ਮੋੜ ਕੇ ਗੋਡਿਆਂ ਭਾਰ ਹੋ ਜਾਣਾ ਤੇ ਰੇਹੜੀ ਪੱਕੇ ਰਸਤੇ ਤੱਕ ਪੱਟ ਲਿਆਉਣੀ ।
    ਹੌਲ਼ੀ-ਹੌਲ਼ੀ ਸਾਲ ਬੀਤਦੇ ਗਏ ।ਮੈਂ ਵੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਜੀ .ਐਨ .ਈ .ਕਾਲਜ ਵਿੱਚ ਸਿਵਿਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲੱਗਿਆ। ਅਕਬਰ ਵੀ ਸਮੇਂ ਨਾਲ਼ ਬੁੱਢਾ ਹੋ ਚਲਿਆ ਸੀ । ਸਵੇਰ ਵੇਲ਼ੇ ਉਸਨੂੰ ਉੱਠਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਸੀ ।ਵਾਹੀ ਦਾ ਕੰਮ ਟਰੈਕਟਰ ਕਰਨ ਲੱਗੇ ਸੀ । ਅਕਬਰ ਸਿਰਫ ਪੱਠੇ ਲਿਆਉਣ ਲਈ ਸੀ ।ਉਸਦੇ ਜ਼ਿੰਦਗੀ ਦੇ ਮਸਾਂ ਦੋ- ਚਾਰ ਕੁ ਸਾਲ ਹੋਰ ਬੱਚਦੇ ਸੀ ।ਉਸਨੇ ਸਾਰੀ ਉੱਮਰ ਇੰਨਾਂ ਕੰਮ ਕੀਤਾ ਸੀ , ਹੁਣ ਸਾਡਾ ਸਮਾਂ ਸੀ ਉਸਦੀ ਸੇਵਾ ਕਰਨ ਦਾ ।
    ਇੱਕ ਦਿਨ ਮੈਂ ਕਾਲਜ ਤੋਂ ਘਰ ਆਇਆ ਤਾਂ ਮੇਰੀ ਮਾਂ ਨੇ ਦੱਸਿਆ ਕੇ ਅਕਬਰ ਵੇਚ ਆਂਦਾ ਤੇਰੇ ਭਰਾ ਨੇ ।ਮੈਨੂੰ ਬਹੁਤ ਦੁੱਖ ਹੋਇਆ ।ਭਰਾ ਨੂੰ ਪੁੱਛਿਆ ਉਹ ਕਹਿੰਦਾ “ਹੁਣ ਕੀ ਕਰਾਉਣਾ ਸੀ ਉਸ ਤੋਂ ,ਜਗਰਾਂਵੀ ਮੰਡੀ ਜਾ ਕੇ ਮੈਂ ਤਿੰਨ ਹਜ਼ਾਰ ਮੰਗਿਆ ਤੇ ਸਾਹਮਣੇ ਵਾਲ਼ੇ ਵਿਉਪਾਰੀ ਨੇ ਝੱਟ ਤਿੰਨ ਹਜ਼ਾਰ ਮੈਨੂੰ ਫੜਾ ਦਿੱਤੇ । ਪੰਜ ਮਿੰਟ ਵਿੱਚ ਸੌਦਾ ਹੋਇਆ ਤੇ ਦੋ ਘੰਟੇ ਵਿੱਚ ਮੈਂ ਪਿੰਡ ਆ ਗਿਆ ।”
    ਮੈਂ ਗੱਜਣ ਸਿਉਂ ਤਾਏ ਨੂੰ ਦੱਸਿਆ ਕੇ ਅਸੀਂ ਅਕਬਰ ਵੇਚ ਆਂਦਾ ।ਤਾਏ ਨੇ ਹੈਰਾਨੀ ਅਤੇ ਗੁੱਸੇ ਨਾਲ਼ ਕਿਹਾ , “ ਲੋੜ੍ਹਾ ਆ ਗਿਆ ! ਸ਼ਰਮ ਨੀ ਆਈ ਥੋਨੂੰ ! ਸਾਰੀ ਉੱਮਰ ਗਊ ਦੇ ਜਾਏ ਦੀ ਕਮਾਈ ਖਾ ਕੇ , ਹੁਣ ਕਸਾਈਆਂ ਨੂੰ ਦੇ ਆਏ ਵੱਢਣ ਵਾਸਤੇ । “
    ਮੈਨੂੰ ਤਾਏ ਦੀ ਗੱਲ ਸਮਝ ਨਾ ਲੱਗੀ । “ ਤਾਇਆ , ਕਸਾਈ ਕਾਸਤੇ ਵੱਢਣਗੇ ਅਕਬਰ ਨੂੰ ? “
    “ ਪੁੱਤ ਬੁੱਢੇ ਬਲ਼ਦਾਂ ਨੂੰ ਯੂ.ਪੀ. ਲਿਜਾ ਕੇ ਵੇਚਿਆ ਜਾਂਦਾ, ਤੇ ਫੇਰ ਇੰਨਾਂ ਦਾ ਮੀਟ ਵਿੱਕਦਾ ।”
    ਤਾਏ ਦੀ ਗੱਲ ਸੁਣਕੇ ਮੇਰੇ ਪੈਰਾਂ ਥੱਲਿਉਂ ਜ਼ਮੀਨ ਨਿਕਲ਼ ਗਈ । ਮੈਨੂੰ ਜਾਪੇ ਜਿਵੇਂ ਮੈ ਹੀ ਅਕਬਰ ਦਾ ਗਲ਼ ਵੱਢਿਆ ਹੋਵੇ ।ਜੇ ਮੈਨੂੰ ਪਤਾ ਹੁੰਦਾ ਕਿ ਅਕਬਰ ਨੂੰ ਵੇਚਣਾ ਤਾਂ ਘੱਟੋ-ਘੱਟ ਇਕ ਵਾਰੀ ਉਸਦੇ ਗਲ਼ ਨੂੰ ਘੁੱਟ ਕੇ ਜੱਫੀ ਤਾਂ ਜਰੂਰ ਪਾ ਲੈਂਦਾ । ਤੇ ਜੇ ਪਤਾ ਹੁੰਦਾ ਕਿ ਉਸਨੂੰ ਵੱਢਣ ਵਾਲ਼ੇ ਲੈ ਕੇ ਜਾਣਗੇ ਤਾਂ ਕਦੇ ਵੀ ਨਾ ਵੇਚਣ ਦਿੰਦਾ ਭਾਂਵੇ ਧਰਤੀ ਥੱਲੇ ਦੀ ਉੱਤੇ ਕਿਉਂ ਨਾ ਕਰਨੀ ਪੈ ਜਾਂਦੀ ।
    ਨਹੀਓ ਭੁੱਲਣਾ ਵਿਛੋੜਾ ਮੈਨੂੰ ਤੇਰਾ ,ਸਾਰੇ ਦੁੱਖ ਭੁੱਲ ਜਾਣਗੇ – – –
    ਹਰਦੀਪ ਸਿੰਘ ਗਰੇਵਾਲ਼ “ ਥਰੀਕੇ “
    +1-778-712-2019

    PUNJ DARYA

    Leave a Reply

    Latest Posts

    error: Content is protected !!