
ਪਰਥ, ਸਕੌਟਲੈਂਡ- ਸਤਿੰਦਰ ਸਿੰਘ ਸਿੱਧੂ
ਪਿਛਲੇ ਦਿਨੀ ਲੰਡਨ ਦੇ ਟ੍ਰੈਫਲਗਰ ਚੌਕ ਵਿਖੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਅਤੇ ਸਾਥੀਆਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ।
ਇਕ ਖਾਸ ਗੱਲ ਬਾਤ ਦੌਰਾਨ ਉੰਨਾ ਨੇ ਦੱਸਿਆ ਕਿ ਇਹ ਇਕ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਪ੍ਰਦਰਸ਼ਨ ਸੀ । ਦਰਅਸਲ, ਇਹ ਕੋਈ ਵਿਰੋਧ ਨਹੀਂ ਸੀ, ਪਰ ਬ੍ਰਿਟਿਸ਼ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਮੇਜਰ ਜਨਰਲ ਹੈਨਰੀ ਹੈਵਲੌਕ ਅਤੇ ਰਾਬਟ ਕਲਾਈਵ ਦੇ ਬੁੱਤ ਹਟਾਉਣ ਦੀ ਭਾਰਤੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਜੋ ਬਸਤੀਵਾਦੀ ਦਬਦਬੇ ਅਤੇ ਗ਼ੁਲਾਮੀ ਦੇ ਵਿਚਾਰਾਂ ਨੂੰ ਦਰਸਾਉਂਦੇ ਹਨ ।
ਹੈਨਰੀ ਹੈਵਲ ਨੇ 1857 ਦੇ ਬਗਾਵਤ ਨੂੰ ਬੇਰਹਿਮੀ ਨਾਲ ਦਬਾ ਦਿੱਤਾ ਸੀ ਅਤੇ ਭਾਰਤ ਦੇ ਆਜ਼ਾਦੀ ਦੇ ਪਹਿਲੇ ਸੰਘਰਸ਼ ਨੂੰ ਕੁਚਲ ਦਿੱਤਾ ਸੀ। ਰਾਬਟ ਕਲਾਈਵ ਨੇ ਭਾਰਤੀਆਂ ਦੀ ਦੌਲਤ ਨੂੰ ਲੁੱਟਿਆ ਸੀ ਅਤੇ ਬੰਗਾਲ ਵਿੱਚ ਦੁਖਦਾਈ ਅਕਾਲ ਦਾ ਕਾਰਨ ਬਣਨ ਲਈ ਜ਼ਿੰਮੇਵਾਰ ਸੀ ।
ਅੱਗੇ ਉੰਨਾ ਨੇ ਇਹ ਵੀ ਕਿਹਾ ਕਿ ਇਸ ਮਹੱਤਵਪੂਰਨ ਮੁੱਦੇ ਨੂੰ ਉਠਾਉਣ ਦੀ ਪ੍ਰੇਰਣਾ ਉਦੋਂ ਆਈ ਜਦੋਂ ਅਸੀਂ ਵੇਖਿਆ ਕਿ ਐਡਵਰਡ ਕੋਲਸਟਨ ਦਾ ਬੁੱਤ 7 ਜੂਨ ਨੂੰ ਬ੍ਰਿਸਟਲ ਵਿੱਚ ਹਿੰਸਕ ਬਲੈਕ ਲਾਈਵ ਮੈਟਰਜ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਖਿੱਚਿਆ ਗਿਆ ਸੀ ਜਿਸ ਨੇ ਪੂਰੇ ਯੂਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਵਿਸ਼ਵ ਅੱਜ ਸਾਰੇ ਰੂਪਾਂ ਵਿਚ ਵਿਤਕਰੇ ਅਤੇ ਨਸਲਵਾਦ ਵਿਰੁੱਧ ਲੜ ਰਿਹਾ ਹੈ ਅਤੇ ਇਸ ਪ੍ਰਦਰਸ਼ਨ ਰਾਹੀਂ ਬ੍ਰਿਟਿਸ਼ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਹੇਨਰੀ ਹੈਵਲੋਕ ਅਤੇ ਰਾਬਰਟ ਕਲਾਈਵ ਦੀਆਂ ਬਸਤੀਵਾਦੀ ਮੂਰਤੀਆਂ ਨੂੰ ਕਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਕਾਨੂੰਨੀ ਅਤੇ ਸ਼ਾਂਤਮਈ ਢੰਗ ਨਾਲ ਹਟਾ ਦਿੱਤਾ ਜਾਵੇ ।
ਡੀ.ਏਸ.ਪੀ ਗੁਰਜੋਤ ਵਲੋਂ ਇਸ ਮਾਮਲੇ ਦੀ ਸੁਣਵਾਈ ਲਈ ਯੂਕੇ ਸਰਕਾਰ ਨੂੰ ਰਸਮੀ ਤੌਰ ਤੇ ਬੇਨਤੀ ਕਰਨ ਲਈ ਇੱਕ ਲਿਖਤੀ ਪਟੀਸ਼ਨ ਵੀ ਬਣਾਈ ਹੈ ।
ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹੈਨਰੀ ਹੈਵਲੌਕ ਅਤੇ ਰਾਬਟ ਕਲਾਈਵ ਦੇ ਬੁੱਤ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਗਿਆ ਹੈ ਇਸ ਤੋਂ ਪਹਿਲਾ ਸਾਲ 2000 ਵਿਚ ਵੀ ਲੰਡਨ ਦੇ ਤਤਕਾਲੀ ਮੇਅਰ ਕੇਨ ਲਿਵਿੰਗਸਟਨ ਨੇ ਇਹ ਮਹੱਤਵਪੂਰਨ ਮੁੱਦਾ ਚੁੱਕਿਆ ਸੀ ਅਤੇ ਹੁਣ ਵੀ ਰਾਬਟ ਕਲਾਈਵ ਦੇ ਬੁੱਤ ਨੂੰ ਹਟਾਉਣ ਲਈ ਯੂਕੇ ਵਿਚ ਭਾਰਤੀਆਂ ਦੁਆਰਾ 7000 ਤੋਂ ਵੱਧ ਦਸਤਖਤ ਕੀਤੇ ਜਾ ਚੁੱਕੇ ਹਨ।