22.5 C
United Kingdom
Sunday, June 21, 2026

More

    ਨਸਲਵਾਦ ਦੇ ਕੋਹੜ ਵਿੱਚ ਜਕੜਿਆ ਪਿਆ ਪੂਰਾ ਸੰਸਾਰ

    ਨਸਲਵਾਦ ਸਦੀਆਂ ਤੋਂ ਚੱਲਿਆ ਆ ਰਿਹਾ ਇੱਕ ਅਜਿਹਾ ਭੈੜੀ ਅਲਾਮਤ ਹੈ ਜਿਸ ਨਾਲ ਦੁਨੀਆ ਭਰ ਦੇ ਲੋਕ ਇੱਕ ਦੂਸਰੇ ਦੀ ਨਫ਼ਰਤ ਦਾ ਸਿ਼ਕਾਰ ਹੁੰਦੇ ਆਏ ਹਨ। ਨਸਲਵਾਦ ਦੀਆਂ ਕਈ ਕਿਸਮਾਂ ਹਨ ਜਿਹਨਾਂ ਵਿੱਚ ਧਰਮ, ਰੰਗ, ਨਸਲ, ਜਾਤੀ, ਨਵੇਂ ਪੁਰਾਣੇ ਜਾਂ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਹੋ ਸਕਦਾ ਹੈ। ਹਰ ਦੇਸ਼ ਵਿੱਚ ਇਹ ਬੀਮਾਰੀ ਸਭ ਖੇਤਰਾਂ ਵਿੱਚ ਦੇਖਣ ਨੂੰ ਮਿਲਦੀ ਹੈ। ਪਰ ਵਿਕਸਤ ਦੇਸ਼ ਇਸ ਬੀਮਾਰੀ ਨਾਲ ਵਿਕਾਸਸ਼ੀਲ ਦੇਸ਼ਾਂ ਤੋਂ ਵੀ ਵੱਧ ਪੀੜਤ ਨਜ਼ਰ ਆਉਂਦੇ ਹਨ। ਜਿਸਦੀ ਤਾਜ਼ਾ ਮਿਸਾਲ ਅਮਰੀਕਾ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਧੋਣ ਉੱਤੇ ਗੋਡਾ ਰੱਖ ਕੇ ਜਾਰਜ ਫਲਾਇਡ ਦਾ ਕਤਲ ਹੈ। ਜਿਸਨੇ ਅਮਰੀਕਾ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਵਿੱਚ ਪੁਲਿਸ ਖਾਸ ਕਰਕੇ ਨਸਲਵਾਦ ਪ੍ਰਤੀ ਗੁੱਸੇ ਦੀ ਲਹਿਰ ਫੈਲ ਗਈ ਅਤੇ ਲੋਕ ਇਸਦੇ ਵਿਰੋਧ ਵਿੱਚ ਸੜਕਾਂ ਤੇ ਉੱਤਰ ਆਏ। ਲੋਕਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਨਸਲਵਾਦ ਪ੍ਰਤੀ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਰੋਸ ਮਾਰਚ ਅਤੇ ਮੁਜ਼ਾਹਰੇ ਕੀਤੇ। ਟਰੰਪ ਸਰਕਾਰ ਲੋਕਾਂ ਦੇ ਵਿਰੋਧ ਆਹਮਣੇ ਬੇਬੱਸ ਨਜ਼ਰ ਆਈ। ਇੱਥੇ ਹੀ ਬੱਸ ਨਹੀਂ ਹੋਰ ਵੀ ਕਈ ਹੋਰ ਮੁਲਕਾਂ ਵਿੱਚ ਜਾਰਜ ਫਲਾਇਡ ਦੇ ਹੋਏ ਨਸਲੀ ਕਤਲ ਦੇ ਵਿਰੋਧ ਵਿੱਚ ਅਜਿਹੇ ਰੋਸ ਪ੍ਰਤੀਕਰਮ ਦੇਖਣ ਨੂੰ ਮਿਲੇ। ਪਰ ਕੀ ਇਹਨਾਂ ਰੋਸ ਮੁਜ਼ਾਹਰਿਆਂ ਨਾਲ ਇਸਦਾ ਹੱਲ ਨਿੱਕਲ ਸਕੇਗਾ ਜਾਂ ਨਹੀਂ ਇਹ ਕਹਿਣਾ ਬਹੁਤ ਮੁਸ਼ਕਿਲ ਹੈ।
    ਅਮਰੀਕਾ ਵਿੱਚ ਨਸਲਵਾਦ ਸਦਾ ਹੀ ਬਾਕੀ ਦੇਸ਼ਾਂ ਨਾਲੋਂ ਵੱਧ ਚਰਚਾ ਵਿੱਚ ਰਿਹਾ ਹੈ। ਜੇਕਰ ਅਸੀਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤਾਂ ਅੱਜ ਤੋਂ ਕੁਝ ਸੌ ਸਾਲ ਪਹਿਲਾਂ ਅਮਰੀਕਾ ਵਿੱਚ ਨਸਲਵਾਦ ਇੰਨੇ ਜੋਰਾਂ ਉੱਪਰ ਸੀ ਕਿ ਇੱਥੇ ਕਾਲੇ ਲੋਕਾਂ ਨੂੰ ਗੁਲਾਮ ਸਮਝਿਆ ਹੀ ਨਹੀਂ ਸਗੋਂ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਅਫਰੀਕੀ ਮੁਲਕਾਂ ਤੋਂ ਕਾਲਿਆਂ ਦੇ ਜਹਾਜ਼ ਭਰ ਕੇ ਲਿਆਦੇ ਜਾਦੇ ਸਨ ਅਤੇ ਅਮਰੀਕੀ ਮੰਡੀਆਂ ਵਿੱਚ ਇਹਨਾਂ ਨੂੰ ਬੋਲੀ ਲਾ ਕੇ ਵੇਚਿਆ ਜਾਂਦਾ ਸੀ। ਜਿਸ ਵਿੱਚੋਂ ਹੀ ਨਿਕਲਿਆ ‘ਬਲੈਕ ਫਰਾਈਡੇ’ ਨਾਂ ਦਾ ਇੱਕ ਇਤਿਹਾਸਕ ਦਿਨ ਜੋ ਅੱਜ ਵੀ ਬਹੁਤ ਮਸ਼ਹੂਰ ਹੈ। ਬੇਸ਼ੱਕ ਹੁਣ ਇਸ ਦਿਨ ਨੂੰ ਹੋਰ ਤਰੀਕੇ ਨਾਲ ਵਰਤ ਕੇ ਇਤਿਹਾਸਕ ਪੱਖ ਨੂੰ ਲੁਕੋ ਲਿਆ ਗਿਆ ਹੈ। ਪਰ ਕਦੇ ਅਮਰੀਕੀ ਮੰਡੀਆਂ ਵਿੱਚ ਸ਼ੁਕਰਵਾਰ ਨੂੰ ਕਾਲੇ ਲੋਕਾਂ ਦੀ ਬੋਲੀ ਲੱਗਦੀ ਸੀ। ਜਿਸ ਵਿੱਚ ਜਵਾਨ ਤੇ ਰਿਸ਼ਟਪੁਸ਼ਟ ਕਾਲੇ ਮਦਰ ਔਰਤਾਂ ਨੂੰ ਵੱਧ ਭਾਅ ਤੇ ਵੇਚਿਆ ਖਰੀਦਿਆ ਜਾਂਦਾ ਸੀ, ਜਿਸਦਾ ਦੇ ਦੋ ਕਾਰਨ ਸਨ ਇੱਕ ਜਵਾਨ ਤੇ ਤਕੜੇ ਲੋਕ ਕੰਮ ਜਿਆਦਾ ਕਰ ਸਕਦੇ ਸਨ ਅਤੇ ਦੂਸਰਾ ਇਹਨਾਂ ਤੋਂ ਪੈਦਾ ਹੋਏ ਬੱਚੇ ਵੀ ਮਹਿੰਗੇ ਭਾਅ ਵੇਚੇ ਜਾ ਸਕਣ।
    20ਵੀਂ ਸਦੀ ਦਾ ਮਸ਼ਹੂਰ ਮੁਕੇਬਾਜ਼ ਮੁਹੰਮਦ ਅਲੀ ਵੀ ਕਦੇ ਈਸਾਈ ਧਰਮ ਨਾਲ ਸੰਬੰਧ ਰੱਖਦਾ ਸੀ। ਪਰ ਅਮਰੀਕਾ ਵਿੱਚ ਗੋਰਿਆਂ ਵੱਲੋਂ ਕਾਲਿਆਂ ਨਾਲ ਕੀਤੇ ਜਾਦੇ ਵਿਤਕਰੇ ਕਰਕੇ ਹੀ ਉਸਨੇ ਇਸਲਾਮ ਧਾਰਨ ਕਰਕੇ ਆਪਣਾ ਨਾਂ ਕਾਸੁਸ ਕਲੇਅ ਤੋਂ ਮੁਹੰਮਦ ਅਲੀ ਰੱਖ ਲਿਆ ਸੀ। ਜਦੋਂ ਅਮਰੀਕਾ ਦੀ ਵੀਅਤਨਾਮ ਵਿੱਚ ਜੰਗ ਲੱਗੀ ਹੋਈ ਸੀ ਤਾਂ ਉਸਨੇ ਬਿਆਨ ਦਿੱਤਾ ਸੀ ਕਿ “ਮੇਰੇ ਦੁਸ਼ਮਣ ਗੋਰੇ ਲੋਕ ਹਨ ਨਾ ਕਿ ਵੀਅਤਨਾਮੀ, ਚੀਨੀ ਜਾਂ ਜਪਾਨੀ” “ੰੇ ੲਨੲਮੇ ਸਿ ਟਹੲ ੱਹਟਿੲ ਪੲੋਪਲੲ, ਨੋਟ ੜਇਟ ਛੋਨਗ ੋਰ ਛਹਨਿੲਸੲ ੋਰ ਝਅਪਅਨੲਸੲ।” ਇਸਦੇ ਇਲਾਵਾ ਮਾਈਕਲ ਜੈਕਸਨ ਵੀ ਇੱਕ ਸਿਆਹਫਾਮ ਪਰਿਵਾਰ ਨਾਲ ਸੰਬੰਧਤ ਸੀ। ਉਸਨੇ ਵੀ ਆਪਣੇ ਚਿਹਰੇ ਦੀਆਂ ਮੈਡੀਕਲ ਸਰਜਰੀਆਂ ਕਰਵਾ ਕੇ ਰੰਗ ਚਿੱਟਾ ਕਰਵਾ ਲਿਆ, ਜੋ ਇਸ ਗੱਲ ਦਾ ਸਬੂਤ ਸੀ ਕਿ ਉਹ ਵੀ ਕਿਤੇ ਨਾ ਕਿਤੇ ਇਸ ਕੋਹੜ ਤੋਂ ਪੀੜਤ ਸੀ। ਨਸਲਵਾਦ ਦੇ ਵਿਰੁੱਧ ਇੱਕ ਮੁਹਿੰਮ ਸ਼ੁਰੂ ਕਰਨ ਵਾਲਾ ਅਮਰੀਕੀ ਕਾਲਾ ਮਾਰਟਿਨ ਲੂਥਰ ਕਿੰਗ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਉਹ 1955 ਤੋਂ ਲੈ ਕੇ 1968 ਤੱਕ ਭਾਵ ਆਪਣੇ ਕਤਲ ਹੋਣ ਤੱਕ ਸਿਵਲ ਰਾਈਟਸ ਮੂਵਮੈਂਟ ਦਾ ਸਭ ਤੋਂ ਚਰਚਿਤ ਨਾਂ ਸੀ। ਜਿਸਨੇ ਅਮਰੀਕਾ ਵਿੱਚ ਨਸਲਵਾਦ ਦੇ ਖਾਤਮੇ ਲਈ ਵੱਡੀ ਜੰਗ ਲੜੀ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਮਾਰਟਿਨ ਲੂਥਰ ਕਿੰਗ ਦੀ 50ਵੀਂ ਬਰਸੀ ਮੌਕੇ ਉਹਨਾਂ ਨੂੰ ਯਾਦ ਕਰਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਸੀ ਕਿ “ਉਹਨਾਂ ਨੇ ਕਦਮ ਚੁੱਕੇ ਤਾਂ ਸਿਟੀ ਕੌਂਸਲਾਂ ਬਦਲੀਆਂ, ਪ੍ਰਸ਼ਾਸ਼ਨ ਬਦਲਿਆ ਅਤੇ ਕਾਂਗਰਸ ਬਦਲੀ, ਹਾਂ ਹੁਣ ਵਾਈਟ ਹਾਊਸ ਵੀ ਬਦਲ ਗਿਆ ਹੈ”।
    ਇਟਲੀ ਦੀ ਫੁੱਟਬਾਲ ਟੀਮ ਵਿੱਚ ਪਹਿਲਾ ਕਾਲਾ ਖਿਡਾਰੀ ਮਾਰੀੳ ਬਾਲੋਤੇਲੀ ਵੀ ਨਸਲਵਾਦ ਦਾ ਸਿ਼ਕਾਰ ਹੋਇਆ ਹੈ। ਉਸਦਾ ਵਿਰੋਧ ਟੀਮ ਵਿਚਲੇ ਕੁਝ ਖਿਡਾਰੀ ਵੀ ਕਰਦੇ ਸਨ। ਜਿਸ ਕਰਕੇ ਕਈ ਮੈਚਾਂ ਵਿੱਚ ਮਾਰੀਉ ਆਪਣਾ ਸਹੀ ਪ੍ਰਦਰਸ਼ਨ ਨਾ ਕਰ ਸਕਿਆ। ਸਾਥੀ ਖਿਡਾਰੀਆਂ ਦੀ ਕੀਤੀਆਂ ਟਿੱਪਣੀਆਂ ਕਾਰਨ ਮਾਰੀਉ ਆਪਣਾ ਸੰਤੁਲਨ ਗਵਾ ਬੈਠਦਾ ਸੀ ਅਤੇ ਮੈਚ ਦੌਰਾਨ ਕਈ ਗਲਤ ਕਦਮ ਚੁੱਕ ਜਾਂਦਾ ਜਿਸ ਕਰਕੇ ਟੀਮ ਤੋਂ ਬਾਹਰ ਹੋਣਾ ਪੈਂਦਾ। ਮਾਰੀਉ ਨਾਲ ਕਈ ਵਾਰ ਕੁਝ ਕੋਚ ਵੀ ਵਿਤਕਰਾ ਕਰਦੇ ਸਨ ਅਤੇ ਰਾਸ਼ਟਰੀ ਟੀਮ ਦਾ ਹਿੱਸਾ ਨਾ ਬਣਨ ਦਿੰਦੇ। ਹੋਰ ਵੀ ਬਹੁਤ ਸਾਰੇ ਅਜਿਹੇ ਖਿਡਾਰੀ ਜਾਂ ਪ੍ਰਤਿਭਾਵਾਨ ਲੋਕ ਹਨ ਜੋ ਸਿਰਫ਼ ਰੰਗ ਜਾਂ ਨਸਲ ਦੇ ਵਖਰੇਵੇਂ ਕਾਰਨ ਬਹੁਤ ਸਾਰੀਆਂ ਪ੍ਰਾਪਤੀਆਂ ਕਰਨੋਂ ਵਾਂਝੇ ਰਹਿ ਜਾਂਦੇ ਹਨ।
    ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਵੀ ਯਹੂਦੀਆਂ ਦਾ ਕਤਲੇਆਮ ਨਸਲਵਾਦ ਨੂੰ ਮੁੱਖ ਰੱਖ ਕੇ ਹੀ ਸ਼ਰੂ ਕੀਤਾ ਸੀ। ਉਹ ਯਹੂਦੀਆਂ ਨੂੰ ਇੰਨੀ ਨਫਰਤ ਕਰਦਾ ਸੀ ਕਿ ਉਹਨਾਂ ਨੂੰ ਗੈਸ ਦੇ ਚੈਂਬਰਾਂ ਵਿੱਚ ਜਿਊਂਦੇ ਸਾੜ ਦਿੰਦਾ ਸੀ। ਮਹਾਨ ਵਿਗਿਆਨੀ ਆਇਨਸਟਾਈਨ 1930 ਵਿੱਚ ਜਰਮਨ ਤੋਂ ਅਮਰੀਕਾ ਚਲਾ ਗਿਆ ਸੀ ਪਰ ਫਿਰ ਕਦੇ ਵਾਪਸ ਜਰਮਨ ਨਾ ਪਰਤਿਆ ਕਿਉਂਕਿ ਹਿਟਲਰ ਨੇ ਤਾਕਤ ਵਿੱਚ ਆਉਂਦਿਆਂ ਹੀ ਯਹੂਦੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ, ਆਇਨਸਟਾਈਨ ਵੀ ਇੱਕ ਯਹੂਦੀ ਸੀ।
    ਇੰਗਲੈਂਡ ਅੱਜ ਭਾਵੇਂ ਲੱਖ ਦਾਅਵੇ ਕਰੀ ਜਾਵੇ ਕਿ ਇਹ ਇੱਕ ਸਭ ਨੂੰ ਬਰਾਬਰ ਅਧਿਕਾਰ ਦੇਣ ਵਾਲਾ ਦੇਸ਼ ਹੈ। ਇਸ ਦੇਸ ਵਿੱਚ ਵੀ ਨਸਲੀ ਵਿਤਕਰੇ ਬਹੁਤ ਹੁੰਦੇ ਰਹੇ ਹਨ। ਕਦੇ ਇੱਥੋਂ ਦੀਆਂ ਕਲੱਬਾਂ ਦੇ ਬਾਹਰ ਲਿਖਿਆ ਹੁੰਦਾ ਸੀ ਕਿ ‘ਭਾਰਤੀ ਅਤੇ ਕੁੱਤੇ ਅੰਦਰ ਆਉਣੇ ਮਨ੍ਹਾ ਹਨ’ ਜਾਂ ਲਿਖਿਆ ਹੁੰਦਾ ਸੀ ਕਿ ‘ਕਾਲੇ ਤੇ ਕੁੱਤੇ ਅੰਦਰ ਆੰਦਰ ਆਉਣਾ ਮਨ੍ਹਾਂ ਹਨ’। ਨੌਕਰੀਆਂ ਵਿੱਚ ਵਿਤਕਰਾ ਆਮ ਸੀ। ਪਰ ਸਮੇਂ ਦੇ ਨਾਲ ਨਾਲ ਇਹ ਸਭ ਘੱਟਦਾ ਗਿਆ ਹੈ। ਫਿਰ ਵੀ ਕਿਤੇ ਨਾ ਕਿਤੇ ਇਸਦੀ ਝਲਕ ਜਰੂਰ ਮਿਲਦੀ ਰਹਿੰਦੀ ਹੈ। ਸਿੱਖਾਂ ਨੂੰ ਆਪਣੀ ਦਸਤਾਰ ਅਤੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੀ ਕਈ ਵਾਰ ਸੰਘਰਸ਼ ਕਰਨੇ ਪਏ ਹਨ। ਸਕੂਲਾਂ ਵਿੱਚ ਬੱਚਿਆਂ ਨਾਲ ਗੋਰੇ ਵਿਦਿਆਰਥੀਆਂ ਵੱਲੋਂ ਨਸਲੀ ਟਿੱਪਣੀਆਂ ਜਾਂ ਨਸਲੀ ਵਿਤਕਰੇ ਦੀਆਂ ਸਿ਼ਕਾਇਤਾਂ ਆਮ ਸੁਣਨ ਨੂੰ ਮਿਲਦੀਆਂ ਰਹੀਆਂ ਹਨ।

    ਵਿਦੇਸ਼ਾਂ ਵਿੱਚ ਵਿਚਰਦਿਆਂ ਬਹੁਤ ਸਾਲ ਹੋ ਚੁੱਕੇ ਹਨ ਅਤੇ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਬੇਸ਼ੱਕ ਤੁਹਾਨੂੰ ਇੱਕ ਬਰਾਬਰ ਹੋਣ ਦਾ ਅਹਿਸਾਸ ਕਰਵਾਇਆ ਜਾਵੇ। ਪਰ ਫਿਰ ਵੀ ਕੁਝ ਲੋਕ ਤੁਹਾਨੂੰ ਵੱਖਰੇ ਜਾਂ ਵਿਦੇਸ਼ੀ ਸਮਝ ਕੇ ਵਿਤਕਰਾ ਕਰ ਹੀ ਜਾਂਦੇ ਹਨ। ਭਾਂਵੇ ਬਾਰੀਕੀ ਨਾਲ ਘੋਖਿਆਂ ਬਗੈਰ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ। ਪਰ ਹਰ ਖੇਤਰ ਵਿੱਚ ਵਿਤਕਰਾ ਕਰਨ ਵਾਲੇ ਲੋਕ ਹਮੇਸ਼ਾਂ ਹੁੰਦੇ ਹਨ ਅਤੇ ਕਈ ਵਾਰ ਉਹ ਆਪਣੇ ਵੀ ਹੋ ਸਕਦੇ ਹਨ। ਉਦਾਹਰਨ ਦੇ ਤੌਰ ‘ਤੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਸੌ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਉਹਨਾਂ ਦੀਆਂ ਦੋ ਤਿੰਨ ਪੀੜ੍ਹੀਆਂ ਵਿਦੇਸ਼ ਦੀਆਂ ਵਾਸੀ ਹੋ ਚੁੱਕੀਆਂ ਹਨ। ਪਰ ਜਦੋਂ ਵੀ ਕੁਝ ਨਵੇਂ ਪੰਜਾਬੀ ਜਾਂ ਹੋਰ ਲੋਕ ਵਿਦੇਸ਼ਾਂ ਦੀ ਧਰਤੀ ਤੇ ਪੈਰ ਰੱਖਦੇ ਹਨ ਤਾਂ ਪੁਰਾਣੇ ਲੋਕਾਂ ਵੱਲੋਂ ਵਿਰੋਧ ਜਤਾਇਆ ਜਾਂਦਾ ਹੈ। ਜੋ ਕੈਨੇਡਾ ਵਿੱਚ ਗਏ ਨਵੇਂ ਵਿਦਿਆਰਥੀਆਂ ਨਾਲ ਕੀਤੇ ਜਾਂਦੇ ਵਿਤਕਰੇ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਬੇਸ਼ੱਕ ਇਹ ਇੱਕ ਨਸਲੀ ਵਿਤਕਰਾ ਨਹੀਂ ਪਰ ਨਵੇਂ ਪੁਰਾਣੇ ਦਾ ਭੇਦਭਾਵ ਤਾਂ ਹੈ। ਜਿਸਦੀਆਂ ਤਾਰਾਂ ਜਾ ਕੇ ਨਸਲਵਾਦ ਨਾਲ ਹੀ ਜੁੜਦੀਆਂ ਹਨ। ਇੰਗਲੈਂਡ ਤੇ ਆਸਟਰੇਲੀਆ ਵਿੱਚ ਵੀ ਇਹ ਆਮ ਦੇਖਣ ਨੂੰ ਮਿਲ ਜਾਂਦਾ ਹੈ। ਬੀਤੇ ਕੁਝ ਵਰ੍ਹੇ ਪਹਿਲਾਂ ਆਸਟ੍ਰੇਲੀਆ ਵਿੱਚ ਇੱਕ ਸਿਰਫਿਰੇ ਗੋਰੇ ਵੱਲੋਂ ਪੰਜਾਬੀ ਬੱਸ ਡਰਾਈਵਰ ਨੂੰ ਤੇਲ ਪਾ ਕੇ ਜਲਾ ਦਿੱਤਾ ਗਿਆ ਸੀ। ਇੱਕ ਹੋਰ ਵੱਲੋਂ ਨਿਊਜ਼ੀਲੈਂਡ ਵਿੱਚ ਨਮਾਜ਼ ਅਦਾ ਕਰਨ ਗਏ ਮੁਸਲਿਮਾਂ ਨੂੰ ਸ਼ਰੇਆਮ ਅੰਨੇਵਾਹ ਗੋਲੀ ਚਲਾ ਕੇ ਅਨੇਕਾਂ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
    ਜਾਤੀ ਤੇ ਨਸਲਵਾਦ ਦੀਆਂ ਜੜਾਂ ਭਾਰਤ ਵਿੱਚ ਵੀ ਬੜੀਆਂ ਡੰੂਘੀਆਂ ਤੇ ਸਦੀਆਂ ਪੁਰਾਣੀਆਂ ਹਨ। ਇਹ ਵੀ ਕਹਿ ਸਕਦੇ ਹਾਂ ਕਿ ਭਾਰਤ ਵਰਗੇ ਦੇਸ਼ ਵਿੱਚ ਬੇਸ਼ੱਕ ਰੱਬ ਨੂੰ ਮੰਨਣ ਵਾਲੇ ਜਿਆਦਾ ਲੋਕ ਹਨ। ਪਰ ਇੱਥੇ ਨਸਲਵਾਦ ਦਾ ਘੇਰਾ ਵੀ ਉਨਾ ਜਿਆਦਾ ਵਿਸ਼ਾਲ ਹੈ। ਹਰ ਪੱਧਰ ਤੇ ਉੱਚੀ ਜਾਤ ਵੱਲੋਂ ਨੀਵੀਂ ਜਾਤ ਵਾਲਿਆਂ ਨੂੰ ਜ਼ਲੀਲ ਕੀਤਾ ਜਾਂਦਾ ਰਿਹਾ ਹੈ ਜੋ ਅੱਜ ਵੀ ਬਰਕਰਾਰ ਹੈ। ਕਦੇ ਧਰਮ ਤੇ ਕਦੇ ਜਾਤ ਪਾਤ ਦੇ ਨਾਂ ਉੱਪਰ ਲੋਕਾਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ। ਡਾਕਟਰ ਭੀਮ ਰਾਉ ਅੰਬੇਡਕਰ ਵੀ ਨਸਲਵਾਦ ਦਾ ਹੀ ਸਿ਼ਕਾਰ ਹੋਏ ਸਨ ਅਤੇ ਉਹਨਾਂ ਨੇ ਆਪਣਾ ਜੀਵਨ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਤੇ ਲਾ ਦਿੱਤਾ। ਅਖੀਰ ਵਿੱਚ ਉਹਨਾਂ ਨੇ ਆਪਣਾ ਧਰਮ ਬਦਲ ਕੇ ਬੁੱਧ ਧਰਮ ਧਾਰਨ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੀ ਊਚ ਨੀਚ ਬਾਕੀ ਨਾ ਰਹਿ ਜਾਵੇ। ਮਹਾਭਾਰਤ ਦਾ ਇਤਿਹਾਸ ਤਾਂ ਇਹ ਵੀ ਦੱਸਦਾ ਹੈ ਕਿ ਜਦੋਂ ਦਰੌਪਦੀ ਦਾ ਸਵੰਭਰ ਸੀ ਤਾਂ ਕਰਨ ਨੂੰ ਇਸ ਕਰਕੇ ਸਵੰਬਰ ਵਿੱਚ ਹਿੱਸਾ ਲੈਣੋ ਰੋਕਿਆ ਗਿਆ ਸੀ ਕਿ ਉਹ ਇੱਕ ਸ਼ੂਦਰ ਦਾ ਪੁੱਤਰ ਹੈ। ਜੋ ਇੱਕ ਨਾਂਮਾਤਰ ਮਿਸਾਲ ਹੈ।
    ਆਮ ਗਰੀਬ ਲੋਕਾਂ ਨੂੰ ਨੀਵੀਂ ਜਾਤ ਦੇ ਹੋਣ ਕਾਰਨ ਉੱਚੀ ਜਾਤ ਵਾਲੇ ਖੂਹਾਂ ਤੋਂ ਪਾਣੀ ਭਰਨ ਨਹੀਂ ਦਿੰਦੇ ਸਨ ਅਤੇ ਮੰਦਰਾਂ ਵਿੱਚ ਉਹਨਾਂ ਦੇ ਜਾਣ ਤੇ ਰੋਕ ਲੱਗੀ ਹੁੰਦੀ ਸੀ। ਬੇਸ਼ੱਕ ਭਗਵਾਨ ਦੇ ਦਰ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਰਿਹਾ ਹੈ। ਪਰ ਭਗਵਾਨ ਖੁਦ ਕ੍ਰਿਸ਼ਨ ਜੀ ਦੇ ਰੂਪ ਵਿੱਚ ਸੁਦਾਮਾ ਨੂੰ ਗਲ ਲਾਉਂਦੇ ਹਨ ਤਾਂ ਰਾਮ ਜੀ ਭੀਲਣੀ ਦੇ ਜੂਠੇ ਬੇਰ ਬੜੇ ਪਿਆਰ ਨਾਲ ਖਾਂਦੇ ਹਨ। ਗੁਰੂ ਤੇਗ ਬਹਾਦਰ ਜੀ ਨੇ ਔਰੰਗਜੇ਼ਬ ਦੇ ਨਸਲੀ ਵਿਰੋਧ ਨੂੰ ਠੱਲਣ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਸਮੇਂ ਵੱਖ ਵੱਖ ਫਿਰਕਿਆਂ ਦੇ ਪੰਜ ਸਿੰਘਾਂ ਨੂੰ ਅੰਿਮ੍ਰਤ ਛਕਾ ਕੇ ਬਰਾਬਰੀ ਤੇ ਲਿਆ ਖੜਾ ਕੀਤਾ। ਸਿੱਖਾਂ ਦੀ ਧਾਰਮਿਕ ਪਰੰਪਰਾ ਸੰਗਤ ਅਤੇ ਪੰਗਤ ਵੀ ਬਰਾਬਰਤਾ ਨੂੰ ਬਹੁਤ ਹੁਲਾਰਾ ਦਿੰਦੀ ਹੈ। ਜੋ ਸਾਡੇ ਵਿੱਚੋਂ ਊਚ ਨੀਚ ਦੇ ਬੀਜਾਂ ਨੂੰ ਖਤਮ ਕਰਦੀ ਹੈ। ਪਰ ਅੱਜ ਫਿਰ ਵੱਖ ਵੱਖ ਜਾਤਾਂ ਦੇ ਨਾਵਾਂ ਉੱਪਰ ਉਸਾਰੇ ਜਾ ਰਹੇ ਗੁਰਦਵਾਰਾ ਸਾਹਿਬ ਸਾਨੂੰ ਦੁਬਾਰਾ ਉਸੇ ਪਾਸੇ ਵੱਲ ਲਿਜਾ ਰਹੇ ਹਨ ਜਿਸ ਤੋਂ ਗੁਰੂ ਨਾਨਕ ਜੀ ਨੇ ਸਾਨੂੰ ਮੋੜਿਆ ਸੀ। ਅੰਤ ਵਿੱਚ ਕਹਿ ਸਕਦੇ ਹਾਂ ਕਿ ਤਰੱਕੀ ਦੇ ਨਾਲ ਨਾਲ ਮਨੁੱਖ ਮਾਨਸਿਕ ਤੌਰ ‘ਤੇ ਸੰਕੀਰਨਤਾ ਵੱਲ ਵੱਧ ਰਿਹਾ ਹੈ ਅਤੇ ਭਾਈਚਾਰਕ ਸਾਂਝ ਨੂੰ ਦਰ ਕਿਨਾਰ ਕਰਦਾ ਜਾ ਰਿਹਾ ਹੈ। ਸੋ ਆਉ ਵਿਚਾਰੀਏ ਭਗਤ ਕਬੀਰ ਜੀ ਸਾਨੂੰ ਕੀ ਸੁਨੇਹਾ ਦਿੰਦੇ ਹਨ।
    ਅਵਲੁਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ॥
    ਏਕ ਨੂਰੁ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
    ਲੇਖਕ ਬਲਵਿੰਦਰ ਸਿੰਘ ਚਾਹਲ
    0044 74910 73808

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!