9.6 C
United Kingdom
Saturday, March 7, 2026

More

    ਅਧਿਆਪਕਾ ਰਜਿੰਦਰ ਕੌਰ ਘਰ ਘਰ ਜਾ ਕੇ ਵੰਡ ਰਹੀ ਸਟੇਸ਼ਨਰੀ

    ਅਸ਼ੋਕ ਵਰਮਾ

    ਮਾਨਸਾ,10 ਜੂਨ

    ਜਦੋਂ ਬੱਚਿਆਂ ਦੀ ਪੜਾਈ ਖਰਾਬ ਹੋਣ ਦਾ ਭੈਅ ਸਤਾਇਆ ਤਾਂ ਅਧਿਆਪਕਾ ਰਜਿੰਦਰ ਕੌਰ ਨੂੰ ਕਰੋਨਾ ਵਾਇਰਸ ਦਾ ਡਰ ਛੋਟਾ ਜਾਪਿਆ। ਹੁਣ ਵਿਦਿਆਰਥੀਆਂ ਦੀ ਪੜਾਈ ਖਾਤਰ ਆਲਮਪੁਰ ਮੰਦਰਾਂ ਦੀ ਇਹ ਪੰਜਾਬੀ ਵਿਸ਼ੇ ਦੀ ਅਧਿਆਪਕਾ ਘਰ-ਘਰ ਜਾ ਕੇ ਸਟੇਸ਼ਨਰੀ ਵੰਡ ਰਹੀ ਹੈ ਤਾਂ ਜੋ ਬੱਚੇ ਨਿਰਵਿਘਨ ਆਪਣੀ ਪੜਾਈ ਜਾਰੀ ਰੱਖ ਸਕਣ।  ਜਦੋਂ ਉਹ ਬੱਚਿਆਂ ਨੂੰ ਸਮਾਨ ਵੰਡਦੀ ਹੈ ਤਾਂ ਔਰਤਾਂ ਉਸ ਨੂੰ ਦੁਆਵਾਂ ਦਿੰਦਿਆਂ ਹਨ ਤੇ ਬਦਲੇ ’ਚ ਉਹ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜਾ ਕੇ ਚੰਗੇ ਨਾਗਰਿਕ ਬਨਾਉਣ ਦੀ ਪ੍ਰੇਰਣਾ ਦਿੰਦੀ ਹੈ। ਇਸ ਅਧਿਆਪਕਾ ਨੇ ਆਪਣੇ ਕੋਲੋਂ ਆਲਮਪੁਰ ਮੰਦਰਾਂ ਦੇ ’ਚ ਬੱਚਿਆਂ ਨੂੰ ਚਾਰਟ, ਪੈੱਨ, ਪੈਨਸਿਲਾਂ, ਕਾਪੀਆਂ, ਕੱਲਰ, ਡਰਾਇੰਗ ਆਦਿ ਲਈ ਕਿੱਟ ਉਪਲੱਬਧ ਕਰਵਾਈਆਂ ਹਨ। ਆਲਮਪੁਰ ਮੰਦਰਾਂ ਤੋਂ ਬਾਅਦ ਹੁਣ ਰਜਿੰਦਰ ਕੌਰ  ਉੱਡਤ ਸੈਦੇਵਾਲਾ ਅਤੇ ਕਾਸਮਪੁਰ ਛੀਨਾ ਵਿੱਚ ਵੀ ਇਹ ਨੇਕ ਕਾਰਜ ਵਿੱਢ ਦਿੱਤਾ ਹੈ। ਉਸ ਦੀ ਸੋਚ ਹੈ ਕਰੋਨਾ ਦੀ ਇਹ ਆਫਤ ਦੌਰਾਨ ਕਿਸੇ ਵੀ ਪਿੰਡ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੋਈ ਔਕੜ ਨਾ ਆਵੇ ਜਿਸ ਕਰਕੇ ਉਸ ਨੇ ਇਹ ਉੱਦਮ ਕੀਤਾ ਹੈ।
                                   ਇਸ ਕੰਮ ਲਈ ਕੋਈ ਮਾਪਦੰਡ ਨਹੀਂ ਜਿੱਥੇ ਕਿਤੇ ਵੀ ਕੋਈ ਵੀ ਸਕੂਲੀ ਬੱਚਾ ਇਸ ਅਧਿਆਪਕਾ ਦੇ ਸਾਹਮਣੇ ਆ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਸਕੂਲ ਦਾ ਹੋਵੇ, ਉੱਥੇ ਹੀ ਉਸ ਨੂੰ ਸਟੇਸ਼ਨਰੀ ਦੇ ਕੇ ਪੜਾਈ ਲਈ ਉਤਸ਼ਾਹਿਤ ਕਰਦੀ ਹੈ।  ਜਿਕਰਯੋਗ ਹੈ ਜਿੱਥੇ ਇਹ ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਰਹੀ ਹੈ, ਉੱਥੇ ਉਹ ਬੱਚਿਆਂ ਨੂੰ ਆਨਲਾਈਨ ਪੜਾਈ ਕਰਵਾਉਣ ਵਿੱਚ ਵੀ ਜਿਲੇ ਵਿੱਚ ਮੋਹਰੀ ਬਣੀ ਹੋਈ ਹੈ। ਉਹ ਰੋਜ਼ਾਨਾਂ ਬੱਚਿਆਂ ਦੇ ਸੋਸ਼ਲ ਮੀਡੀਆ, ਵਟਸਐਪ, ਫੋਨ ਰਾਹੀਂ ਰੂਬਰੂ ਹੋ ਕੇ ਉਨਾਂ ਨੂੰ ਪੜਾਈ ਕਰਵਾ ਰਹੀ ਹੈ। ਪਿਛਲੇ ਦਿਨੀਂ ਮੈਡਮ ਰਾਜਿੰਦਰ ਕੌਰ ਦਾ ਦੁਆਬਾ ਰੇਡੀਓ ਤੇ ਪੰਜਾਬੀ ਦੇ ਵਿਆਕਰਨ ਵਿਸੇ ਦਾ ਇੱਕ ਵਿਸੇਸ ਲੈਕਚਰ ਵੀ ਪ੍ਰਸਾਰਿਤ ਕੀਤਾ ਗਿਆ ਸੀ ਜੋ ਕਿ ਘਰਾਂ ਵਿੱਚ ਬੈਠੇ ਪੰਜਾਬ ਦੇ ਹਜਾਰਾਂ ਵਿਦਿਆਰਥੀਆਂ ਨੂੰ ਅਹਿਮ ਸਹਾਈ ਹੋਇਆ ਹੈ। ਅਧਿਆਪਕਾ ਰਜਿੰਦਰ ਕੌਰ ਦੇ ਦੋ ਬੱਚੇ ਹਨ ਪਰ ਉਹ ਆਪਣੇ ਬੱਚਿਆਂ ਨਾਲੋਂ ਸਕੂਲ ਵਿੱਚ ਪੜਦੇ ਬੱਚਿਆਂ ਤੇ ਵੱਧ ਜ਼ੋਰ ਲਾ ਰਹੀ ਹੈ। ਉਸਦਾ ਮੰਨਣਾ ਹੈ ਕਿ ਜੇਕਰ ਗਰੀਬ, ਕਿਰਤੀ, ਕਿਸਾਨਾਂ ਮਜ਼ਦੂਰਾਂ ਦੇ ਬੱਚੇ ਪੜਨਗੇ ਤਾਂ ਹੀ ਪ੍ਰਮਾਤਮਾ ਉਨਾਂ ਦੇ ਆਪਣੇ ਬੱਚਿਆਂ ਨੂੰ ਪੜਨ ਦੀ ਦਾਤ ਬਖਸ਼ੇਗਾ।
                       ਜਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਅਤੇ ਉੱਪ ਜਿਲਾ ਸਿੱਖਿਆ ਅਫਸਰ ਜਗਰੂਪ ਸਿੰਘ ਭਾਰਤੀ, ਸਟੇਟ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ  ਅਧਿਆਪਕਾ ਰਜਿੰਦਰ ਕੌਰ ਦਾ ਇਹ ਨਿਵੇਕਲਾ ਉਪਰਾਲਾ ਬੱਚਿਆਂ ਲਈ ਸਿੱਖਿਆ ਦੇ ਖੇਤਰ ਵਿੱਚ ਕਾਰਗਰ ਸਾਬਤ ਹੋਵੇਗਾ।  ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਅਜਿਹੇ ਮਿਹਨਤੀ ਅਤੇ ਦਿ੍ਰੜ ਇਰਾਦੇ ਵਾਲੇ ਅਧਿਆਪਕ ਮੌਜੂਦ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!