ਸ਼ੁਕਰਗੁਜ਼ਾਰ ਸਿੰਘ ਐਡਵੋਕੇਟ
ਮੰਦਿਰ ਮਸਜਿਦ ਚਾਹੁੰਦਾ ਬੰਦਾ
ਮੰਦਿਰ ਮਸਜਿਦ ਢਾਉਂਦਾ ਬੰਦਾ
“ਰਾਮ” ਧਿਆਵਣ ਮੰਦਰ ਬੈਠਾ
“ਖੁਦਾ” ਸ਼ਬਦ ਨਾ ਚਾਹੁੰਦਾ ਬੰਦਾ
“ਖੁਦਾ” ਨੂੰ ਚਾਹਵੇ ਮਸਜਿਦ ਜਾਵੇ
“ਰਾਮ” ਤੋਂ ਕਿਉਂ ਘਬਰਾਉਂਦਾ ਬੰਦਾ
ਅੰਦਰ ਬਹਿਕੇ ਰੱਬ ਦੀਆਂ ਗੱਲਾਂ
ਬਾਹਰ ਅੱਗਾਂ ਲਾਉਂਦਾ ਬੰਦਾ
ਰਾਮ,ਖੁਦਾ ਵਿੱਚ ਭੇਦ ਨਾ ਕਾਈ
ਐਪਰ ਭੇਦ ਹੈ ਪਾਉਂਦਾ ਬੰਦਾ
“ਬੰਦਾ” ਹਿੰਦੂ ਮੁਸਲਿਮ ਬਣਦਾ
ਵੋਟੀਂ ਜਦੋਂ ਖਲੋਂਦਾ “ਬੰਦਾ”
ਕੁਰਸੀ ਕੁਰਸੀ ਕੁਰਸੀ ਆਖੇ
ਝੂਠੀ ਸ਼ੋਹਰਤ ਚਾਹੁੰਦਾ ਬੰਦਾ
ਇਸ ਕੁਰਸੀ ਦੇ ਕਾਰੇ ਵੇਖੋ
ਬੰਦੇ ਤਾਈਂ ਮਰਾਉਂਦਾ ਬੰਦਾ
ਧਰਮੀਂ ਖੁਦ ਕਹਾਉਣ ਦੀ ਖਾਤਰ
ਧਰਮਾਂ ਤਾਈਂ ਲੜਾਉਂਦਾ ਬੰਦਾ
ਮੰਦਿਰ ਇੱਕ ਬਣਾਉਣ ਦੀ ਖਾਤਰ
ਮਸਜਿਦ ਤਾਈਂ ਗਿਰਾਉਂਦਾ ਬੰਦਾ
ਰੱਬ ਨੂੰ ਪੂਜੇ ਰੱਬ ਨੂੰ ਮਾਰੇ
ਦੋ ਕਿਰਦਾਰ ਨਿਭਾਉਂਦਾ ਬੰਦਾ
ਉਹ ਕੀ ਰੱਬ ਦਾ ਸ਼ੁਕਰਗੁਜ਼ਾਰੂ
ਰੱਬ ਨੂੰ ਢਾਲ ਬਣਾਉਂਦਾ ਬੰਦਾ