ਪਰਦੇਸ ਵਸੇਂਦੇ ਸੱਜਣਾ ਵੇ,
ਤੈਨੂੰ ਯਾਦ ਸਾਡੀ ਨਾ ਆਈ ਵੇ |
ਤੇਰਾ ਦਿਲ ਤਾਂ ਪੱਥਰ ਹੋਇਓ,
ਮੈਂ ਕਮਲੀ ਮਾਰ ਮੁਕਾਈ ਵੇ |
ਹੋਰਾਂ ਦੇ ਮਾਹੀ ਨਿੱਤ ਸਾਰ ਲੈਂਦੇ ਵੇ,
ਦਿਲ ਦੇ ਦੁੱਖ-ਸੁੱਖ ਨਿਖ਼ਾਰ ਲੈਂਦੇ ਵੇ,
ਤੂੰ ਫੜੀ ਬੈਠਾ ਕਿਉਂ ਬੇਪਰਵਾਹੀ ਵੇ?
ਪਰਦੇਸ ਵਸੇਂਦੇ ਸੱਜਣਾ ਵੇ……. |
ਹਰ ਪਲ਼ ਤੇਰੇ ਹਿਜ਼ਰ ਵਿੱਚ ਸੜਦੀ,
ਵਾਂਗ ਦਧੂਨੇ ਦੁੱਧ ਦੇ ਕੜਦੀ,
ਇਹ ਕੈਸੀ ਤੜਪਣ ਲਾਈ ਵੇ?
ਪਰਦੇਸ ਵਸੇਂਦੇ ਸੱਜਣਾ ਵੇ……. |
ਲੱਖ ਵਸੇਂਦੀ ਦੁਨੀਆਂ ਹੋਵੇ,
ਬਿਰਹਾ ਦੀ ਪੀੜਾ ਕੱਲੀ ਰੋਵੇ,
ਸਾਥੋਂ ਸਹਿ ਨਾ ਹੋਵੇ ਹੁਣ ਜੁਦਾਈ ਵੇ,
ਪਰਦੇਸ ਵਸੇਂਦੇ ਸੱਜਣਾ ਵੇ….. |
ਕਦ ਸੱਜਣਾ ਤੂੰ ਫੇਰਾ ਪਾਉਣਾ,
ਮੁੜ ਵਤਨਾਂ ਨੂੰ ਵਾਪਿਸ ਆਉਣਾ,
ਦਿਲ ਜਾਵੇ ਹਰ ਦਮ ਘਬਰਾਈ ਵੇ,
ਪਰਦੇਸ ਵਸੇਂਦੇ ਸੱਜਣਾ ਵੇ….. |
‘ਜਲੰਧਰੀ’ ਨੇ ਦੁੱਖ ਆਖ ਸੁਣਾਇਆ,
ਰਿਸ਼ਤਿਆਂ ਨੂੰ ਕਿਉਂ ਖਾ ਗਈ ਮਾਇਆ?
ਗੱਲ ਸੱਚੀ ਆਖ ਸੁਣਾਈ ਵੇ,
ਪਰਦੇਸ ਵਸੇਂਦੇ ਸੱਜਣਾ ਵੇ,
ਤੈਨੂੰ ਯਾਦ ਸਾਡੀ ਨਾ ਆਈ ਵੇ|
ਤੇਰਾ ਦਿਲ ਤਾਂ ਪੱਥਰ ਹੋਇਓ,
ਮੈਂ ਕਮਲੀ ਮਾਰ ਮੁਕਾਈ ਵੇ |
ਅਮਨਦੀਪ ਕੌਰ ਜਲੰਧਰੀ
88720-40085