
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਵੱਲੋਂ ਬੀਤੇ ਸਮੇਂ ਦੌਰਾਨ ਪੁਰਾਣੀ ਸਬਜੀ ਮੰਡੀ ਅੰਮ੍ਰਿਤਸਰ ਵਿਚ ਲੱਗੀ ਅੱਗ ਕਾਰਨ ਪ੍ਰਭਾਵਿਤ ਹੋਏ ਦੁਕਾਨਦਾਰਾਂ ਨੂੰ ਮਾਲੀ ਸਹਾਇਤਾ ਵਜੋਂ 20-20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਦੱਸਣਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਪੁਰਾਣੀ ਸਬਜ਼ੀ ਮੰਡੀ ਵਿਚ ਅਚਾਨਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਤੇ ਫੜੀਆਂ ਸੜ• ਗਈਆਂ ਸਨ ਅਤੇ ਓ ਪੀ ਸੋਨੀ ਮੌਕੇ ਉਤੇ ਪੁਲਿਸ ਤੇ ਪ੍ਰਸ਼ਾਸ਼ਨ ਨਾਲ ਮੌਕੇ ਉਤੇ ਮਦਦ ਲਈ ਪਹੁੰਚ ਗਏ ਸਨ। ਉਸ ਵੇਲੇ ਉਨਾਂ ਪੀੜਤ ਦੁਕਾਨਦਾਰਾਂ ਨੂੰ ਸਰਕਾਰ ਦੀ ਤਰਫੋਂ ਮਦਦ ਦਾ ਭਰੋਸਾ ਦਿੱਤਾ ਸੀ। ਅੱਜ ਉਸੇ ਤਹਿਤ ਸੋਨੀ ਨੇ ਅੱਠ ਦੁਕਾਨਦਾਰਾਂ ਨੂੰ ਮਾਲੀ ਸਹਾਇਤਾ ਦੇ ਚੈਕ ਦਿੱਤੇ। ਇਸ ਮੌਕੇ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਅਤੇ ਲੋਕਾਂ ਲਈ ਹੀ ਹੁੰਦੀਆਂ ਹਨ। ਕਿਸੇ ਵੀ ਨਾਗਰਿਕ ਦੇ ਦੁੱਖ ਵਿਚ ਸ਼ਰੀਕ ਹੋਣਾ ਸਰਕਾਰ ਦਾ ਫਰਜ਼ ਹੈ ਅਤੇ ਅੱਜ ਸਰਕਾਰ ਦੀ ਤਰਫੋਂ ਇੰਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਅੱਜ ਦਰਸ਼ਨ ਲਾਲ, ਕਸਤੂਰੀ ਲਾਲ, ਰਤਨ ਲਾਲ, ਭੁਪਿੰਦਰ ਸਿੰਘ, ਯੋਗੇਸ਼ ਕੁਮਾਰ, ਰਜਿੰਦਰ ਕੁਮਾਰ, ਪਵਨ ਸਹਿਗਲ, ਸੰਦੀਪ ਕੁਮਾਰ ਅਤੇ ਤੀਰਥ ਰਾਮ ਨੂੰ 20-20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਉਨਾਂ ਨਾਲ ਇਸ ਮੌਕੇ ਵਿਕਾਸ ਸੋਨੀ, ਕੌਂਸਲਰ ਰਾਜਬੀਰ ਕੌਰ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।