15.3 C
United Kingdom
Monday, June 22, 2026

More

    ਵਿੱਤ ਮੰਤਰੀ ਦਾ ਦਫਤਰ ਘੇਰਨ ਜਾ ਰਹੇ ਆਪ ਵਰਕਰਾਂ ਤੇ ਪੁਲਿਸ ’ਚ ਖਿੱਚ ਧੂਹ

    ਅਸ਼ੋਕ ਵਰਮਾ
    ਬਠਿੰੰਡਾ,24ਜੂਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਪੁਲਿਸ ਵਿਚਕਾਰ ਕਾਫੀ ਖਿੱਚਧੂਹ ਹੋਈ। ਲੰਮਾਂ ਸਮਾਂ ਤਕਮਰਾਰ ਤੋਂ ਬਾਅਦ ਵਲੰਟੀਅਰਾਂ ਨੇ ਆਪਣਾ ਸ਼ਘਰਸ਼ ਸਮਾਪਤ ਕਰ ਦਿੱਤਾ ਤਾਂ ਪੁਲਿਸ ਨੇ ਸੁੱਖ ਦਾ ਸਾਹ  ਲਿਆ। ਅੱਜ ਇਸ ਘਿਰਾਓ  ਦੇ ਮੱਦੇਨਜ਼ਰ ਜਿਲਾ ਪੁਲਿਸ ਨੇ ਸ਼ਹਿਰ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ ਪੁਲਿਸ ਨੇ ਦਫਤਰ ਅਤੇ ਧਰਨੇ ਵਾਲੀ ਥਾਂ ਨੂੰ ਜਾਣ ਵਾਲੇ ਰਸਤਿਆਂ ਤੇ ਵੱਡੇ ਬੈਰੀਕੇਡ ਲਾਕੇ ਸੀਲ ਕੀਤਾ ਹੋਇਆ ਸੀ। ਪਤਾ ਲੱਗਿਆ ਹੈ ਕਿ ਬਠਿੰਡਾ ਵਿਚ ਅੱਜ ਕਈ ਜ਼ਿਲਿਆਂ ਦੀ ਪੁਲੀਸ ਪੁੱਜੀ ਹੋਈ ਸੀ। ਜਿਲਾ ਪੁਲਿਸ ਦੇ ਸੀਆਈਡੀ ਵਿੰਗ ਦੇ ਮੁਲਾਜਮਾਂ ਵੱਲੋਂ ਵੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਦਾ ਵੱਡਾ ਪ੍ਰਬੰਧ ਸ਼ਹਿਰ ਦੀ ਏਸੀ ਮਾਰਕੀਟ ਕੋਲ ਕੀਤਾ ਗਿਆ ਸੀ। ਇਸ ਥਾਂ ਤੇ ਪੁਲਿਸ ਨੇ ਦੰਗਾ ਰੋਕੂ ਵਾਹਨ ਅਤੇ ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਸਨ।  ਕਿਸੇ ਵੱਡੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਕਮਾਂਡੋ ਦਸਤਿਆਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਸੀ। ਹਾਲਾਂਕਿ ਪੁਲਿਸ ਪ੍ਰਬੰਧਾਂ ਕਾਰਨ ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਪੁਲਿਸ ਨੇ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੱਤਾ।    
                             ‘ਪੰਜ ਦਰਿਆ’ ਨੇ ਮੌਕੇ ਤੇ ਜਾਕੇ ਜਾਇਜਾ ਲਿਆ ਤਾਂ ਪੁਲਿਸ ਅਧਿਕਾਰੀ ਹਰ ਆਉਣ ਜਾਣ ਵਾਲੇ ਨੂੰ ਦਫਤਰ ਤਰਫ ਜਾਣ ਨਹੀਂ ਦੇ ਰਹੇ ਸਨ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਸਖਤ ਹੁਕਮ ਚੌਕਸੀ ਰੱਖਣ ਦੇ ਹੁਕਮ ਦਿੱਤੇ ਗਏ ਸਨ। ਪੰਜਾਬ ਪੁਲੀਸ ਅੱਜ ਸਖਤ ਘੇਰਾਬੰਦੀ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਇਕੱਠ ਨੂੰ ਵਿੱਤ ਮੰਤਰੀ ਦੇ ਦਫਤਰ ਤੱਕ ਜਾਣ ਤੋਂ ਠੱਲਣ ਵਿਚ ਸਫਲ ਰਹੀ ਪਰ ਪਾਰਟੀ ਵਰਕਰਾਂ  ਨੇ ਬਠਿੰਡਾ ਵਿਚ ਸੜਕਾਂ ਤੇ ਉੱਤਰ ਕੇ ਥਰਮਲ ਬੰਦ ਕਰਨ ਤੋਂ ਰੋਕਣ ਦੇ ਮਾਮਲੇ ’ਚ ਆਪਣਾ ਸੰਘਰਸ਼ੀ ਸੁਨੇਹਾ ਸਰਕਾਰ ਤੱਕ ਪੁੱਜਦਾ ਕੀਤਾ। ਵੱਡੇ ਤੜਕੇ ਹੀ ਪੁਲੀਸ ਨੇ ਸਟੇਡੀਅਮ ਵੱਲ ਜਾਣ ਵਾਲੇ ਰਾਹਾਂ ਤੇ ਤਾਇਨਾਤੀ  ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਧੜਕੂ ਸੀ ਕਿ ਧਰਨੇ ’ਚ ਇਕੱਠ ਬਹਾਨੇ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ।
                         ਦੱਸਣਯੋਗ ਹੈ ਕਿ ਪੰੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜਮੀਨ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਹੋਰਨਾਂ ਧਿਰਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਮੰਤਰੀ ਮੰਡਲ ਵੱਲੋਂ ਹਰੀ ਝੰਡੀ ਦੇਣ ਉਪਰੰਤ ਪਾਰਟੀ ਨੇ ਬਠਿੰਡਾ ’ਚ ਅੱਜ ਧਰਨਾ ਦੇਣ ਦਾ ਐਲਾਨ ਕੀਤਾ ਸੀ। ਧਰਨੇ ’ਚ ਧੂੰਆਂਧਾਰ ਤਕਰੀਰਾਂ ਤੋਂ ਬਾਅਦ  ਜਦੋਂ ਪਾਰਟੀ ਵਰਕਰਾਂ ਨੇ ਵਿੱਤ ਮੰਤਰੀ ਦਫਤਰ ਵੱਲ ਚਾਲੇ ਪਾ ਦਿੱਤੇ ਤਾਂ ਇੱਕ ਡੀਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਮੁਜਾਹਰਾਕਾਰੀਆਂ ਨੂੰ ਰੋਕ ਲਿਆ। ਵੱਡੀ ਗੱਲ ਹੈ ਕਿ ਮੁਜਾਹਰਾ ਕਰਨ ਵਾਲਿਆਂ ਨੂੰ ਰੋਕਣ ਲਈ ਪੁਲਿਸ ਦੀਆਂ ਲੜਕੀ ਸਿਪਾਹੀਆਂ  ਅੱਗੇ ਕਰ ਦਿੱਤੀਆਂ ਜੋਕਿ ਪੁਲਿਸ ਲਈ ਸਹਾਈ ਸਿੱਧ ਹੋਈਆਂ। ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਉਨਾਂ ਨੂੰ ਦਫਤਰ ਵੱਲ ਜਾਣ ਦਿੱਤਾ ਜਾਏ ਪਰ ਪੁਲਿਸ ਟੱਸ ਤੋਂ ਮੱਸ ਨਾ ਹੋਈ। ਪੁਲਿਸ ਨਾਲ ਹੋਈ ਕਾਫੀ ਤਕਰਾਰ ਪਿੱਛੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ,ਵਿਧਾਇਕਾਂ ਅਤੇ ਆਗੂਆਂ ਨੇ ਸੜਕ ਤੇ ਧਰਨਾ ਲਾ ਦਿੱਤਾ ।
                       ਭੜਕੇ ਵੰਲਟੀਅਰਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਪੰੰਜਾਬ ਵਿਰੋਧੀ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ। ਧਰਨਕਾਰੀਆਂ ਨੇ ਧਰਨੇ ਤੋਂ ਉੱਠ ਕੇ ਚਾਲੇ ਪਾ ਦਿੱਤੇ ਤਾਂ ਏਸੀ ਮਾਰਕੀਟ ਕੋਲ ਪੁਲਿਸ ਅਤੇ ਵਲੰਟੀਅਰਾਂ ਵਿਚਕਾਰ ਕਾਫੀ ਧੱਕਾ ਮੁੱਕੀ ਹੋਈ। ਵਲੰਟੀਅਰਾਂ ਦੇ ਜੋਸ਼ ਨੇ ਪੁਲਿਸ ਮੁਲਾਜਮਾਂ ਦੇ ਪਸੀਨੇ ਛੁਡਾ ਦਿੱਤੇ। ਇਸ ਮੌਕੇ ਪੁਲਿਸ ਦੇ ਇੱਕ ਥਾਣੇਦਾਰ ਵੱਲੋਂ ਕਥਿਤ ਧੱਕਾ ਮਾਰੇ ਜਾਣ ਤੋਂ ਵਲੰਟੀਅਰਾਂ ਤੇ ਪੁਲਿਸ ਵਿਚਕਾਰ ਤਿੱਖੀ ਤਕਰਾਰ ਹੋਈ। ਨਤੀਜੇ ਵਜੋਂ ਪੁਲੀਸ ਨੇ ਧਰਨਾਕਾਰੀਆਂ ਨੂੰ ਦਫਤਰ ਦੀ ਜੂਹ ਵਿਚ ਦਾਖਲ ਹੀ ਨਹੀਂ ਹੋਣ ਦਿੱਤਾ।   ਆਪਸ ’ਚ ਹੋਈ ਹਲਕੀਆਂ ਝੜਪਾਂ ਅਤੇ ਖਿੱਚਾ ਧੂਹੀ ਦੌਰਾਨ ਪੁਲਿਸ ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਨੇਮ ਪਲੇਟ ਉੱਤਰ ਗਈ ਜਿਸ ਨੂੰ ਉਨਾਂ ਦੇ ਸੁਰੱਖਿਆ ਮੁਲਾਜਮਾਂ ਨੇ ਲਾ ਦਿੱਤਾ। ਅੰਤ ਨੂੰ ਖਿੱਚ ਧੂਹ ਮਗਰੋਂ ਪਾਰਟੀ ਵਰਕਰਾਂ ਨੇ ਘਿਰਾਓ ਖਤਮ ਕਰ ਦਿੱਤਾ। ਪੁਲਿਸ ਨੇ ਲੰਮਾਂ ਸਮਾਂ ਮੋਰਚਾ ਸੰਭਾਲੀ ਰੱਖਿਆ ਪਰ ਜਦੋਂ ਆਪ ਵਰਕਰਾਂ ਨੇ ਵਾਪਿਸ ਪਰਤਣਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਅਫਸਰਾਂ ਨੇ ਸੁੱਖ ਦਾ ਸਾਹ ਲਿਆ।  
                    ਜਾਰੀ ਰਹੇਗਾ ਸਰਕਾਰ ਦੇ ਫੈਸਲੇ ਦਾ ਵਿਰੋਧ
    ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ  ਦਾ ਕਹਿਣਾ ਸੀ ਕਿ ਉਨਾਂ ਦਾ ਅੱਜ ਬਠਿੰਡਾ ਵਿਚ ਥਰਮਲ ਬੰਦ ਕਰਨ ਖਿਲਾਫ ਵਿੱਤ ਮੰਤਰੀ ਦਫਤਰ ਅੱਗੇ  ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ ਜਿਸ  ਪੁਲੀਸ ਨੇ ਬਰਦਾਸ਼ਤ ਨਹੀਂ ਕੀਤਾ ਹੈ।  ਉਨਾਂ ਆਖਿਆ ਕਿ ਪਾਰਟੀ ਦੇ ਵਲੰਟੀਅਰ ਅੱਜ ਸੜਕਾਂ ਤੇ ਉਤਰ ਕੇ ਸਰਕਾਰ ਤੱਕ ਆਪਣਾ ਸੁਨੇਹਾ ਦੇਣ ਵਿਚ ਸਫਲ ਰਹੇ ਹਨ। ਉਨਾਂ ਆਖਿਆ ਕਿ ਸਰਕਾਰ ਥਰਮਲ ਵਿਰੋਧੀ ਸੰਘਰਸ਼ ਨੂੰ ਜਬਰ ਨਾਲ ਦਬਾਉਣਾ ਚਾਹੁੰਦੀ ਹੈ ਪਰ ਹਕੂਮਤੀ ਰੋਕਾਂ ਦੀ ਪ੍ਰਵਾਹ ਨਾਂ ਕਰਦਿਆਂ ਸਰਕਾਰ ਦੇ ਫੈਸਲੇ ਦਾ ਵਿਰੋਧ ਜਾਰੀ ਰੱਖਿਆ ਜਾਏਗਾ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!