ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ
ਫਰਿਜਨੋ (ਪੰਜ ਦਰਿਆ ਬਿਊਰੋ)
ਅਮਰੀਕਾ ਵਸਦੇ ਉੱਘੇ ਸਮਾਜਸੇਵੀ ਨੌਜਵਾਨ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜੁਝਾਰੂ ਸਿਪਾਹੀ ਇੰਦਰਜੀਤ ਸਿੰਘ ਨਾਗਰਾ ਵੱਲੋਂ 19 ਮੈਂਬਰੀ ਕੋਰ ਕਮੇਟੀ ਲਈ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨਾ ਬਣਦਾ ਹੈ ਜਿਹਨਾਂ ਨੇ ਆਪਣੀ ਦੂਰਅੰਦੇਸ਼ੀ ਦਾ ਸਬੂਤ ਦਿੰਦਿਆਂ ਅਨੁਭਵੀ ਸਿਆਸਤਦਾਨਾਂ ਨੂੰ ਕੋਰ ਕਮੇਟੀ ਲਈ ਚੁਣਿਆ ਹੈ।
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਜਿਸ ਵਿੱਚ ਪਾਰਟੀ ਦੇ ਸਾਰੇ ਪੁਰਾਣੇ ਅਤੇ ਸੀਨੀਅਰ ਸਾਥੀਆਂ ਨੂੰ ਦੁਬਾਰਾ ਸ਼ਾਮਲ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਜਗਮੀਤ ਸਿੰਘ ਬਰਾੜ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਨਵੀਂ ਬਣਾਈ ਕੋਰ ਕਮੇਟੀ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ, ਸ. ਬਲਵਿੰਦਰ ਸਿੰਘ ਭੁੰਦੜ, ਜਥੇਦਾਰ ਤੋਤਾ ਸਿੰਘ, ਸ. ਚਰਨਜੀਤ ਸਿੰਘ ਅਟਵਾਲ, ਸ. ਨਿਰਮਲ ਸਿੰਘ ਕਾਹਲੋਂ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਸ. ਸਿਕੰਦਰ ਸਿੰਘ ਮਲੂਕਾ, ਸ. ਜਨਮੇਜਾ ਸਿੰਘ ਸੇਖੋਂ, ਸ. ਬਿਕਰਮ ਸਿੰਘ ਮਜੀਠੀਆ, ਸ. ਹਰੀ ਸਿੰਘ ਜੀਰਾ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਗੁਲਜਾਰ ਸਿੰਘ ਰਾਣੀਕੇ, ਸ. ਸੁਰਜੀਤ ਸਿੰਘ ਰੱਖੜਾ, ਸ. ਬਲਦੇਵ ਸਿੰਘ ਮਾਨ ਅਤੇ ਸ. ਜਗਮੀਤ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।
ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਅਤੇ ਸ. ਗੁਲਜਾਰ ਸਿੰਘ ਰਾਣੀਕੇ ਨੂੰ ਪਾਰਟੀ ਦੇ ਐਸ.ਸੀ ਵਿੰਗ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਐਨ.ਕੇ.ਸ਼ਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇੱਕ ਹੋਰ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੇ ਮਿਹਨਤੀ ਅਤੇ ਨੌਜਵਾਨ ਆਗੂ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਪਾਰਟੀ ਦੇ ਯੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ ਹੈ।
ਇੰਦਰਜੀਤ ਸਿੰਘ ਨਾਗਰਾ ਨੇ ਉਮੀਦ ਪ੍ਰਗਟਾਈ ਕਿ ਸਮੂਹ ਅਹੁਦੇਦਾਰ ਤਨਦੇਹੀ ਨਾਲ ਕੰਮ ਕਰਦੇ ਹੋਏ ਤਕੜੀ ਲਾਮਬੰਦੀ ਕਰਨਗੇ ਤੇ ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਹੂੰਝਾ ਫਰ ਜਿੱਤ ਦਰਜ ਕਰੇਗਾ।