3.5 C
United Kingdom
Sunday, March 8, 2026

More

    ਜਿੱਤਣਾ/ਕਾਵਿ

    ਮਨਦੀਪ ਕੌਰ ਭੰਮਰਾ

    ਜੰਗਲ਼ੀ ਰਸਤੇ ਛੱਡ ਕੇ ਨਵੀਂ ਸੜਕ ਉੱਤੇ ਤੁਰਨਾ,
    ਬੇਮਤਲਬ ਝੁਕਣਾ ਛੱਡ ਕੇ ਤੇ ਮੜਕ ਸੰਗ ਤੁਰਨਾ,
    ਬਣਾ ਲਿਆ ਅਸੀਂ ਹੁਣ ਤਕਦੀਰ ਦਾ ਹਿੱਸਾ ਇਹ,
    ਛੱਡ ਕੇ ਸਭ ਨਿਗੂਣੇ ਰਸਤੇ ਅਣਖ ਨਾਲ਼ ਤੁਰਨਾ।

    ਜਿੰਦਗੀ ਅਸਾਨੂੰ ਨਾ ਰਾਸ ਆਈ ਅਸਾਂ ਦੇਖਿਆ,
    ਜਿਉਣ ਦਾ ਵੱਲ ਨਾ ਆਇਆ ਜਿਉਂ ਕੇ ਦੇਖਿਆ,
    ਭੁਲੇਖਾ ਖਾ ਗਏ ਜਿਉਣ ਦਾ ਪਰ ਇਹ ਮੌਤ ਸੀ,
    ਪੈਰ ਪੈਰ ‘ਤੇ ਜ਼ਿੰਦਗੀ ਨੇ ਅਸਾਨੂੰ ਹੈ ਪਰਖਿਆ।

    ਜ਼ਿੰਦਾ ਹੋਏ ਮੁੜ ਨਾ ਮਰਮਰ ਕੇ ਜਿਉਣ ਦੇ ਲਈ,
    ਸਹਾਰਦੇ ਰਹੇ ਉਮਰ ਭਰ ਸੀਨੇ ‘ਤੇ ਖੰਜਰ ਕਈ,
    ਕਿੰਝ ਕੱਢਣਾ ਖੰਜਰ ਜਿਉਣਾ ਕੀਕਣ ਸੋਚਦੇ ਰਹੇ,
    ਰਸਤੇ ਕਿਹੜੇ ਸਨ ਗ਼ਲਤ ਅਤੇ ਕਿਹੜਾ ਹੈ ਸਹੀ!

    ਬਚਪਨ ਮਾਸੂਮ ਹੁੰਦਾ, ਹੁੰਦੇ ਨੇ ਹਾਸੇ ਤੇ ਮੁਸਕਾਣ
    ਜਵਾਨੀ ਹੁੰਦੀ ਅਨਭੋਲ਼, ਨਾਦਾਨ ਅਤੇ ਅਣਜਾਣ,
    ਇਹੋ ਹੀ ਸਮਾਂ ਹੁੰਦਾ ਸਹੀ ਸੇਧ ਲੈਣ ਤੇ ਦੇਣ ਲਈ,
    ਸੰਭਲ਼ ਜਾਵੇ ਸਮੇਂ ਸਿਰ ਸਿੱਖੇ ਜੇ ਹੁਨਰ ਇਨਸਾਨ!

    ਬੜੀ ਬੇਲਿਹਾਜ ਹੁੰਦੀ ਹੈ ਜ਼ਿੰਦਗੀ ਜੀ ਜਾਣ ਲੈਣਾ,
    ਕਰਨਾ ਗਿਲਾ ਕਿਸੇ ਤੇ ਕੀ,ਕੀ ਇਮਤਿਹਾਨ ਲੈਣਾ,
    ਅਸੂਲ ਹੁੰਦੇ ਕੁੱਝ ਅਜਿਹੇ ਮੰਨਣੇ ਹੀ ਪੈਂਦੇ ਨੇ ਸਾਨੂੰ,
    ਰਾਹੀ ਤੁਰਨਾ ਹੁੰਦਾ,ਹੁੰਦਾ ਉਸਨੇ ਰਾਹ ਮੁਕਾਉਣਾ।

    ਜ਼ਿੰਦਗੀ ਦੇ ਅਮਲ ਖਾਤਰ ਜੀ ਇਰਾਦਾ ਧਾਰਨਾ,
    ਉੱਦਮ ਤੇ ਹਿੰਮਤ ਨਾਲ਼ ਹੁੰਦਾ ਜੀਵਨ ਗੁਜ਼ਾਰਨਾ,
    ਬੜੀ ਸੂਝਬੂਝ ਸੰਗ ਜ਼ਿੰਦਗੀ ਦੇ ਫ਼ੈਸਲੇ ਲੈਣੇ ਹੁੰਦੇ,
    ਹਾਰ ਜਾਵੇਂ ਤਾਂ ਬੜਾ ਕੁੱਝ ਪੈ ਸਕਦਾ ਹੈ ਸਹਾਰਨਾ।

    ਜਿੱਤਣਾ ਹੋਵੇ ਤਾਂ ਹਾਰਨ ਤੋਂ ਨਾ ਕਦੇ ਘਬਰਾਉਣਾ,
    ਹੌਸਲੇ ਨਾਲ਼ ਹਾਰ ਪਰਵਾਨ ਕਰਨੀ ਫਿਰ ਜੁੱਟਣਾ,
    ਤਕਦੀਰ ਦੇ ਪਰੋਲ਼ੇ ਨੂੰ ਫਿਰ ਵਿਉਂਤ ਸੰਗ ਸਿਉਣਾ,
    ਸਿੱਖ ਲਵੀਂ ਮੇਰੇ ਬੱਚਿਆ ਹਰ ਰੰਗ ਵਿੱਚ ਜਿਉਣਾ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!