ਡਾਕਟਰ ਅਵਤਾਰ ਸਿੰਘ, ਫਰੀਦਕੋਟ
ਅੱਖਾਂ ਨੇ ਕਦੇ ਤੱਕਿਆ ਹੀ ਨਹੀਂ
ਖੁਮਾਰੀ ਭਰਪੂਰ ਕਲਾਤਮਿਕ ਨਜ਼ਾਰਾ
ਜੋ ਦੇਖਣ ਲਈ
ਦਿੱਤੀ ਸੀ ਜੋਤ ਕੁਦਰਤ ਨੇ।
ਰੰਗਤ ਲੈ ਲਈ ਅੱਖੀਆਂ ਨੇ
ਚੰਮ ਨੂੰ ਲਲਚਾਈ ਨਜਰ ਨਾਲ ਤੱਕਣ ਦੀ
ਬੱਸ ਤਾਂਘਦੀਆ ਨੇ
ਹਰ ਵੇਲੇ ਜਿਸਮੀਂ ਸੁੰਦਰਤਾ
ਤੇ ਕਰਦੀਆਂ ਨੇ ਅਣਚਾਹੇ
ਪਰ ਲੁਕਵੇਂ ਜੁਰਮ ।
ਬੜੇ ਹੀ ਮਹਿਫੂਜ ਇਰਾਦੇ ਨਾਲ
ਆਪਣੀ ਔਕਾਤ ਦੀ ਦਹਿਲੀਜ਼
ਪਲ ਪਲ ਕਰਦੀਆਂ ਨੇ ਪਾਰ
ਹੋ ਜਾਂਦੀਆਂ ਨੇ ਚਾਰ
ਤੇ ਕਰਦੀਆਂ ਨੇ ਕਰਾਰ
ਕੁਝ ਖੱਟੇ ਤੇ ਕੁਝ ਮਿੱਠੇ
ਜੋ ਸ਼ਾਇਦ ਕਿਸੇ ਨਾ ਡਿਠੇ ।
ਦਿਨੋਂ ਦਿਨ ਚੜ੍ਹਦੀ ਮੈਲ ਨਾਲ
ਗਹਿਰੀਆਂ ਹੋ ਗਈਆਂ ਨੇ ਕਮਬਖਤ
ਭੁੱਲ ਹੀ ਬੈਠੀਆਂ
ਆਪਣੀ ਨਦਰ ਦਾ ਕਰਮ
ਤੇ ਆਪ ਹੁਦਰੀਆਂ ਨੇ ਖੁਦ ਨੂੰ
ਮੱਧਮ ਪਾ ਲਿਆ
ਊਚ ਨੀਚ ਤੇ ਭੇਦ ਭਾਵ ਦੀ
ਖੋਟੀ ਨੀਅਤ ਨਾਲ ।
ਡੂੰਘੀਆਂ ਹੋ ਗਈਆਂ ਝੀਲ ਵਾਂਗਰ
ਹਰ ਵੇਲੇ ਖੜ੍ਹੇ ਤੇ ਖਾਰੇ ਪਾਣੀ ਨੇ
ਖੋਰ ਦਿੱਤੇ ਨਮ ਰਹਿਣ ਵਾਲੇ ਕੋਏ
ਨਦੀਆਂ ਨਾਲਿਆਂ ਦੀ ਤਰ੍ਹਾਂ
ਡੂੰਘੀਆਂ ਹੋਈਆਂ ਝੁਰੜੀਆਂ ਨੇ
ਵਰੋਲ ਦਿੱਤੀ ਦੋ ਚਸ਼ਮਿਆਂ ਦੀ
ਖਿੱਚਵੀਂ ਤੇ ਕਾਤਿਲ ਚਮਕ ।
ਧੁੰਦਲੇ ਤੇ ਮੋਟੇ ਸ਼ੀਸ਼ੇ
ਪਹਾੜ ਬਣ ਕੇ ਖੜ੍ਹ ਗਏ
ਨਸ਼ੀਲੀਆਂ ਜ਼ੁਲਫ਼ਾਂ ਵਰਗੇ
ਝਿੰਮਨਿਆਂ ਦੁਆਲੇ
ਪਰ ਕੱਚੀਆਂ ਕਲੀਆਂ ਨੂੰ
ਮਰੋੜਨ ਤੇ ਕਤਲ ਕਰਨ ਦੀ
ਬਲਾਤਕਾਰੀ ਤਾਂਘ
ਹਾਲੇ ਵੀ ਨਹੀਂ ਮੁੱਕੀ
ਭਾਂਵੇਂ ਜੋਤ ਦਾ ਮੁਕਾਮ ਨਜ਼ਦੀਕ ਹੀ ਹੈ।
ਪਤਾ ਨਹੀਂ ਕਿਉਂ
ਮਰਜਾਣੀਆਂ ਨੂੰ ਫੁਰਸਤ ਹੀ ਨੀਂ ਮਿਲੀ
ਗਿਆਨ ਦੇ ਸੁਰਮੇ ਨਾਲ
ਲਿੱਬੜਿਆ ਹੋਇਆ
ਸਹਿਜ, ਸੁਹਜ, ਸਕੂਨ ਤੇ
ਅਗੰਮੀ ਨਦਰ ਬਖਸ਼ਣ ਵਾਲਾ
ਕੋਮਲ ਜਿਹਾ
ਸੁਰਮਚੂ ਫੇਰਨ ਦੀ।
ਡਾਕਟਰ ਅਵਤਾਰ ਸਿੰਘ
83603-42500