ਅਸ਼ੋਕ ਵਰਮਾ
ਬਠਿੰਡਾ, 26 ਜੂਨ। ਆਮ ਆਦਮੀ ਪਾਰਟੀ ਪੰਜਾਬ ਦੇ ਪਧਾਨ ਭਗਵੰਤ ਮਾਨ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸ ਸੰਘੀ ਢਾਂਚੇ ਅਤੇ ਖੇਤੀ ਲਈ ਖਤਰਾ ਹੈ। ਉਨਾਂ ਆਖਿਆ ਕਿ ਅਕਾਲੀ ਦਲ ਕਿਸਾਨਾਂ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਹੈ ਪਰ ਇਸ ਵੇਲੇ ਕਿਸਾਨੀ ਖਤਰੇ ’ਚ ਹੋਣ ਦੇ ਬਾਵਜੂਦ ਦੋਗਲੀ ਨੀਤੀ ਅਪਣਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਹਮਾਇਤੀ ਹੁੰਦੇ ਤਾਂ ਹੁਣ ਤੱਕ ਹਰਸਿਮਰਤ ਕੌਰ ਨੂੰ ਅਸਤੀਫਾ ਦੇਣਾ ਚਾਹੀਦਾ ਸੀ। ਉਨਾਂ ਕਿਹਾ ਕਿ ਰਾਜਾਂ ਦੇ ਅਧਿਕਾਰਾਂ ਦਾ ਸਭ ਤੋਂ ਵੱਡਾ ਮੁਦਈ ਅਕਾਲੀ ਦਲ ਸੀ ਪਰ ਹੁਣ ਅਧਿਕਾਰ ਖੋਹਣ ਦੇ ਮਾਮਲੇ ’ਚ ਸ਼ਾਮਲ ਹੋ ਗਿਆ ਹੈ। ਇਸ ਲਈ ਕਿਸਾਨਾਂ ਦੇ ਖਿਲਾਫ ਅਤੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਨ ਕਰਕੇ ਪਾਰਟੀ ਵੱਲੋਂ ਸੂਬੇ ’ਚ ਸੁਖਬੀਰ ਬਾਦਲ ਦੇ ਪੁਤਲੇ ਫੂਕੇ ਜਾਣਗੇ। ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨਾਲ ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਖੇਤੀ ਆਰਡੀਨੈਂਸਾਂ ਦੇ ਮਾਮਲੇ ਤੇ ਹੋਈ ਆਲ ਪਾਰਟੀ ਮੀਟਿੰਗ ਸਬੰਧੀ ਤੱਥ ਰੱਖੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ।
ਉਨਾਂ ਆਖਿਆ ਕਿ ਉਹ ਖੇਤੀ ਆਰਡੀਨੈਂਸਾਂ ਦੇ ਮਾਮਲੇ ’ਚ ਪ੍ਰਾਈਵੇਟ ਬਿੱਲ ਲਿਆਉਣਗੇ। ਜੇਕਰ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦਾ ਮੁਦਈ ਹੈ ਤਾਂ ਇਸ ਬਿੱਲ ਦੀ ਹਮਾਇਤ ਕਰਨੀ ਚਾਹਦੀ ਹੈ। ਉਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਆਰਡੀਨੈਂਸਾਂ ਖਿਲਾਫ ਉਸ ਤਰਾਂ ਮਤਾ ਪਾਸ ਕਰਨ ਦੀ ਮੰਗ ਕੀਤੀ ਜਿਸ ਤਰਾਂ ਪਾਣੀ ਆਦਿ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪਾਸ ਕੀਤਾ ਸੀ। ਉਨਾਂ ਕਿਹਾ ਕਿ ਅਸਲ ’ਚ ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਹਿੱਤ ਪਿਆਰੇ ਨਹੀਂ ਬਲਕਿ ਉਨਾਂ ਨੂੰ ਸਿਰਫ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਪਿਆਰੀ ਹੈ। ਉਨਾਂ ਦੱਸਿਆ ਕਿ ਮੀਟਿੰਗ ’ਚ ਸ੍ਰੀ ਬਾਦਲ ਆਰਡੀਨੈਂਸਾਂ ਦੇ ਫਾਇਦੇ ਗਿਣਾ ਰਹੇ ਸਨ ਜਦੋਂਕਿ ਬਾਕੀਆਂ ਨੇ ਨੁਕਸਾਨਾਂ ਬਾਰੇ ਗੱਲ ਕੀਤੀ ਹੈ। ਉਨਾਂ ਆਖਿਆ ਕਿ ਖੇਤੀ ਨਾਲ ਸਬੰਧਤ ਮਾਮਲਿਆਂ ਨੂੰ ਲੈਕੇ ਸੰਸਦ ਬੁਲਾਉਣੀ ਚਾਹੀਦੀ ਸੀ ਪਰ ਅਜਿਹੀ ਕਿਹੜੀ ਸਮੱਸਿਆ ਸੀ ਕਿ ਤਿੰਨ ਤਿੰਨ ਆਰਡੀਨੈਂਸ ਜਾਰੀ ਕਰਨੇ ਪਏ ਹਨ। ਉਨਾਂ ਸ੍ਰੀ ਬਾਦਲ ਤੇ ਦੋਹਰੀ ਨੀਤੀ ਅਪਨਾਉਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਜਦੋਂ ਇਹ ਆਰਡੀਨੈਂਸ ਲਿਆਂਦੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹਦਾ ਸੀ।
ਉਨਾਂ ਕਿਹਾ ਕਿ ਬਾਦਲ ਪ੍ਰੀਵਾਰ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ਪਰ ਸਿਰਫ ਕੁਰਸੀ ਲਈ। ਉਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖਤਰਾ ਕਰਾਰ ਦੇਣ ਵਾਲੇ ਆਰਡੀਨੈਂਸਾਂ ਨਾਲ ਕਿਸਾਨਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਣ ਲਈ ਆਮ ਆਦਮੀ ਪਾਰਟੀ ਨੇ ਸੜਕਾਂ ਤੇ ਜਾਣ ਦਾ ਫੈਸਲਾ ਲਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਪੁਤਲੇ ਸਾੜੋ ਮੁਹਿੰਮ ਦੌਰਾਨ ਕੇਂਦਰ ਸਰਕਾਰ ਦੇ ਇਸ ਕਿਸਾਨ ਵਿਰੋਧੀ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਭਾਈਵਾਲ ਵਜੋਂ ਬੇਪਰਦ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਆਰਡੀਨੈਂਸ ਰੱਦ ਨਾਂ ਕੀਤੇ ਗਏ ਤਾਂ ਕਿਸਾਨ ਧਨਾਂਢ ਕੰਪਨੀਆਂ ਦੇ ਰਹਿਮੋ ਕਰਮ ਤੇ ਰਹਿ ਜਾਣਗੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਉੱਤਰਖੰਡ ਵਿਚਲੇ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਐਲਾਨ ਕੀਤਾ ਕਿ ਇਸ ਮਸਲੇ ਨੂੰ ਸ੍ਰੀ ਮਾਨ ਸੰਸਦ ’ਚ ਅਤੇ ਪਾਰਟੀ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚ ਉਠਾਇਆ ਜਾਏਗਾ। ਇਸ ਮੌਕੇ ਆਪ ਪੰਜਾਬ ਦੇ ਬੁਲਾਰੇ ਨੀਲ ਗਰਗ, ਅੰਮਿਤ ਲਾਲ ਅਗਰਵਾਲ ਅਤੇ ਜਿਲਾ ਪ੍ਰਧਾਨ ਨਵਦੀਪ ਜੀਦਾ ਆਦ ਆਗੂ ਹਾਜਰ ਸਨ।