ਮਹਿਲ ਕਲਾਂ (ਜਗਸੀਰ, ਮਿੱਠੂ ਮੁਹੰਮਦ, ਗੁਰਸੇਵਕ )

ਲਾਕਡਾਊਨ ਕਾਰਨ ਵਿਦੇਸ਼ਾਂ ‘ਚ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤਕ ਪਹੁੰਚ ਕੀਤੀ ਜਾ ਚੁੱਕੀ ਹੈ, ਵੱਖ-ਵੱਖ ਦੇਸ਼ਾਂ ‘ਚ ਫਸੇ ਲੋਕਾਂ ਨੂੰ ਜਲਦੀ ਹੀ ਵਾਪਿਸ ਲਿਆਦਾਂ ਜਾਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਿੰਡ ਰਾਏਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਹਜ਼ਾਰਾਂ ਲੋਕ ਕੁਵੈਤ, ਦੁਬਈ, ਮਲੇਸ਼ੀਆ, ਮਸਕਟ ਸਮੇਤ ਹੋਰ ਵੱਖ-ਵੱਖ ਦੇਸ਼ਾਂ ‘ਚ ਫਸੇ ਹੋਏ ਹਨ। ਜਿਹੜੇ ਲੋਕ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓ ਤੇ ਹੋਰ ਦਸਤਾਵੇਜ਼ ਸਾਡੇ ਵੱਲੋਂ ਜਾਰੀ ਕੀਤੇ ਨੰਬਰਾਂ ‘ਤੇ ਭੇੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ‘ਚ ਫਸੇ ਲੋਕਾਂ ਦੀ ਆਰਥਿਕ ਹਾਲਤ ਮਾੜੀ ਹੈ, ਕੰਪਨੀਆਂ ਵੱਲੋਂ ਨਾ ਹੀ ਕੋਈ ਤਨਖ਼ਾਹ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਵਾਪਿਸ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਵੀ ਵਿਦੇਸ਼ਾਂ ‘ਚ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਵਿਦੇਸ਼ਾਂ ‘ਚ ਫਸੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਰਾਜ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ, ਜਿਸ ਕਰਕੇ ਲੋਕਾਂ ਦੀ ਟੇਕ ਸਿਰਫ਼ ਆਮ ਆਦਮੀ ਪਾਰਟੀ ‘ਤੇ ਹੀ ਟਿਕੀ ਹੋਈ ਹੈ। ਮਾਨ ਨੇ ਕਿਹਾ ਸੂਬੇ ਦੀ ਕੈਪਟਨ ਸਰਕਾਰ ਨੇ ਲਾਕਡਾਊਨ ਕਾਰਨ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਭਾਰੀ ਚਲਾਨਾ ਰਾਹੀ ਲੋਕਾਂ ਦੇ ਵਾਧੂ ਬੋਝ ਪਾ ਕੇ ਖਜਾਨਾਂ ਭਰਿਆ ਜਾ ਰਿਹਾ ਹੈ। ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਲਾਕਡਾਉਨ ਕਾਰਨ ਆਰਥਿਕ ਸੰਕਟ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਵੱਡੀ ਰਾਹਤ ਦੇ ਰਹੀ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਗੁਰਮੀਤ ਸਿੰਘ, ਮੀਤ ਹੇਅਰ,ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਸਿੰਘ ਦੀਵਾਨਾ, ਸੁਖਵਿੰਦਰ ਦਾਸ ਕੁਰੜ, ਮਨਜੀਤ ਸਿੰਘ ਸਹਿਜੜਾ, ਜਗਦੀਸ਼ ਸਿੰਘ ਗਿੱਲ, ਸਤਨਾਮ ਸਿੰਘ ਗਿੱਲ ਤੇ ਵਿਧਾਇਕ ਪੰਡੋਰੀ ਦੇ ਨਿੱਜੀ ਸਹਾਇਕ ਬਿੰਦਰ ਸਿੰਘ ਖਾਲਸਾ ਹਾਜ਼ਰ ਸਨ।