6.9 C
United Kingdom
Saturday, March 7, 2026

More

    ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਦੇਸ਼ ਡੁਬੋਇਆ: ਮਨਪ੍ਰੀਤ ਬਾਦਲ

    ਬਠਿੰਡਾ (ਪੰਜ ਦਰਿਆ ਬਿਊਰੋ)
    ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਐੱਨਡੀਏ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਦੇਸ਼ ਵੱਡੇ ਮੰਦਵਾੜੇ ਦੇ ਮੁਹਾਣ ’ਤੇ ਪੁੱਜ ਗਿਆ ਹੈ ਜਦ ਕਿ ਕਮਜ਼ੋਰ ਵਿਦੇਸ਼ ਨੀਤੀ ਕਾਰਨ ਕੌਮਾਂਤਰੀ ਮੰਚ ’ਤੇ ਮੁਲਕ ਦੀ ਸਾਖ਼ ਨੂੰ ਵੱਟਾ ਲੱਗਿਆ ਹੈ।
    ਲਗਾਤਾਰ ਤੀਜੇ ਦਿਨ ਅੱਜ ਬਠਿੰਡਾ ਹਲਕੇ ਦੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨ ਲਈ ਬਜ਼ਾਰਾਂ ਦੇ ਦੌਰੇ ’ਤੇ ਨਿੱਕਲੇ ਵਿੱਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਤੋਂ ਲੈ ਕੇ ਐੱਨਡੀਏ ਸਰਕਾਰ ਵੱਲੋਂ ਆਰਥਿਕ ਮੁਹਾਜ਼ ’ਤੇ ਲਏ ਗਏ ਸਾਰੇ ਹੀ ਫੈਸਲੇ ਵਪਾਰ ਅਤੇ ਉਦਯੋਗ ਵਿਰੋਧੀ ਰਹੇ ਹਨ ਅਤੇ ਇਸ ਦਾ ਮਾੜਾ ਅਸਰ ਦੇਸ਼ ਦੇ ਪੂਰੇ ਅਵਾਮ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ 2009-10 ਵਿੱਚ ਕੌਮਾਂਤਰੀ ਮੰਦੀ ਦੇ ਬਾਵਜੂਦ ਬਿਹਤਰ ਆਰਥਿਕ ਪ੍ਰਬੰਧਨ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਡੋਲਣ ਨਹੀਂ ਸੀ ਦਿੱਤਾ।
    ਸ੍ਰੀ ਬਾਦਲ ਨੇ ਇਕ ਸਵਾਲ ਦਾ ਜਵਾਬ ਦੇ ਕੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਰੋਕਣ ਲਈ ਉਨ੍ਹਾਂ ਨੇ ਨਾ ਤਾਂ ਹੁਣ ਅਤੇ ਨਾ ਹੀ ਕਦੇ ਪਹਿਲਾਂ ਕੋਈ ਮਤਾ ਲਿਆਂਦਾ ਸੀ।
    ਉਨ੍ਹਾਂ ਦੁਹਰਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਵਾਂਗ ਹੀ ਮੁਫ਼ਤ ਬਿਜਲੀ ਦੀ ਸਹੂਲਤ ਮਿਲਦੀ ਰਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ’ਤੇ ਸੂਬੇ ਦੇ ਲੋਕਾਂ ਨੇ 2017 ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਮੋਹਰ ਲਾ ਕੇ ਸਰਕਾਰ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ। ਇਸ ਦੌਰਾਨ ਹਸਪਤਾਲ ਬਜ਼ਾਰ, ਸਿਰਕੀ ਬਜ਼ਾਰ ਆਦਿ ਵਿੱਚ ਦੁਕਾਨਦਾਰਾਂ ਨਾਲ ਮਿਲ ਕੇ ਵਿੱਤ ਮੰਤਰੀ ਨੇ ਤਾਲਾਬੰਦੀ ਕਾਰਨ ਹੋਏ ਨੁਕਸਾਨ ਸਬੰਧੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਸਰਕਾਰ ਆਪਣੀਆਂ ਭਵਿੱਖੀ ਨੀਤੀਆਂ ਬਣਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!