8.2 C
United Kingdom
Saturday, April 19, 2025

More

    ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਸਰਵਿਸ ਐਪ ‘ਟਿੱਕਟੋਕ’ ਦੀ ਲਾਗ ਤੋਂ ਸਾਵਧਾਨ

    ਹਰਜੀਤ ਲਸਾੜਾ, ਬ੍ਰਿਸਬੇਨ – ਆਸਟ੍ਰੇਲੀਆ

    ਚੀਨੀ ਵੀਡੀਓ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਸਰਵਿਸ ਟਿੱਕਟੋਕ (TikTok), ਜੋ ਕਿ ਬੀਜਿੰਗ ਅਧਾਰਿਤ ਕੰਪਨੀ, ਝਾਂਗ ਯੀਮਿੰਗ ਦੁਆਰਾ 2012 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਇਸਦੀ ਮਲਕੀਅਤ ਬਾਈਟਡਾਂਸ ਕੋਲ ਰਾਖਵੀਂ ਹੈ। ਜਿਕਰਯੋਗ ਹੈ ਕਿ ਟਿੱਕਟੋਕ ਦੀ ਐਪ ਨੂੰ ਚੀਨ ਤੋਂ ਬਾਹਰ ਬਾਜ਼ਾਰਾਂ ਵਿੱਚ ਆਈਓਐਸ ਅਤੇ ਐਂਡਰਾਇਡ ਲਈ ਸਾਲ 2017 ਵਿੱਚ ਲਾਂਚ ਕੀਤਾ ਗਿਆ ਸੀ। ਅੱਜ ਇਹ ਐਪ ਪੂਰੇ ਵਿਸ਼ਵ ਵਿੱਚ ਛੋਟਾ ਨਾਚ, ਲਿਪ-ਸਿੰਕ, ਕਾਮੇਡੀ ਅਤੇ ਪ੍ਰਤਿਭਾ ਵਾਲੀਆਂ ਵੀਡੀਓ ਬਣਾਉਣ ਲਈ ਹਰ ਉਮਰ ਵਰਗ ਵਲੋਂ ਧੜੱਲੇ ਨਾਲ਼ ਵਰਤੀ ਜਾ ਰਹੀ ਹੈ।
    ਦੱਸਣਯੋਗ ਹੈ ਕਿ ਬਾਈਟਡਾਂਸ ਨੇ ਸਭ ਤੋਂ ਪਹਿਲਾਂ ਸਤੰਬਰ 2016 ਵਿਚ ਚੀਨ ਦੇ ਬਾਜ਼ਾਰ ਲਈ ਡੋਯਿਨ ਐਪਲੀਕੇਸ਼ਨ (ਐਪ) ਨੂੰ ਲਾਂਚ ਕੀਤਾ ਸੀ। ਫਿਰ 2 ਅਗਸਤ, 2018 ਨੂੰ ਮਿਊਜ਼ੀਕਲ.ਲੇ ਨਾਲ ਸਾਂਝ ਤੋਂ ਬਾਅਦ ਇਸਨੂੰ ਸੰਯੁਕਤ ਰਾਜ ਅਮਰੀਕਾ ਵਿਚ ਵੀ ਉਪਲਬਧ ਕਰਾਇਆ ਗਿਆ। ਟਿੱਕਟੋਕ ਅਤੇ ਡੌਯਿਨ ਇਕ ਦੂਜੇ ਨਾਲ ਮਿਲਦੇ-ਜੁਲਦੇ ਹਨ ਅਤੇ ਜ਼ਰੂਰੀ ਤੌਰ ਤੇ ਇਕੋ ਹੀ ਐਪ ਹਨ। ਹਾਲਾਂਕਿ, ਉਹ ਚੀਨੀ ਸੈਂਸਰਸ਼ਿਪ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਦੋਨਾਂ ਦੇ ਸਰਵਰ ਵੱਖਰੇ ਤੌਰ ‘ਤੇ ਚਲਦੇ ਹਨ।
    ਮਜ਼ੂਦਾ ਸਮੇ ਟਿੱਕਟੋਕ ਐਪਲੀਕੇਸ਼ਨ ਤਕਰੀਬਨ 40 ਭਾਸ਼ਾਵਾਂ ‘ਚ ਉਪਭੋਗਤਾਵਾਂ ਨੂੰ 3 ਤੋਂ 15 ਸਕਿੰਟ ਦੇ ਛੋਟੇ ਸੰਗੀਤ, ਲਿਪ-ਸਿੰਕ ਵੀਡੀਓ ਅਤੇ 3 ਤੋਂ 60 ਸਕਿੰਟ ਦੇ ਛੋਟੇ ਲੂਪਿੰਗ ਵੀਡੀਓ ਬਣਾਉਣ ਦੀ ਆਗਿਆ ਦਿੰਦੀ ਹੈ। ਅੱਜ ਇਹ ਐਪ ਏਸ਼ੀਆ, ਸੰਯੁਕਤ ਰਾਜ, ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਹਰ ਵਰਗ ਦੀ ਪਸੰਦ ਬਣ ਚੁੱਕਾ ਹੈ। ਪਰ, ਟਿੱਕਟੋਕ ਅੱਜ ਵੀ ਚੀਨ ਵਿੱਚ ਡੌਯਿਨ ਵਜੋਂ ਉਪਲਬਧ ਹੈ। ਟਿੱਕਟੋਕ ਦੇ ਮਿਊਜ਼ੀਕਲ.ਲੇ ਨਾਲ ਅਭੇਦ ਹੋਣ ਤੋਂ ਬਾਅਦ ਇਸਦਾ ਡਾਉਨਲੋਡਸ ਵਧਿਆ ਅਤੇ ਟਿੱਕਟੋਕ ਅਕਤੂਬਰ 2018 ਵਿਚ ਅਮਰੀਕਾ ਵਿਚ ਸਭ ਤੋਂ ਵੱਧ ਡਾਉਨਲੋਡ ਕੀਤੀ ਜਾਣ ਵਾਲ਼ੀ ਪਹਿਲੀ ਚੀਨੀ ਐਪ ਬਣਕੇ ਬਾਜ਼ਾਰ ‘ਚ ਉੱਭਰੀ। ਸਾਲ 2018 ਤੱਕ ਇਹ 150 ਤੋਂ ਵੱਧ ਬਾਜ਼ਾਰਾਂ ਅਤੇ 75 ਭਾਸ਼ਾਵਾਂ ਵਿੱਚ ਉਪਲਬਧ ਸੀ ਅਤੇ ਫਰਵਰੀ 2019 ਵਿੱਚ ਟਿੱਕਟੋਕ ਨੇ ਡੋਯਿਨ ਨਾਲ ਮਿਲ ਕੇ ਚੀਨ ਵਿੱਚ ਐਂਡਰਾਇਡ ਸਥਾਪਨਾਂ ਨੂੰ ਛੱਡ ਕੇ ਵਿਸ਼ਵ ਪੱਧਰ ਤੇ ਇੱਕ ਅਰਬ ਡਾਉਨਲੋਡਸ ਦਰਜ਼ ਕੀਤੇ। ਇਹ ਵੱਡੀ ਦਰਜ਼ ਆਪਣੇ ਆਪ ‘ਚ ਐਪ ਦੀ ਦੁਨੀਆਂ ‘ਚ ਰਿਕਾਰਡ ਬਾਬਤ ਸੀ। ਸਾਲ 2019 ਵਿੱਚ ਟਿੱਕਟੋਕ ਨੂੰ 2010 ਤੋਂ 2019 ਤੱਕ ਦਹਾਕੇ ਦਾ 7ਵਾਂ ਸਭ ਤੋਂ ਵੱਧ ਡਾਉਨਲੋਡਸ ਕੀਤਾ ਜਾਣ ਵਾਲ਼ਾ ਮੋਬਾਈਲ ਐਪ ਘੋਸ਼ਿਤ ਕੀਤਾ ਗਿਆ ਸੀ ਅਤੇ ਨਾਲ਼ ਹੀ ਇਸਨੂੰ 2018 ਅਤੇ 2019 ਵਿਚ ਐਪ ਸਟੋਰ ‘ਤੇ ਸਭ ਤੋਂ ਜ਼ਿਆਦਾ (ਨੰਬਰ ਵੰਨ) ਡਾਉਨਲੋਡਸ ਕੀਤੀ ਗਈ ਐਪ ਵੀ ਘੋਸ਼ਿਤ ਕੀਤਾ ਗਿਆ ਸੀ।

    ਪਰ, ਮਜ਼ੂਦਾ ਸਮੇਂ ‘ਚ ਇਹ ਐਪ ਖਾਸ ਕਰਕੇ ਨੌਜ਼ਵਾਨੀ ਲਈ ਇਕ ਨਸ਼ੇ ਬਾਬਤ ਹੋਂਦ ‘ਚ ਆ ਚੁੱਕਾ ਹੈ। ਛੋਟੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਵੀ ਇਸਦੀ ਲਾਗ ਭਲੀ-ਭਾਂਤ ਦਿਖਾਈ ਦੇ ਰਹੀ ਹੈ। ਜਿਸਤੋਂ ਕਿ ਸਾਡਾ ਭਾਰਤੀ ਸਮਾਜ ਵੀ ਨਹੀਂ ਬਚ ਸਕਿਆ ਹੈ। ਬਹੁਤਾ ਤਬਕਾ ਇਸਨੂੰ ਆਪਣੇ ਮਨੋਰੰਜ਼ਨ ਅਤੇ ਵਕਤੀ ਪ੍ਰਸਿੱਧੀ ਲਈ ਵਰਤ ਰਿਹਾ ਹੈ। ਚਾਹੇ ਕੁੱਝ ਕੁ ਨੂੰ ਪ੍ਰਸਿੱਧੀ ਵੀ ਮਿਲੀ ਪਰ ਇਹ ਪ੍ਰਸਿੱਧੀ ਸਥਾਈ ਨਹੀਂ ਦਿਖਾਈ ਦਿੱਤੀ। ਫ਼ਿਰ ਵੀ ਨੌਜ਼ਵਾਨੀ ‘ਚ ਇਸ ਟਿੱਕਟੋਕ ਦਾ ਪ੍ਰਚਲਨ ਜ਼ੋਰਾਂ ‘ਤੇ ਹੈ ਅਤੇ ਅਸੀਂ ਬੇਫ਼ਿਕਰੇ ਬਣ ਇਹਨਾਂ ਐਂਪਾਂ ਜ਼ਰੀਏ ਆਪਣੀ ਨਿੱਜੀ ਤੇ ਗੁੱਪਤ ਜਾਣਕਾਰੀ ਨੂੰ ਆਪ ਹੀ ਇਹਨਾਂ ਕੰਪਨੀਆਂ ਦੇ ਹਵਾਲੇ ਕਰ ਰਹੇ ਹਾਂ। ਅੱਗੋਂ ਇਹ ਕੰਪਨੀਆਂ ਉਪਭੋਗਤਾਵਾਂ (ਯੂਸਰਸ) ਵਲੋਂ ਦਿੱਤੀ ਜਾਣਕਾਰੀ ਨੂੰ ਬਾਜ਼ਾਰ ‘ਚ ਵੇਚਕੇ ਚੋਖਾ ਪੈਸਾ ਕਮਾ ਰਹੀਆਂ ਹਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਸੰਨ੍ਹ ਵੀ ਲਗਾ ਰਹੀਆਂ ਹਨ।
    ਯਾਦ ਰਹੇ ਕਿ ਇਹਨਾਂ ਐਪਾਂ ਦੀ ਵਰਤੋਂ ਸਮੇਂ ਫ਼ੋਨ ‘ਤੇ ਤੁਹਾਡੀਆਂ ਚੱਲੀਆਂ ਉਂਗਲਾਂ ਦੇ ਹਰ ਸਕਿੰਟ ਦਾ ਹਿਸਾਬ ਇਹਨਾਂ ਕੰਪਨੀਆਂ ਕੋਲ਼ ਹੁੰਦਾ ਹੈ। ਤੁਸੀਂ ਕੀ ਲਿੱਖ ਰਹੇ ਹੋ? ਸਭ ਕਾਸੇ ਤੋਂ ਜਾਣੂ ਹੁੰਦੀਆਂ ਹਨ ਇਹ ਐਪ ਕੰਪਨੀਆਂ। ਤੁਹਾਡੀ ਦਿੱਤੀ ਜਾਣਕਾਰੀ ਦੀ ਦੁਰਵਰਤੋਂ ਹੀ ਅੱਜ ਇਹਨਾਂ ਬਹੁਤੀਆਂ ਕੰਪਨੀਆਂ ਦਾ ਵਪਾਰਕ ਮਨੋਰਥ ਬਣ ਗਿਆ ਹੈ। ਸਕਿੰਟਾਂ ਵਿੱਚ ਤੁਹਾਨੂੰ ਵਿੱਤੀ ਚੂਨਾ ਲੱਗਣਾ ਅੱਜ ਕੱਲ੍ਹ ਆਮ ਵਰਤਾਰਾ ਬਣ ਗਿਆ ਹੈ। ਅਮਰੀਕਾ ਨੇ ਆਪਣੀ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਇਕ ਵੱਖਰੇ ਕਨੂੰਨ ਨੂੰ ਪਾਸ ਕਰਕੇ ਆਪਣੇ ਹਰ ਸੰਘੀ ਕਰਮਚਾਰੀ (ਹੋਮਲੈਂਡ ਸਿਕਿਓਰਿਟੀ ਵਿਭਾਗ, ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀਐੱਸਏ), ਪੈਂਟਾਗਨ) ਅਤੇ ਸਰਕਾਰੀ ਫ਼ੋਨਾਂ ‘ਤੇ ਟਿੱਕਟੋਕ ਐਪ ਨੂੰ ਡਾਊਨਲੋਡ ਕਰਨ ਅਤੇ ਵਰਤਣ ਉੱਤੇ ਪੂਰਨ ਪਬੰਦੀ ਲਗਾ ਰੱਖੀ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਐਪ ਚੀਨੀ ਕੰਪਨੀ ਦੀ ਮਲਕੀਅਤ ਹੈ ਅਤੇ ਹਰ ਚੀਨੀ ਕੰਪਨੀ ਨੂੰ ਆਪਣੇ ਡਾਟਾ ਦੀ ਜਾਣਕਾਰੀ ਚੀਨੀ ਸਰਕਾਰ ਨਾਲ਼ ਸਾਂਝੀ ਕਰਨਾ ਕਨੂੰਨੀ ਬੰਦਿਸ਼ ਹੈ। ਇਸ ਸਚਾਈ ਨੂੰ ਟਿੱਕਟੋਕ ਨੇ ਵੀ ਕਬੂਲਿਆ ਹੋਇਆ ਹੈ। ਇਸ ਲਈ ਅਮਰੀਕੀ ਫੌਜ਼ ‘ਚ ਵੀ ਇਸ ਐਪ ਦੀ ਵਰਤੋਂ ‘ਤੇ ਸਖ਼ਤ ਪਬੰਦੀ ਹੈ।
    ਇਸ ਲਈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਟਿੱਕਟੋਕ ਕੋਲ਼ ਤੁਹਾਡੇ ਨੱਪੇ ਹਰ ਬਟਨ ਦਾ ਹਿਸਾਬ ਹੁੰਦਾ ਹੈ। ਮਸਲਨ, ਤੁਹਾਡੇ ਫ਼ੋਨ ਵਿਚਲੀਆਂ ਹੋਰ ਐਪਾਂ ਵੀ ਇਸ ਇਕ ਐਪ ਦੀਆਂ ਗੁਲਾਮ ਹੋ ਜਾਂਦੀਆਂ ਹਨ। ਤੁਹਾਡੇ ਵਲੋਂ ਭੇਜੇ/ਪ੍ਰਾਪਤ ਕੀਤੇ ਸੁਨੇਹੇ, ਕਾਲਾਂ, ਤਸਵੀਰਾਂ, ਲੁਕੇਸ਼ਨ, ਸਾਇਟਾਂ, ਆਈ ਪੀ ਐਡਰੈੱਸ ਆਦਿ ਹਰ ਸਮੱਗਰੀ ਅਤੇ ਕਾਰਵਾਈ ‘ਤੇ ਇਹਨਾਂ ਕੰਪਨੀਆਂ ਦੀ ਬਾਜ਼ ਵਾਲ਼ੀ ਅੱਖ ਰਹਿੰਦੀ ਹੈ। ਇਸ ਲਈ ਤੁਹਾਡਾ ਸਮਾਰਟ ਫ਼ੋਨ ਮਜ਼ੂਦਾ ਸਮੇਂ ਵਿੱਚ ਇਹਨਾਂ ਕੰਪਨੀਆਂ ਲਈ ਠੱਗੀ ਦਾ ਆਸਾਨ ਤੇ ਚੁਸਤ ਵਪਾਰਕ ਜ਼ਰੀਆ ਬਣ ਚੁੱਕਾ ਹੈ। ਇਸ ਲਈ ਸਾਨੂੰ ਹੋਰ ਵਧੇਰੇ ਜਾਗਰੂਕ ਅਤੇ ਸਾਵਧਾਨ ਹੋਕੇ ਇਹਨਾਂ ਆਧੁਨਿਕ ਯੰਤਰਾਂ ਤੇ ਐਪਾਂ ਦਾ ਇਸਤੇਮਾਲ ਕਰਕੇ ਸਮੇਂ ਦੇ ਹਾਣੀਂ ਬਣਨਾ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!