ਅਸ਼ੋਕ ਵਰਮਾ
ਬਠਿੰਡਾ, 13 ਜੂਨ
ਬਠਿੰਡਾ ਦੇ ਮਾਲ ਰੋਡ ਤੇ ਸਥਿਤ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਕੰਨਿਆਂ ਦੀ ਨਵੀਂ ਇਮਾਰਤ ਬਣਾਈ ਜਾਵੇਗੀ ਜੋ ਕਿ ਵਿਸ਼ਵਪੱਧਰੀ ਸਿੱਖਿਆ ਸਹੁਲਤਾਂ ਨਾਲ ਲੈਸ ਹੋਵੇਗੀ। ਇਹ ਜਾਣਕਾਰੀ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਕੂਲ ਵਿਖੇ ਸਿੱਖਿਆ ਸੰਸਥਾਵਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਬੁਲਾਈ ਬੈਠਕ ਤੋਂ ਬਾਅਦ ਦਿੱਤੀ। -ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਕੂਲ ਵਿਚ ਇਸ ਸਮੇਂ 2200 ਤੋਂ ਜਿਆਦਾ ਲੜਕੀਆਂ ਸਿੱਖਿਆ ਲੈ ਰਹੀਆਂ ਹਨ। ਪਰ ਇੱਥੇ ਜੋ ਨਵੀਂ ਇਮਾਰਤ ਬਣਾਈ ਜਾਵੇਗੀ ਉਹ ਭਵਿੱਖੀ ਜਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ 5000 ਵਿਦਿਆਰਥਨਾਂ ਦੀ ਜਰੂਰਤ ਅਨੁਸਾਰ ਹੋਵੇਗੀ ਅਤੇ ਇਹ ਸਕੂਲ ਨਾ ਸਿਰਫ ਬਠਿੰਡਾ ਜ਼ਿਲੇ ਬਲਕਿ ਪੂਰੇ ਪੰਜਾਬ ਦਾ ਸ਼ੇ੍ਰਸਠ ਸਕੂਲ ਬਣਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਇਸ ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ।
ਸ: ਬਾਦਲ ਨੇ ਦੱਸਿਆ ਕਿ ਇਸ ਸਕੂਲ ਵਿਚ ਪ੍ਰਬੰਧਕੀ ਬਲਾਕ, 150 ਕਲਾਸਰੂਮ, ਵੱਖ ਵੱਖ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਕੰਟੀਨ ਵੀ ਬਣੇਗੀ। ਇਸ ਤੋਂ ਬਿਨਾਂ ਇੱਥੇ ਇਕ ਉਚੱ ਪੱਧਰੀ ਸਹੁਲਤਾਂ ਵਾਲਾ ਆਡੀਟੋਰੀਅਮ ਵੀ ਬਣਾਇਆ ਜਾਵੇਗਾ। ਇਸ ਦੇ ਸਾਹਮਣੇ ਇਕ ਬਹੁਮੰਜਿਲਾ ਪਾਰਕਿੰਗ ਵੀ ਬਣੇਗੀ। ਇਸ ਦੌਰਾਨ ਉਨਾਂ ਨਾਲ ਸਿੱਖਿਆ ਸਕੱਤਰ ਿਸ਼ਨ ਕੁਮਾਰ ਅਤੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਵੀ ਹਾਜਰ ਸਨ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀਆਂ ਲਈ ਨਵਾਂ ਫਰਨੀਚਰ ਉਪਲਬੱਧ ਕਰਵਾਇਆ ਜਾਵੇਗਾ। ਉਨਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਸਕੂਲਾਂ ਦੀਆਂ ਹੋਰ ਬੁਨਿਆਦੀ ਜਰੂਰਤਾਂ ਸਬੰਧੀ ਵੀ ਰਿਪੋਰਟ ਤਿਆਰ ਕਰਨ ਨੂੰ ਕਿਹਾ ਤਾਂ ਜੋ ਸਿੱਖਿਆ ਖੇਤਰ ਦੀਆਂ ਸਾਰੀਆਂ ਜਰੂਰਤਾਂ ਨੂੰ ਪਹਿਲ ਤੇ ਅਧਾਰ ਤੇ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ ਕਿ ਸ਼ਹਿਰ ਦੇ 10 ਸਕੂਲਾਂ ਨੂੰ 17.12 ਕਰੋੜ ਰੁਪਏ ਨਾਂਲ ਪਹਿਲਾਂ ਹੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨਾਂ ਨੇ ਸਿੱਖਿਆ ਵਿਭਾਗ ਨੂੰ ਪਰਸਰਾਮ ਨਗਰ, ਘਨਈਆਂ ਨਗਰ, ਚੰਦਸਰ ਬਸਤੀ ਆਦਿ ਸਕੂਲਾਂ ਵਿਚ ਬੁਨਿਆਦੀ ਸਹੁਲਤਾਂ ਦੀ ਘਾਟ ਨੂੰ ਦੂਰ ਕਰਨ ਲਈ ਵੀ ਨਿਰਦੇਸ਼ ਦਿੱਤੇ। ਉਨਾਂ ਨੇ ਇਸ ਮੌਕੇ ਸ਼ਹਿਰ ਦੇ ਸਕੂਲਾਂ ਵਿਚ ਬਰਸਾਤੀ ਸੀਜਨ ਦੌਰਾਨ ਲੈਂਡਸਕੇਪਿੰਗ ਕਰਦੇ ਹੋਏ ਨਵੇਂ ਬੂਟੇ ਲਗਾਉਣ ਲਈ ਵੀ ਵਿਭਾਗ ਨੂੰ ਹਦਾਇਤ ਕੀਤੀ। ਇਸ ਮੌਕੇ ਸ: ਜੈਜੀਤ ਸਿੰਘ ਜੌਹਲ, ਕੇਕੇ ਅਗਰਵਾਲ, ਜ਼ਿਲਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ, ਭੁਪਿੰਦਰ ਕੌਰ, ਕਾਰਜਕਾਰੀ ਇੰਜਨੀਅਰ ਵਿਪਨ ਖੰਨਾ, ਐਸ.ਡੀ.ਓ. ਅਮੁਲਿਆ ਗਰਗ, ਜਗਰੂਪ ਸਿੰਘ ਗਿੱਲ, ਅਰੁਣ ਵਧਾਵਨ, ਪਵਨ ਮਾਨੀ, ਅਸ਼ੋਕ ਪ੍ਰਧਾਨ, ਮੋਹਨ ਲਾਲ ਝੂੰਬਾ, ਰਾਜਨ ਗਰਗ, ਅਤੇ ਅਨਿਲ ਭੋਲਾ ਆਦਿ ਵੀ ਹਾਜਰ ਸਨ।