ਛਾਜਲੀ (ਕੁਲਵੰਤ ਛਾਜਲੀ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਡੀਕਰਨ ਬੋਰਡ ਤੋੜ ਕੇ ਇੱਕ ਮੰਡੀ ਵਿਚ ਫਸਲ ਦੀ ਖਰੀਦ ਕਰਨ ਦਾ ਜੋ ਫੈਸਲਾ ਲਿਆ ਹੈ ਉਹ ਨਾਦਰਸ਼ਾਹੀ ਫਰਮਾਨ ਹੈ ਅਤੇ ਏਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਗਰੀਬ ਲੋੜਵੰਦ ਪਰਿਵਾਰਾਂ ਨੂੰ ਸਸਤੇ ਭਾਅ ਤੇ ਮਿਲਣ ਵਾਲੀ ਕਣਕ ਦਾਲ ਵਾਲੇ ਰਾਸ਼ਨ ਕਾਰਡ ਕੱਟ ਕੇ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਜਰਨਲ ਸਕੱਤਰ ਹਰਵਿੰਦਰ ਸਿੰਘ ਮੰਡੇਰ ਛਾਜਲੀ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੀ ਆੜ ਵਿੱਚ ਲੌਕਡਾਊਨ ਕਰਕੇ ਕਿਸਾਨ ਵਿਰੋਧੀ ਫੈਸਲਿਆਂ ਦਾ ਫਰਮਾਨ ਜਾਰੀ ਕੀਤਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਆਰਡੀਨੈਂਸ ਪਾਸ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਭ ਤੋਂ ਵੱਧ ਫਾਇਦਾ ਵਪਾਰੀ ਵਰਗ ਨੂੰ ਹੋਵੇਗਾ ਅਤੇ ਕਿਸਾਨਾਂ ਦੀ ਲੁੱਟ ਹੋਵੇਗੀ ਕਿਉਂਕਿ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੀ ਹੈ ਜਿਸ ਕਾਰਨ ਆਰਥਿਕ ਸੰਕਟ ਤੋਂ ਗੁਜਰਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੋ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਦੇ ਮਜਦੂਰਾਂ ਨਾਲ ਧੱਕੇਸ਼ਾਹੀ ਕੀਤੀ ਕਿਉਂਕਿ ਉਨ੍ਹਾਂ ਨੂੰ ਸਸਤੇ ਭਾਅ ਮਿਲਣ ਵਾਲੀ ਕਣਕ ਦਾਲ ਵਾਲੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਜਿਸ ਕਾਰਨ ਮਜਦੂਰ ਲੋਕਾਂ ਨੂੰ ਢਿੱਡ ਭਰਨ ਲਈ ਮਹਿੰਗੇ ਭਾਅ ਤੇ ਆਟਾ ਦਾਲ , ਕਣਕ ਖਰੀਦ ਕੇ ਅਜਿਹੀ ਸਥਿਤੀ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਜਦੂਰਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਤਿਆਰ ਹਾਂ ਜੇਕਰ ਕੱਟੇ ਗਏ ਨੀਲੇ ਕਾਰਡ ਮੁੜ ਤੋਂ ਬਹਾਲ ਨਾ ਕੀਤੇ ਗਏ ਤਾਂ ਸੰਘਰਸ਼ ਵਿੱਢਿਆ ਜਾਵੇ। ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਮਾਲਵਾ ਜੋਨ ਦੇ ਯੂਥ ਆਗੂ ਗੁਰਵਿੰਦਰ ਸਿੰਘ ਚੱਠਾ, ਜਗਜੀਤ ਸਿੰਘ ਜੱਗਾ ਪੰਚ, ਬਿਆਸੀ ਸਿੰਘ ਛਾਜਲੀ ਵੀ ਹਾਜ਼ਰ ਸਨ।