ਪੰਚਾਇਤ ਦੀ ਝੋਲੀ ਪਏ ਦੋ ਕੌਮੀ ਪੁਰਸਕਾਰ
ਅਸ਼ੋਕ ਵਰਮਾ
ਮੋਗਾ,19 ਜੂਨ, ਭਾਰਤ ਦੀ ਮੋਦੀ ਸਰਕਾਰ ਮੋਗਾ ਜਿਲੇ ਦੇ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਦਾ ਕਾਇਲ ਹੋ ਗਈ ਹੈ ਜਿਸ ਕਰਕੇ ਪੰਚਾਇਤ ਦੀ ਝੋਲੀ ਦੋ ਦੋ ਕੌਮੀ ਪੁਰਸਕਾਰ ਪਏ ਹਨ। ਪਿੰਡ ’ਚ ਕਰੀਬ 500 ਘਰ, 3200 ਦੀ ਅਬਾਦੀ ਹੈ ਜਿਸ ਚੋਂ ਵੱਡੀ ਗਿਣਤੀ ਦਲਿਤ ਲੋਕਾਂ ਦੀ ਹੈ। ਪਿੰਡ ਦੇ ਸਰਪੰਚ ਪ੍ਰੀਤਇੰੰਦਰਪਾਲ ਸਿੰਘ ਜਿਸ ਨੂੰ ਸਭ ਪਿਆਰ ਨਾਲ ਮਿੰਟੂ ਸਰਪੰਚ ਆਖਦੇ ਸਨ ਨੇ ਕਦੇ ਇਸ ਪਿੰਡ ਨੂੰ ਜੋ ਸਜਾਉਣ ਦਾ ਸੁਫਨਾ ਲਿਆ ਸੀ ਉਸ ਨੂੰ ਭਾਗ ਲੱਗੇ ਹਨ। ਮਿੰਟੂ ਸਰਪੰੰੰਚ ਜਦੋਂ ਵਿਦੇਸ਼ ਤੋਂ ਪਰਤਿਆ ਤਾਂ ਰਣਸੀਂਹ ਕਲਾਂ ਅਜਿਹਾ ਨਹੀਂ ਸੀ। ਉਸ ਨੇ ਪਿੰਡ ਵਾਸੀਆਂ ਨੂੰ ਵਿਕਾਸ ਦਾ ਸੁਫਨਾ ਦਿਖਾਇਆ ਤਾਂ ਪਿੰਡ ਦੇ ਲੋਕ ਇੱਕ ਮੋਰੀ ਨਿਕਲ ਗਏ। ਇੱਥੇ ਹੀ ਬੱਸ ਨਹੀਂ ਵਿਦੇਸ਼ਾਂ ’ਚ ਵੱਸਦੇ ਪਿੰਡ ਵਾਸੀਆਂ ਨੇ ਦਸਵੰਧ ਕੱਢਿਆ ਅਤੇ ਪਿੰਡ ਵਾਸੀਆਂ ਦੀ ਕਿਰਤ ਕਮਾਈ ਮਿੰਟੂ ਸਰਪੰੰਚ ਅਤੇ ਉਸ ਦੇ ਸਾਥੀਆਂ ਦਾ ਹੌਂਸਲਾ ਵਧਾਉਣ ਲਈ ਕਾਫੀ ਸੀ। ਫਿਰ ਕੀ ਸੀ ਪਿੰੰਡ ਦੇ ਨੌਜਵਾਨਾਂ ਦੇ ਜਨੂੰਨ ਨੇ ਪਹਾੜ ਨਾਲ ਮੱਥਾ ਲਾ ਲਿਆ ਅਤੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ।
ਇਸੇ ਕਾਰਨ ਹੀ ਪੰਚਾਇਤ ਨੂੰ ਸਵੱਛ ਭਾਰਤ ਅਭਿਆਨ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਸ਼ਲਾਘਾਯੋਗ ਕੰਮ ਕਰਨ ਬਦਲੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਅਤੇ ਨਾਨਾ ਜੀ ਦੇਸ਼ ਮੁੱਖ ਗੌਰਵ ਨਾਂ ਦੇ ਦੋ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਪੰਚਾਇਤ ਨੂੰ ਇਹ ਪੁਰਸਕਾਰ ਇੰਜ ਹੀ ਨਹੀਂ ਮਿਲੇ ਬਲਕਿ ਇਸ ਪਿੱਛੇ ਘਾਲਣਾ ਬੋਲਦੀ ਹੈ। ਪਿੰਡ ਦੇ ਛੱਪੜ ਨੂੰ ਸਾਫ ਕਰਕੇ ਝੀਲ ਬਣਾਈ ਗਈ ਹੈ। ਪਿੰਡ ’ਚ ਰੁੱਖ ਲਾਓ ਮੁਹਿੰਮ ਤਹਿਤ ਪਿੰਡ ਦੇ ਚਾਰ ਚੁਫੇਰੇ ਹਰੀ ਪੱਟੀ ਵਿਕਸਿਤ ਕੀਤੀ ਗਈ ਹੈ। ਦਰਖਤਾਂ ਨੂੰ ਪਿੰਡ ਦੇ ਨੌਜਵਾਨ ਪੁੱਤਾਂ ਵਾਂਗ ਪਾਲਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਚਾਰ ਚੁਫੇਰੇ ਹਰਿਆਲੀ ਦਾ ਅਸਰ ਹੈ ਕਿ ਪਿੰਡ ਦੇ ਲੋਕਾਂ ’ਚ ਤਣਾਅ ਖਤਮ ਹੋਇਆ ਹੈ ਅਤੇ ਪਿੰਡ ਦੀ ਨੌਜਵਾਨ ਪੀੜੀ ਹੁਣ ਚੰਗੇ ਰਾਹ ਪੈ ਗਈ ਹੈ। ਉਨਾਂ ਦੱਸਿਆ ਕਿ ਬਦਲੇ ਵਾਤਾਵਰਨ ਦਾ ਹੀ ਪ੍ਰਭਾਵ ਹੈ ਕਿ ਗਰਮ ਸੁਭਾਅ ਵਾਲੇ ਵੀ ਮਿੱਠੀ ਭਾਸ਼ਾ ’ਚ ਵਿਹਾਰ ਕਰਨ ਲੱਗੇ ਹਨ।
ਪਿੰਡ ’ਚ ਨੌਜਵਾਨਾਂ ਨੇ ਹੱਥੀਂ ਧਰਤੀ ਪੱਟ ਕੇ ਸੀਵਰੇਜ਼ ਪਾਇਆ ਹੈ ਜਿਸ ਨਾਲ ਪਿੰਡ ’ਚ ਸਫਾਈ ਰਹਿਣ ਲੱਗੀ ਹੈ। ਗੰਦੇ ਪਾਣੀ ਨੂੰ ਸੋਧਣ ਲਈ ਵਾਟਰ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਅਤੇ ਸੋਧਿਆ ਪਾਣੀ ਪਿੰਡ ਦੇ ਕਿਸਾਨ ਖੇਤੀ ਖਾਤਰ ਵਰਤਦੇ ਹਨ। ਮਿੰਟੂ ਸਰਪੰਚ ਦੱਸਦਾ ਹੈ ਕਿ ਉਹ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਪਾਣੀ ਮੁਫ਼ਤ ਦਿੰਦੇ ਹਨ। ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਪਿੰਡ ਦੇ ਸੀਵਰੇਜ਼ ਦਾ ਸੋਧਿਆ ਪਾਣੀ ਫਸਲਾਂ ਲਈ ਵਰਦਾਨ ਹੈ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਫਸਲਾਂ ਨੂੰ ਇਹ ਪਾਣੀ ਵਾਰੀ ਸਿਰ ਦਿੱਤਾ ਜਾਂਦਾ ਹੈ ਜਿਸ ਕਰਕੇ ਕਿਸੇ ’ਚ ਨਰਾਜਗੀ ਵਾਲੀ ਗੁੰਜਾਇਸ਼ ਹੀ ਨਹੀਂ ਬਚੀ ਹੈ। ਪਿੰਡ ਦਾ ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਪੂਰਾ ਪਿੰਡ ਸਰਕਾਰੀ ਆਰ.ਓ ਪਲਾਂਟ ਦਾ ਪਾਣੀ ਵਰਤਦਾ ਹੈ। ਮਿੰਟੂ ਸਰਪੰਚ ਅਤੇ ਉਸ ਦੀ ਟੀਮ ਨੇ ਬਿਨਾਂ ਸਰਕਾਰ ਤੋਂ ਕੋਈ ਪੈਸਾ ਲਿਆਂ ਪੂਰੇ ਪਿੰਡ ’ਚ ਸਵਾ ਦੋ ਕਰੋੜ ਦੀ ਲਾਗਤ ਨਾਲ ਇੰਟਰਾਲਾਕਿੰਗ ਟਾਈਲਾਂ ਲਗਾ ਦਿੱਤੀਆਂ ਹਨ। ਪੰਚਾਇਤ ਨੇ ਪਿੰਡ ਵਿਚ ਔਰਤਾਂ ਲਈ ਜਿੰਮ ਬਣਾਇਆ ਹੋਇਆ ਹੈ ।
ਸਟਰੀਟ ਲਾਈਟ ਨਾਲ ਜਗਮਗ ਕਰਦੈ ਪਿੰਡ
ਜਦੋਂ ਆਮ ਪਿੰਡ ਸੂਰਜ ਦੀ ਟਿੱਕੀ ਛਿਪਦਿਆਂ ਹਨੇਰੇ ’ਚ ਡੁੱਬ ਜਾਂਦੇ ਹਨ ਤਾਂ ਪਿੰਡ ਰਣਸੀਂਹ ਕਲਾਂ ਸਟਰੀਟ ਲਾਈਟ ਨਾਲ ਜਗਮਗ ਕਰਦਾ ਹੈ। ਪੰੰਚਾਇਤ ਨੇ ਸਕੂਲ ’ਚ ਪੜਦੇ ਬੱਚਿਆਂ ਨੂੰ ਗਰਮੀ ਨਾਂ ਲੱਗੇ ਇਸ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰੇ ਏ.ਸੀ ਕਰ ਦਿੱਤੇ ਹਨ। ਮਿੰਟੂੂ ਸਰਪੰਚ ਦੱਸਦਾ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਵੀ ਅਹਿਮ ਯੋਗਦਾਨ ਦਿੱਤਾ ਹੈ। ਉਨਾਂ ਬਠਿੰਡਾ ਜਿਲੇ ਦੇ ਪੇਂਡੂ ਵਿਕਾਸ ਅਫਸਰ ਪਰਮਜੀਤ ਸਿੰਘ ਭੁੱਲਰ ਦਾ ਵਿਸ਼ੇਸ਼ ਜਿਕਰ ਕੀਤਾ ਜਿਸ ਨੇ ਹਰ ਕਦਮ ਤੇ ਉਨਾਂ ਨੂੰ ਰਾਹ ਦਿਖਾਇਆ ਹੈ।
ਪਿੰਡ ਰਣਸੀਂਹ ਕਲਾਂ ‘ਪਲਾਸਟਿਕ ਮੁਕਤ
ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਮਿੰਟੂ ਸਰਪੰਚ ਅਤੇ ਪੰੰੰਚਾਇਤ ਨੇ ਨਵਾਂ ਰਾਹ ਕੱਢਿਆ ਹੈ। ਜਦੋਂ ਰੂੜੀਆਂ ਤੇ ਕੂੜਾ ਪਿਆ ਦੇਖਿਆ ਤਾਂ ਪੰਚਾਇਤ ਨੇ ਪਲਾਸਟਿਕ ਬਦਲੇ ਖੰੰਡ ਵੰਡੀ। ਜਿੰਨੀ ਪਲਾਸਟਿਕ ਲਿਆਓਗੇ ਬਦਲੇ ’ਚ ਖੰਡ ਮਿਲੇਗੀ ਇਹ ਨਵਾਂ ਨਾਅਰਾ ਦਿੱਤਾ। ਪੰਚਾਇਤ ਨੇ ਥੈਲੇ ਵੰਡੇ ਅਤੇ ਲੋਕਾਂ ਨੂੰ ਵਾਤਾਵਰਨ ਬਚਾਉਣ ਅਤੇ ਪਿੰੰੰੰਡ ਨੂੰ ਸਾਫ ਸੁਥਰਾ ਰੱਖਣ ਦਾ ਸੁਨੇਹਾਂ ਲਾਇਆ ਜਿਸ ਤੇ ਪਿੰਡ ਵਾਸੀ ਅਮਲ ਕਰਦੇ ਹਨ। ਪਿੰਡ ਦਾ ਪਾਣੀ ਨੀਵਾਂ ਹੋਣ ਕਰਕੇ ਪਿੰੰੰੰਡ ਵਾਸੀਆਂ ਨੇ ਪਾਣੀ ਬਰਬਾਦ ਨਾਂ ਕਰਨ ਦਾ ਸੰਕਲਪ ਵੀ ਲਿਆ ਹੋਇਆ ਹੈ।
ਹੋਰ ਪਿੰਡ ਰਣਸੀਂਹ ਕਲਾਂ ਤੋਂ ਸੇਧ ਲੈਣ
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦਾ ਕਹਿਣਾ ਸੀ ਕਿ ਰਣਸੀਂਹ ਕਲਾਂ ਦੇ ਨੌਜਵਾਨਾਂ ਵੱਲੋਂ ਪਿੰੰਡ ਦੀ ਤਰੱਕੀ ਲਈ ਜੋ ਕੀਤਾ ਗਿਆ ਹੈ ਉਸ ਦੀ ਮਿਸਾਲ ਘੱਟ ਹੀ ਮਿਲਦੀ ਹੈ। ਉਨਾਂ ਦੱਸਿਆ ਕਿ ਉਨਾਂ ਦੇ ਹਲਕੇ ਵਿਚ ਇਹੋ ਇਕਲੌਤਾ ਪਿੰਡ ਹੈ ਜਿੱਥੇ ਪਿੰਡ ਦੇ ਨੌਜਵਾਨਾਂ ਵੱਲੋਂ ਹੱਥੀਂ ਕੰਮ ਕਰਕੇ ਹਰ ਸਮੱਸਿਆ ਦੂਰ ਕੀਤੀ ਗਈ ਹੈ। ਉਨਾਂ ਆਖਿਆ ਕਿ ਹੋਰਨਾਂ ਪਿੰਡਾਂ ਨੂੰ ਰਣਸੀਂਹ ਕਲਾਂ ਤੋਂ ਸੇਧ ਲੈਣੀ ਚਾਹੀਦੀ ਹੈ।