ਪੀੜ ਤੇਰੇ ਹਿਜਰ ਦੀ ਅੱਖਰ-ਅੱਖਰ ਕਹਿ ਜਾਵੇ,
ਮੋਤੀ ਜੁ ਤੇਰੀ ਅੱਖ ਦਾ ਦਰਿਆ ਬਣ ਵਹਿ ਜਾਵੇ!
ਜਜ਼ਬ ਕਰ ਲਵਾਂ ਤੇਰੇ ਸੁੱਚੇ ਹੰਝੂਆਂ ਦੀ ਹਰ ਕਣੀ,
ਬੋਚ ਲਵਾਂ ਤੇਰੇ ਹੰਝੂ ਤੇ ਦਰਦ ਛੁਪ ਕੇ ਬਹਿ ਜਾਵੇ!
ਸਾਂਝ ਬੋਲਾਂ ਦੀ ਹੋਵੇ ਜੇ ਉਸ ਨਾਲ਼ ਹੋ ਜਾਵੇ ਕਮਾਲ,
ਚੁੱਪ ਹੋ ਕੇ ਸਾਰਾ ਜ਼ਮਾਨਾ ਪਾਣੀਆਂ ਚ ਲਹਿ ਜਾਵੇ!
ਰੱਖ ਵਿਚਾਰ ਆਪੋ ਆਪਣੇ ਪਰ ਗੱਲ ਦੋ ਟੁੱਕ ਕਰ,
ਕਿੰਝ ਹੋਵੇ ਕਿਸੇ ਦੀ ਮਜਾਲ ਉਹ ਫਿਰ ਖਹਿ ਜਾਵੇ!
ਰੱਬ ਸਭ ਦਾ ਨਿਵੇਕਲ਼ਾ ਹੋਵੇ ਪਰ ਝਗੜੇ ਨਾ ਹੋਣ,
ਖੁਸ਼ ਹਰੇਕ ਆਪੋ ਆਪਣੀ ਦੁਨੀਆਂ ਚ ਰਹਿ ਜਾਵੇ!
ਕਰੇ ਜੇ ਮਿਸਾਲ ਪੈਦਾ ਗੁਣਾਂ ਵਾਲ਼ੀ ਆਪਣੇ ਅੰਦਰ,
ਗੱਲ ਸੁਣੇ ਹਰ ਕੋਈ ਅਤੇ ਵਾਧਾ ਘਾਟਾ ਸਹਿ ਜਾਵੇ!
ਸਮਾਂ ਬਦਲ ਰਿਹੈ ਕੋਈ ਸ਼ੱਕ ਨਹੀਂ ਸਭ ਜਾਣਦੇ ਨੇ,
ਪਰ ਕੋਈ ਨਾ ਚਾਹਵੇ ਕੌਮ ਦਾ ਮੀਨਾਰ ਢਹਿ ਜਾਵੇ!
-ਮਨਦੀਪ ਕੌਰ ਭੰਮਰਾ