
ਮੁੰਬਈ (ਪੰਜ ਦਰਿਆ ਬਿਊਰੋ)
ਚਕਰਵਾਤੀ ਤੂਫਾਨ ‘ਨਿਸਰਗ’ ਅੱਜ ਸ਼ਾਮ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਦੇ ਅਲੀਬਾਗ ਪੁੱਜੇਗਾ। ਇਹ ਤੂਫਾਨ ਅੱਜ ਸਵੇਰੇ ਇਥੋਂ 215 ਕਿਲੋਮੀਟਰ ਦੱਖਣ ਪੱਛਮ ਅਤੇ ਰਾਇਗੜ੍ਹ ਤੋਂ ਕਰੀਬ 165 ਕਿਲੋਮੀਟਰ ਦੱਖਣ-ਦੱਖਣਪੂਰਬ ਵਿੱਚ ਅਰਬ ਸਾਗਰ ਵਿੱਚ ਫੈਲਿਆ ਹੋਇਆ ਸੀ। ਮੌਸਮ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਮੌਸਮ ਵਿਭਾਗ ਦੀ ਮੁੰਬਈ ਇਕਾਈ ਦੇ ਡਿਪਟੀ ਡਾਇਰੈਕਟਰ ਕੇ ਐਸ ਹੋਸਾਲਿਕਰ ਨੇ ਦੱਸਿਆ ਕਿ ਚਕਰਵਾਤ ਅਲੀਬਾਗ ਦੇ ਦੱਖਣੀ ਹਿੱਸੇ ਕੋਲੋਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘੇਗਾ ਅਤੇ ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸੇ ਦੌਰਾਨ ਰੇਲਵੇ ਨੇ ਮੁੰਬਈ ਤੋਂ ਕੁਝ ਰੇਲ ਗੱਡੀਆਂ ਦੇ ਰੂਟਾਂ ਨੂੰ ਬਦਲਿਆ ਹੈ ਅਤੇ ਕੁਝ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਮੁੰਬਈ, ਠਾਣੇ, ਰਾਇਗੜ੍ਹ ਅਤੇ ਪਾਲਘਰ ਵਿੱਚ ਤੇਜ਼ ਬਾਰਸ਼ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਤੂਫਾਨ 129 ਵਰ੍ਹਿਆਂ ਬਾਅਦ ਮੁੰਬਈ ਵਿੱਚ ਆਏਗਾ। ਨਿਸਰਗ ਗੁਜਰਾਤ ਅਤੇ ਮੁੰਬਈ ਦੇ ਤਟਵਰਦੀ ਇਲਾਕਿਆਂ ਵਿੱਚ ਵਧੇਰੇ ਅਸਰਅੰਦਾਜ਼ ਰਹੇਗਾ।