10.8 C
United Kingdom
Monday, May 20, 2024

More

    ਸਭਿਅਕ ਮਨੁੱਖ

    ਹਰਦੀਪ ਸਿੰਘ ਗਰੇਵਾਲ਼ ‘ ਥਰੀਕੇ ‘
    “ਮਾਂ ਬਾਹਰ ਕਿਵੇਂ ਦਾ ਮੌਸਮ ਆ” “ਬਾਹਰ ਮੇਰੇ ਬੱਚੇ ਬਸੰਤ ਰੁੱਤ ਚੱਲ ਰਹੀ ਆ , ਚਾਰੇ ਪਾਸੇ ਫੁੱਲ ਖਿੜੇ ਹੋਏ ਨੇ , ਤਿਤਲੀਆਂ ਫੁੱਲਾਂ ਉੱਤੇ ਮੰਡਰਾ ਰਹੀਆਂ ਹਨ , ਹਿਰਨ ਘਾਹ ਚਰ ਰਹੇ ਹਨ , ਕਿਤੇ ਮੋਰਨੀਆਂ ਦੇ ਘੇਰੇ ਦੇ ਵਿਚਕਾਰ ਮੋਰ ਪੈਲ ਪਾ ਰਿਹਾ ਹੈ। ਬਾਂਦਰ ਦਰੱਖਤਾਂ ਉੱਪਰ ਟਪੂਸੀਆਂ ਮਾਰ ਰਹੇ ਹਨ। “ ਹਾਥਣੀ ਨੇ ਗਰਭ ਵਿੱਚ ਪਲ਼ ਰਹੇ ਆਪਣੇ ਬੱਚੇ ਨੂੰ ਬਾਹਰਲਾ ਸਾਰਾ ਦ੍ਰਿਸ਼ ਬਿਆਨ ਕੀਤਾ। “ ਮਾਂ ਮੈਂ ਇਸ ਦੁਨੀਆ ਉੱਤੇ ਕਦੋਂ ਆਂਊ ?” ਹਾਥਣੀ ਦੇ ਪੇਟ ਵਿੱਚ ਪਲ਼ ਰਹੇ ਬੱਚੇ ਨੇ ਅਗਲਾ ਸਵਾਲ ਕੀਤਾ । “ ਮੇਰੇ ਬੱਚੇ ਜਾਨੂੰ ਅਜੇ ਤਾਂ ਤੈਨੂੰ ਇੱਕ ਸਾਲ ਪੂਰਾ ਹੋਇਆ ਮੇਰੇ ਗਰਭ
    ਵਿੱਚ ਪਲ਼ਦੇ ਨੂੰ , ਦਸ ਮਹੀਨੇ ਹੋਰ ਇੰਤਜ਼ਾਰ ਕਰ
    ਅਜੇ , ਫੇਰ ਕਰ ਲਈਂ ਆਪਣੀਆਂ ਮਨ ਆਈਆਂ ਜੋ ਕਰਨੀਆਂ ਨੇ । “ ਹਾਥਣੀ ਨੇ ਆਪਣੇ ਹੋਣ ਵਾਲ਼ੇ ਬੱਚੇ ਦਾ ਨਾਂ ਜਾਨੂੰ ਰੱਖਿਆ ਹੋਇਆ ਸੀ । “ ਮਾਂ ਮੈਂ ਜਦ ਵੀ ਆਪਣੇ ਪਿਤਾ ਜੀ ਬਾਰੇ ਪੁੱਛਦਾ ਹਾਂ , ਤਾਂ ਤੁਸੀਂ ਹਰ ਵਾਰੀ ਟਾਲ਼ ਜਾਂਦੇ ਓ , ਅੱਜ ਜ਼ਰੂਰ ਦੱਸੋ ਮੇਰੇ ਪਿਤਾ ਜੀ ਕੌਣ ਹਨ ? ਉਹ ਕਿੱਥੇ ਰਹਿੰਦੇ ਹਨ ? ਉਹ ਸਾਨੂੰ ਮਿਲਣ ਕਿਉਂ ਨਹੀਂ ਆਂਉਦੇ ? “ ਜਾਨੂੰ ਨੇ ਕਈ ਸਵਾਲ ਆਪਣੀ ਮਾਂ ਨੂੰ ਇੱਕੋ ਸਮੇਂ ਹੀ ਕਰ ਦਿੱਤੇ ।” ਮੇਰੇ ਜਾਨੂੰ ਤੇਰੇ ਪਿਤਾ ਜੀ ਇਸ ਦੁਨੀਆਂ ਉੱਤੇ ਨਹੀਂ ਰਹੇ ।” ਇੰਨੀ ਗੱਲ ਕਹਿੰਦਿਆਂ ਹਾਥਣੀ ਦੇ ਅੱਥਰੂ ਉਸਦੀ ਸੁੰਢ ਉੱਤੋਂ ਦੀਂ ਵੱਗਣ ਲੱਗ ਪਏ। “ ਕੀ ਹੋਇਆ ਸੀ ਮੇਰੇ ਪਿਤਾ ਜੀ ਨੂੰ ? “ ਜਾਨੂੰ ਜਾਣੀ ਆਪਣੀ ਮਾਂ ਦੇ ਪੇਟ ਵਿੱਚ ਹੀ ਕੁਰਲ਼ਾ ਉੱਠਿਆ ਸੀ । ਹਾਥਣੀ ਨੇ ਆਪਣਾ ਪੂਰਾ ਦਿਲ ਕਰੜਾ ਕਰਕੇ ਆਪਣੇ ਬੱਚੇ ਨੂੰ ਸਾਰੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ ।” ਜਾਨੂੰ , ਤੇਰੇ ਪਿਤਾ ਜੀ ਇਸ ਜੰਗਲ਼ ਵਿੱਚ ਸਭ ਤੋਂ ਤਾਕਤਵਰ ਸਨ ।ਸ਼ੇਰ ਨੇ ਵੀ ਜੇਕਰ ਕੋਈ ਫੈਸਲਾ ਕਰਨਾ ਹੁੰਦਾਂ ਤਾਂ ਉਸਦੀ ਸਲਾਹ ਤੋਂ ਬਿਨਾਂ ਨਾ ਕਰਦਾ। ਉਂਨਾਂ ਦਾ ਉੱਚਾ ਕੱਦ , ਲੰਬੇ , ਚਿੱਟੇ ਤੇ ਮਜ਼ਬੂਤ ਬਾਹਰਲੇ ਦੋ ਦੰਦ ਤੇ ਸੁੰਢ ਵਿੱਚ ਮਣਾਂ – ਮੂੰਹੀਂ ਤਾਕਤ ਸੀ । ਜਦ ਉਹ ਸਵੇਰੇ ਨਦੀ ਤੇ ਨਹਾਉਣ ਲਈ ਜਾਂਦੇ ਤਾਂ ਮੇਰੀਆਂ ਸਹੇਲੀਆਂ ਉਸਨੂੰ ਲੁੱਕ – ਲੁੱਕ ਕੇ ਵੇਖਦੀਆਂ । ਉਹ ਤੁਰਦੇ ਤਾਂ ਧਰਤੀ ਹਿੱਲਦੀ ।ਸਾਡੀ ਦੋਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ । ਜਿਸ ਦਿਨ ਮੇਰਾ ਪੈਰ ਭਾਰੀ ਹੋਣ ਦੀ ਖ਼ਬਰ ਤੇਰੇ ਪਿਤਾ ਜੀ ਨੂੰ ਲੱਗੀ ਤਾਂ ਉਹ ਇੰਨਾਂ ਖੁਸ਼ ਹੋਏ ਕਿ ਖ਼ੁਦ ਸਾਰੇ ਜਾਨਵਰਾਂ ਨੂੰ ਜਸ਼ਨ ਮਨਾਉਣ ਦਾ ਸੱਦਾ ਦੇਕੇ ਆਏ । ਪਰ ਇਹ ਖ਼ੁਸ਼ੀ ਬਹੁਤੀ ਦੇਰ ਨਾ ਰਹੀ ।ਇੱਕ ਦਿਨ ਉਹ ਰੋਜ਼ ਦੀ ਤਰਾਂ ਨਦੀ ਤੇ ਨਹਾਉਣ ਲਈ ਗਏ ਤਾਂ ਕਾਫ਼ੀ ਦੇਰ ਤੱਕ ਵਾਪਿਸ ਨਾ ਆਏ। ਮੈਂਨੂੰ ਫਿਕਰ ਹੋਇਆ ਤਾਂ ਮੈਂ ਮਗਰ ਗਈ।ਉਹ ਰਸਤੇ ਵਿੱਚ ਬੇਹੋਸ਼ ਹੋਏ ਪਏ ਸਨ। ਦਰੱਖਤ ਉੱਤੇ ਬੈਠੇ ਇੱਕ ਬੁੱਢੇ ਬਾਂਦਰ ਨੇ ਦੱਸਿਆ ਬਈ ਕੁਝ ਬੰਦੇ ਆਏ ਸਨ। ਉਂਨਾਂ ਨੇ ਲੁੱਕ ਕੇ ਇਸਨੂੰ ਬੇਹੋਸ਼ੀ ਦੇ ਟੀਕੇ ਵਾਲ਼ੀ ਗੋਲ਼ੀ ਮਾਰੀ। ਜਦੋਂ ਇਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਤਾਂ ਉਹ ਬੰਦੇ ਆਰੀ ਨਾਲ਼ ਇੰਨਾਂ ਦੇ ਦੋਨੋ ਦੰਦ ਕੱਟ ਕੇ ਲੈ ਗਏ। ਬਾਂਦਰ ਦੀ ਗੱਲ ਸੁਣਕੇ ਮੈਂ ਵੀ ਸੁੰਨ ਹੋ ਗਈ ਸਾਂ । ਉਹਨਾਂ ਨੂੰ ਦੰਦ ਗਵਾਉਣ ਦਾ ਬਹੁਤ ਸਦਮਾ ਹੋਇਆ।ਉਸ ਦਿਨ ਤੋਂ ਬਾਅਦ ਤੇਰੇ ਪਿਤਾ ਜੀ ਬਾਹਰ ਕਦੇ ਨਾਂ ਨਿਕਲ਼ਦੇ। ਮੈ ਹੀ ਉਹਨਾਂ ਵਾਸਤੇ ਖਾਣ ਨੂੰ ਲੈ ਕੇ ਆਂਉਦੀ ।ਜਾਨੂੰ, ਫੇਰ ਉਹ ਕੱਟੇ ਹੋਏੇ ਦੰਦਾਂ ਦਾ ਜ਼ਖ਼ਮ ਠੀਕ ਨਾ ਹੋਇਆ , ਤੇ ਤੇਰੇ ਪਿਤਾ ਜੀ ਤੇਰਾ ਮੂੰਹ ਵੇਖਣ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ।ਕੋਈ ਜੰਗਲ਼ ਦਾ ਜਾਨਵਰ ਨੀ ਸੀ ਜੋ ਤੇਰੇ ਪਿਤਾ ਦੀ ਮੌਤ ਤੇ ਨਾ ਰੋਇਆ ਹੋਵੇ।ਸ਼ੇਰ ਨੇ ਤਾਂ ਗ਼ੁੱਸੇ ਵਿੱਚ ਦੋ ਆਦਮੀ ਵੀ ਪਾੜ ਸੁੱਟੇ ਸਨ ।ਬਾਂਦਰਾਂ ਨੇ ਵੀ ਨਾਲ਼ਦੇ ਪਿੰਡ ਤੇ ਹੱਲਾ ਬੋਲਿਆ ਸੀ ।ਪਰ ਮੌਤ ਤਾਂ ਮੌਤ ਸੀ । ਕੁਝ ਵੀ ਕਰਦੇ ਤੇਰੇ ਪਿਤਾ ਜੀ ਤਾਂ ਵਾਪਿਸ ਨਹੀਂ ਸਨ ਆ ਸਕਦੇ ।” ਲੰਬਾ ਹਾਉਕਾ ਲੈ ਕੇ ਹਾਥਣੀ ਚੁੱਪ ਕਰ ਗਈ ।
    “ ਮਾਂ ਇਹ ਮਨੁੱਖ ਕਿਹੋ ਜਿਹਾ ਜਾਨਵਰ ਆ “ ਜਾਨੂੰ ਨੇ ਗ਼ੁੱਸੇ ਭਰੀ ਅਵਾਜ਼ ਨਾਲ਼ ਪੁੱਛਿਆ। “ ਨਾ ਬੱਚਾ ਜਾਨਵਰ ਨਾ ਕਹਿ ਇਸਨੂੰ , ਜਾਨਵਰ ਕਹੇ ਤੋਂ ਤਾਂ ਇਹ ਮਨੁੱਖ ਬਹੁਤ ਗ਼ੁੱਸਾ ਕਰਦੇ ਨੇ । ਇਹ ਬਾਕੀ ਸਾਰੇ ਜੀਵਾਂ- ਜੰਤੂਆਂ ਨੂੰ ਜਾਨਵਰ ਕਹਿੰਦਾ ।ਪਰ ਇਹ ਆਪਣੇ – ਆਪ ਨੂੰ ਬੜਾ ਸਭਿਅਕ ਕਹਾਂਉਦਾ ਸਮਾਜ ਵਿੱਚ। ਜਾਨਵਰਾਂ ਦੀ ਖੱਲਾਂ ਲਾ ਕੇ ਆਪਣੇ ਲਈ ਕੱਪੜੇ ਬਣਾਉਦਾ। ਹਾਥੀਆਂ ਦੇ ਦੰਦਾਂ ਦੇ ਗਹਿਣੇ ਪਹਿਨ ਕੇ ਵੱਡੀਆਂ – ਵੱਡੀਆਂ ਮਹਿਫ਼ਲਾਂ ਵਿੱਚ ਜਾਂਦਾ । ਚੱਲ ਸੌ ਜਾ ਹੁਣ ਬਾਕੀ ਦੀਆਂ ਗੱਲਾਂ ਕੱਲ ਨੂੰ ਕਰਾਂਗੇ “। ਹਾਥਣੀ ਨੂੰ ਵੀ ਭੋਜਨ ਲੱਭਣ ਲਈ ਅੱਜ ਬੜੀ ਦੂਰ ਜਾਣਾ ਪਿਆ ਸੀ । ਜਾਨੂੰ ਉਸ ਸਭਿਅਕ ਮਨੁੱਖ ਬਾਰੇ ਸੋਚਦਾ- ਸੋਚਦਾ ਪਤਾ ਨਹੀਂ ਕਦੋਂ ਸੌ ਗਿਆ ।
    ਜਾਨੂੰ ਤੇ ਹਾਥਣੀ ਢੇਰ ਸਾਰੀਆਂ ਗੱਲਾਂ ਕਰਦੇ ਰਹਿੰਦੇ । ਇਸ ਤਰਾਂ ਦੋ ਕਿ ਮਹੀਨੇ ਹੋਰ ਨਿਕਲ਼ ਗਏ । ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ।ਕਾਫ਼ੀ ਦੇਰ ਮੀਂਹ ਨਾ ਪੈਣ ਕਰਕੇ ਜੰਗਲ਼ ਦੇ ਸਾਰੇ ਪੇੜ- ਪੌਦੇ ਸੁੱਕਣ ਲੱਗ ਪਏ ।ਜਾਨੂੰ ਦੇ ਜਨਮ ਵਿੱਚ ਵੀ ਅੱਠ ਕੁ ਮਹੀਨੇ ਰਹਿ ਗਏ । ਉਸਨੂੰ ਵੀ ਬਹੁਤ ਸਾਰੀ ਭੁੱਖ ਲੱਗਦੀ । ਹਾਥਣੀ ਨੂੰ ਵੀ ਪਹਿਲਾਂ ਨਾਲ਼ੋਂ ਵੱਧ ਖਾਣ ਦੀ ਲੋੜ ਪੈਂਦੀ ।
    ਇੱਕ ਸਵੇਰ ਹਾਥਣੀ ਨਦੀ ਤੇ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਭੋਜਨ ਦੀ ਭਾਲ਼ ਵਿੱਚ ਨਿਕਲ਼ੀ ਤਾਂ ਉਸਨੂੰ ਕਿਤੋ ਭੋਜਨ ਨਾ ਮਿਲਿਆ ।ਪੇਟ ਵਿੱਚ ਪਲ਼ ਰਹੇ ਜਾਨੂੰ ਦਾ ਵੀ ਭੁੱਖ ਨਾਲ਼ ਬੁਰਾ ਹਾਲ ਹੋ ਰਿਹਾ ਸੀ। ਪਰ ਉਹ ਕੁਝ ਨਾ ਬੋਲਿਆ। ਉਹ ਆਪਣੀ ਮਾਂ ਦੀ ਮਜਬੂਰੀ ਸਮਝ ਰਿਹਾ ਸੀ। ਸਭਿਅਕ ਮਨੁੱਖ ਨੇ ਜੰਗਲ਼ ਵੱਢ ਕੇ ਖੇਤ ਬਣਾ ਲਏ ਸਨ ਅਤੇ ਜਾਨਵਰਾਂ ਲਈ ਤਾਂ ਭੁੱਖੇ ਮਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਰਿਹਾ ।
    “ ਮੇਰੇ ਬੱਚੇ ਬਾਹਰ ਖਾਣ ਲਈ ਕੁਝ ਨਹੀਂ ਮਿਲ਼ ਰਿਹਾ , ਦੁਪਹਿਰਾ ਸਿਰ ਤੇ ਆ ਗਿਆ , ਕੀ ਕਰਾਂ । “ ਹਾਥਣੀ ਨਿਢਾਲ਼ ਹੋ ਕੇ ਇੱਕ ਸੁੱਕੇ ਹੋਏ ਦਰਖ਼ਤ ਥੱਲੇ ਬੈਠ ਗਈ ।ਪਰ ਸੁੱਕੇ ਟਾਹਣਿਆਂ ਦੀ ਛਾਂ ਭੁੱਖੇ ਢਿੱਡ ਨੂੰ ਕੀ ਧਰਵਾਸ ਦੇ ਸਕਦੀ ਸੀ ।ਹਾਥਣੀ ਸਾਰਾ ਜ਼ੋਰ ਲਾ ਕੇ ਉੱਠੀ ਅਤੇ ਫਿਰ ਤੁਰ ਪਈ। ਸਾਹਮਣੇ ਉਸਨੂੰ
    ਇੱਕ ਪਿੰਡ ਦਿਖਾਈ ਦਿੱਤਾ । ਕੁਝ ਚਿਰ ਸੋਚ ਕੇ ਉਹ ਪਿੰਡ ਵੱਲ ਨੂੰ ਤੁਰ ਪਈ । ਉਸਦੀ ਤੋਰ ਤੇਜ਼ ਹੋ ਗਈ। ਆਪਣੀ ਮਾਂ ਦੀ ਤੋਰ ਤੋਂ ਜਾਨੂੰ ਅੰਦਾਜ਼ਾ
    ਲਾ ਲੈਂਦਾ ਕਿ ਮਾਂ ਨੂੰ ਭੋਜਨ ਲੱਭ ਗਿਆ ਹੈ।
    “ ਮਾਂ , ਕੋਈ ਹਰਿਆ – ਭਰਿਆ ਦਰੱਖਤ ਦਿੱਖ ਗਿਆ ਲੱਗਦਾ , ਖਾਣ ਲਈ ?” “ ਨਹੀਂ ਬੱਚਾ ਸਾਹਮਣੇ ਪਿੰਡ ਦਿਸਦਾ ਜੇ ਉੱਥੋ ਕੁਝ ਮਿਲ਼
    ਜੇ ਖਾਣ ਲਈ “।
    “ ਨਹੀਂ ਮਾਂ , ਤੂੰ ਉਸ ਪਿੰਡ ਵੱਲ ਨਾ ਜਾਅ !“ ਜਾਨੂੰ ਪੂਰੇ ਜ਼ੋਰ ਨਾਲ਼ ਚੀਕਿਆ ।”ਜਿਹੜੇ ਨੰਗ ਮਨੁੱਖ ਮੇਰੇ ਪਿਤਾ ਜੀ ਦੇ ਦੰਦ ਵੱਡ ਕੇ ਲਿਜਾ ਸਕਦੇ ਨੇ, ਉਹ ਸਾਨੂੰ ਭਲਾ ਖਾਣ ਨੂੰ ਕੀ ਦੇਣਗੇ।”
    “ ਨਹੀਂ ਬੱਚਾ , ਸਾਰੇ ਮਨੁੱਖ ਇੱਕੋ ਜਿਹੇ ਨੀ ਹੁੰਦੇ । ਕੁਝ ਭਲੇ ਪੁਰਸ਼ ਵੀ ਹੈਗੇ ਆ ਇਸ ਦੁਨੀਆ ਤੇ , ਜਿੰਨਾਂ ਦੇ ਆਸਰੇ ਇਹ ਧਰਤੀ ਖੜੀ ਆ।”ਜਾਨੂੰ ਕੁਝ ਨਾ ਬੋਲਿਆ ।ਅੱਧੇ ਕੁ ਘੰਟੇ ਵਿੱਚ ਹਾਥਣੀ ਪਿੰਡ ਪਹੁੰਚ ਗਈ ।
    ਪਿੰਡ ਦੀ ਫਿਰਨੀ ਤੇ ਖੜੀ ਭੁੱਖੀ ਹਾਥਣੀ ਨੂੰ ਦੇਖ ਕੇ ਦੋ ਬੰਦਿਆਂ ਨੇ ਸ਼ਰਾਰਤੀ ਅੱਖ ਇੱਕ – ਦੂਜੇ ਨਾਲ਼ ਮਿਲ਼ਾਈ। ਉਹ ਪਲ ਵਿੱਚ ਹੀ ਘਰ ਦੇ ਅੰਦਰ ਚਲੇ ਗਏ।ਅਨਾਨਾਸ ਦੇ ਫਲ਼ ਵਿੱਚ ਪਟਾਕੇ ਭਰ ਕੇ ਉਹ ਹਾਥਣੀ ਦੇ ਕੋਲ਼ ਨੂੰ ਆਏ।ਉਹਨਾਂ ਦੇ ਸ਼ੁਕਰਾਨੇ ਵਜੋਂ ਹਾਥਣੀ ਨੇ ਸੁੰਢ ਉਤਾਂਹ ਚੁੱਕ ਕੇ ਉਹਨਾਂ ਦਾ ਧੰਨਵਾਦ ਕੀਤਾ ।
    “ ਮੇਰੇ ਬੱਚੇ ਅਨਾਨਾਸ ਲੈ ਕੇ ਆਏ ਨੇ ਇਹ ਮਨੁੱਖ ਆਪਣੇ ਖਾਣ ਲਈ, ਮੈਂ ਕਿਹਾ ਸੀ ਨਾ ਕਿ ਸਾਰੇ ਮਨੁੱਖ ਮਾੜੇ ਨੀ ਹੁੰਦੇ ।” ਹਾਥਣੀ ਨੇ ਆਪਣੀ ਗੱਲ ਦੁਹਰਾਈ । “ ਮਾਂ ਛੇਤੀ ਖਾ ਲਾ , ਮੇਰੀ ਵੀ ਭੁੱਖ ਨਾਲ਼ ਜਾਨ ਨਿਕਲੀ ਜਾ ਰਹੀ ਆ” । ਹੁਣ ਤੱਕ ਭੁੱਖ ਨੂੰ ਦੱਬੀ ਬੈਠੇ ਜਾਨੂੰ ਨੇ ਦਿਲ ਦੀ ਗੱਲ ਆਪਣੀ ਮਾਂ ਨੂੰ ਕਹੀ ।
    ਠਾਹ !!!!
    ਖੜਕਾ ਸੁਣਕੇ ਜਾਨੂੰ ਤ੍ਰਬਕ ਗਿਆ । “ ਕੀ ਹੋਇਆ ਮਾਂ ! ਤੂੰ ਬੋਲਦੀ ਕਿਉਂ ਨੀ , ਆਹ ਧੂੰਆਂ ਕਿਸ ਚੀਜ਼ ਦਾ ਤੁਹਾਡੇ ਸਾਰੇ ਪੇਟ ਵਿੱਚ ਫੈਲ ਗਿਆ । ਮੈਨੂੰ ਕੁਝ ਵੀ ਦਿਖਾਈ ਨੀ ਦੇ ਰਿਹਾ । ਮੇਰਾ ਸਾਹ ਘੁੱਟ ਰਿਹਾ। ਮੈਂ ਮਰ ਰਿਹਾ ਮਾਂ ।
    ਮੇਰੀ ਜਾਨ ਨਿਕਲ਼ ਰਹੀ ਆ ।”
    “ ਮਰ ਤੂੰ ਨਹੀਂ ਰਿਹਾ ਬੱਚਾ , ਮਨੁੱਖਤਾ ਮਰ ਰਹੀ ਆ , ਉਸ ਅਨਾਨਾਸ ਵਿੱਚ ਇਹ ਦੋ ਪੈਰਾਂ ਵਾਲ਼ਾ ਜਾਨਵਰ ਮਨੁੱਖ ਪਟਾਕੇ ਭਰ ਕੇ ਲੈ ਆਇਆ ਸੀ ਜੋ ਮੇਰੇ ਮੂੰਹ ਵਿੱਚ ਚਬਾਂਉਦਿਆਂ ਹੀ ਫੱਟ ਗਏ , ਜਾਨੂੰ ਮੈਨੂੰ ਮਾਫ਼ ਕਰੀ ।” ਕਹਿਕੇ ਹਾਥਣੀ ਵੀ ਧਰਤੀ ਤੇ ਡਿੱਗ ਪਈ ਅਤੇ ਸਦਾ ਲਈ ਪੇਟ ਦੀ ਭੁੱਖ ਤੋਂ ਸ਼ਾਂਤ ਹੋ ਗਈ ।
    ਤਾੜੀਆਂ ਮਾਰਦਾ ਸਭਿਅਕ ਮਨੁੱਖ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ।

    PUNJ DARYA

    Leave a Reply

    Latest Posts

    error: Content is protected !!