17 C
United Kingdom
Sunday, June 21, 2026

More

    ਸ਼ਹੀਦ ਗੁਰਤੇਜ ਸਿੰਘ ਦਾ ਕੌਮੀ ਸਨਮਾਨਾਂ ਨਾਲ ਅੰਤਿਮ ਸੰਸਕਾਰ

    ਵਿੱਤ ਮੰਤਰੀ  ਵੱਲੋਂ ਪੰਜਾਬ ਸਰਕਾਰ ਤਰਫੋਂ ਭੇਂਟ ਕੀਤੇ ਸ਼ਰਧਾ ਦੇ ਫੁੱਲ
    ਅਸ਼ੋਕ ਵਰਮਾ
    ਮਾਨਸਾ, 19 ਜੂਨ

    ਪਿਛਲੇ ਦਿਨੀਂ ਲਦਾਖ਼ ਸੈਕਟਰ ਸਥਿਤ ਗਲਵਾਨ ਘਾਟੀ ਵਿਚ ਚੀਨ ਦੇ ਖਿਲਾਫ ਲੜਾਈ ਦੌਰਾਨ ਸ਼ਹੀਦ ਹੋਏ  ਮਾਨਸਾ ਜਿਲੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਵਸਨੀਕ ਸਿਪਾਹੀ ਗੁਰਤੇਜ ਸਿੰਘ ਦਾ ਅੱਜ ਕੌਮੀ ਸਨਮਾਨਾਂ ਨਾਲ ਸਲਾਮੀ ਦੇਣ ਉਪਰੰਤ ਪਿੰਡ ਬੀਰੇਵਾਲਾ ਡੋਗਰਾ ਵਿਖੇ ਅੰਤਮ ਸਸਕਾਰ ਕੀਤਾ ਗਿਆ। ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਅਤੇ ਭਰਾ ਨੇ ਚਿਤਾ ਨੂੰ ਅਗਨੀ ਦਿਖਾਈ ਜਦੋਂ ਕਿ ਭਾਰਤੀ ਫੌਜ ਨੇ ਹਥਿਆਰ ਉਲਟੇ ਕਰਕੇ ਫੌਜੀ ਰਿਵਾਇਤਾਂ ਅਨੁਸਾਰ ਂ ਸ਼ਹੀਦ ਨੂੰ ਸਲਾਮੀ ਭੇਂਟ ਕੀਤੀ । ਸੰਸਕਾਰ ਵਿਚ ਸ਼ਾਮਲ ਹੋਏ ਲੋਕਾਂ ਵੱਲੋਂ ‘ਸ਼ਹੀਦ ਗੁਰਤੇਜ ਸਿੰਘ ਅਮਰ ਰਹੇ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਗੁਰਤੇਜ ਸਿੰਘ ਆਪਣੇ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ਅਤੇ ਉਸ ਨੇ ਨਾਨ ਮੈਡੀਕਲ ਵਿਚ 12 ਵੀਂ ਕਲਾਸ ਪਾਸ ਕੀਤੀ ਸੀ। ਦੋ ਸਾਲ ਪਹਿਲਾਂ ਹੀ ਉਹ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ।
                              ਪੰਜਾਬ ਸਰਕਾਰ ਵੱਲੋਂ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਵੱਲੋਂ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ ਅਤੇ ਉਹ ਸਲਾਮ ਕਰਦੇ ਨੇ ਉਨਾਂ ਸਾਰੀਆਂ ਮਾਵਾਂ ਨੂੰ ਜੋ ਆਪਣੇ ਜਿਗਰ ਦੇ ਟੁਕੜੇ ਦੇਸ਼ ਦੀ ਰਾਖੀ ਲਈ ਸਰਹੱਦ ਤੇ ਤੋਰ ਦਿੰਦੀਆਂ ਨੇ। ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨਾਂ ਤੇ ਦੇਸ਼ ਨੂੰ ਸਦਾ ਮਾਣ ਰਹੇਗਾ। ਉਨਾਂ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਖੂਨ ਦਾ ਮੁੱਲ ਪੈਸੇ ਨਾਲ ਤਾਂ ਨਹੀਂ ਤੋਲਿਆ ਜਾ ਸਕਦਾ ਪ੍ਰੰਤੂ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
                          ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਨੇ, ਦੇਸ਼ ਕੌਮ ਲਈ ਜਾਨ ਕੁਰਬਾਨ ਕਰਨ ਵਾਲੇ ਹਮੇਸ਼ਾ ਲੋਕ ਮਨਾਂ ‘ਚ ਜਿਊਂਦੇ ਰਹਿੰਦੇ ਨੇ। ਉਨਾਂ ਕਿਹਾ ਕਿ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਨਾ ਭੁੱਲਣਯੋਗ ਹੈ। ਉਸ ਨੇ ਛੋਟੀ ਉਮਰੇ ਆਪਣੀ ਜਾਨ ਦੇਸ਼ ਕੌਮ ਦੇ ਲੇਖੇ ਲਾ ਕੇ ਬਹਾਦਰੀ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਜਿੱਥੇ ਉਨਾਂ ਨੂੰ ਇਸ ਨੌਜਵਾਨ ਦੀ ਸ਼ਹਾਦਤ ਦਾ ਦੁੱਖ ਹੈ ਉੱਥੇ ਹੀ ਇਸ ਦਲੇਰ ਅਤੇ ਹਿੰਮਤੀ ਨੌਜਵਾਨ ਲਈ ਫਖ਼ਰ ਵੀ ਹੈ।
                ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਗਵਰਨਰ ਪੰਜਾਬ ਸ੍ਰੀ ਬੀ.ਪੀ. ਬਦਨੌਰ ਵੱਲੋਂ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿਚ ਪਹੁੰਚ ਕੇ ਹਮਦਰਦੀ ਪ੍ਰਗਟ ਕੀਤੀ ਗਈ।ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਵੱਲੋਂ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਤਰਫ਼ੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਕਾਂਗਰਸ ਲੀਡਰ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਾ ਲਿਖਤੀ ਸੰਦੇਸ਼ ਭੇਜਿਆ।
    ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ, ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਐਮ.ਐਲ.ਏ. ਬੁਢਲਾਡਾ ਬੁੱਧ ਰਾਮ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਕਾਂਗਰਸੀ ਲੀਡਰ ਮੰਜੂ ਬਾਂਸਲ, ਹਲਕਾ ਇੰਚਾਰਜ ਬੁਢਲਾਡਾ ਰਣਜੀਤ ਕੌਰ ਭੱਟੀ, ਵਾਇਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਰਾਮ ਸਿੰਘ ਸਰਦੂਲਗੜ, ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ, ਜ਼ਿਲਾ ਪ੍ਰਧਾਨ ਯੂਥ ਕਾਂਗਰਸ ਚੁਸ਼ਪਿੰਦਰ ਸਿੰਘ ਚਹਿਲ, ਅਰਸ਼ਦੀਪ ਸਿੰਘ, ਮਾਈਕਲ ਗਾਗੋਵਾਲ, ਆਰਮੀ ਏਅਰ ਡਿਫੈਂਸ ਰੈਜ਼ਮੈਂਟ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!