-ਰਣਜੀਤ ‘ਚੱਕ ਤਾਰੇਵਾਲਾ’

ਜਿਹਨਾਂ ਤਿੰਨ ਲੇਖਕ, ਗਾਇਕਾਂ ਦਾ ਮੈਂ ਅੱਜ ਜ਼ਿਕਰ ਕਰਨ ਲੱਗਿਆ ਹਾਂ, ਉਨ੍ਹਾਂ ਦੇ ਕਰਮ-ਖੇਤਰ ਵਿੱਚ ਬਹੁਤ ਭਿੰਨਤਾਵਾਂ ਹਨ। ਇਸ ਕਰਕੇ ਮੈਂ ਨਾ ਕਿਸੇ ਨੂੰ ਚੰਗਾ, ਨਾ ਮਾੜਾ ਹੋਣ ਦਾ ਦਾਅਵਾ ਵੀ ਨਹੀਂ ਕਰਦਾ ਅਤੇ ਇੱਕ-ਦੂਜੇ ਨਾਲ ਕਿਸੇ ਦੀ ਤੁਲਨਾ ਵੀ ਨਹੀਂ ਕਰਦਾ। ਲਿਖਣ, ਪੜ੍ਹਨ, ਸੁਣਨ ਅਤੇ ਉਨ੍ਹਾਂ ਦਾ ਅਧਿਐਨ ਕਰਨ ਵਿੱਚ ਬੜਾ ਫ਼ਰਕ ਹੁੰਦਾ ਹੈ।
?ਦੀਦਾਰ ਸੰਧੂ
ਪਹਿਲਾ ਨਾਂ ਹੈ ਪੰਜਾਬੀ ਗਾਇਕੀ ਦੀ ਵਿੱਛੜੀ ਮਹਿਕ ਬਾਈ ਦੀਦਾਰ ਸੰਧੂ। ਦੀਦਾਰ ਸੰਧੂ ਦੀ ਵਿਲੱਖਣ ਗੀਤਕਾਰੀ ਅਤੇ ਗਾਇਕੀ ਬਾਰੇ ਕੁੱਝ ਲਿਖਣ ਲੱਗਿਆਂ ਹਜ਼ਾਰ ਵਾਰ ਸੋਚਣਾ ਪੈਂਦਾ ਹੈ ਕਿ ਅਜਿਹੀ ਮਾਣਮੱਤੀ ਸਖ਼ਸ਼ੀਅਤ ਬਾਰੇ ਕੋਈ ਅਜਿਹਾ ਸ਼ਬਦ ਨਾ ਲਿਖਿਆ ਜਾਵੇ, ਜਿਹੜਾ ਉਸ ਦੇ ਉੱਚੇ ਤੇ ਸੁੱਚੇ ਆਚਰਣ ਦੇ ਖਿਲਾਫ਼ ਜਾਂਦਾ ਹੋਵੇ। ਦੀਦਾਰ ਸੰਧੂ ਨੇ ਆਪਣੇ ਗੀਤਾਂ ਰਾਹੀਂ ਤਿੰਨ ਦਹਾਕੇ ਨਿਰੰਤਰ ਮਾਂ ਬੋਲੀ ਦੀ ਸੇਵਾ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਮ ਚਮਕਾਇਆ। ਉਹ ਆਪਣੀ ਕਲਾ-ਕਿਰਤ ਰਾਹੀਂ ਆਪਣੇ ਸਮਕਾਲੀ ਗਾਇਕਾਂ ਤੋਂ ਕਿਤੇ ਅੱਗੇ ਨਿਕਲ ਚੁੱਕਾ ਸੀ। ਦੀਦਾਰ ਸੰਧੂ ਦੀ ਕਲਮ ਵਿੱਚ ਸਰਲਤਾ ਅਤੇ ਆਵਾਜ਼ ਵਿੱਚ ਪ੍ਰਭਾਵੀ ਦਿੱਖ ਸੀ। ਬਾ-ਕਮਾਲ ਕਲਾ ਦਾ ਮਾਲਕ ਲੋਕਾਂ ਦੀਆਂ ਭਾਵਨਾਵਾਂ ਨੂੰ ਬੜਾ ਨੇੜਿਉਂ ਦੇਖਦਾ ਤੇ ਇਹ ਬਹੁਤਾਤ ਅਰਥ ਰੱਖਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਗੀਤਾਂ ਰਾਹੀਂ ਗੱਲ ਨੂੰ ਬੜੀ ਛੇਤੀ ਨਿਬੇੜਦਾ। ਦੀਦਾਰ ਸੰਧੂ ਆਪਣੇ ਗੀਤਾਂ ਵਿੱਚ ਪੰਜਾਬੀ ਅਖਾਣ, ਮੁਹਾਵਰੇ, ਅਲੰਕਾਰਾਂ ਦੀ ਬਾਖ਼ੂਬੀ ਪੇਸ਼ਕਾਰੀ ਕਰਨ ਦੀ ਬੜੀ ਸੂਝ-ਬੂਝ ਰੱਖਦਾ ਸੀ। ਦੀਦਾਰ ਸੰਧੂ ਬਾਰੇ ਲਿਖਣ-ਪੜ੍ਹਨ ਲਈ ਬੜਾ ਕੁੱਝ ਹੈ ਪਰ ਅੱਜ ਏਨਾ ਹੀ ਕਹਾਂਗੇ ਕਿ ਦੀਦਾਰ ਸੰਧੂ ਆਪਣੇ ਸਮੇਂ ਦਾ ਵਧੀਆ ਗੀਤਕਾਰ, ਗਾਇਕ, ਵਧੀਆ ਇਨਸਾਨ ਅਤੇ ਆਪਣੇ ਪਿੰਡ ਭਰੋਵਾਲ ਖੁਰਦ ਦਾ ਸਫ਼ਲ ਸਰਪੰਚ ਹੋ ਨਿੱਬੜਿਆ ਹੈ। 48 ਸਾਲ ਦੀ ਭਰ ਜਵਾਨੀ ਵਿੱਚ ਦੀਦਾਰ ਸੰਧੂ ਦਾ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣਾ ਸਾਡੇ ਲਈ ਤਾਅ-ਜ਼ਿੰਦਗੀ ਦਰਦ ਹੈ।
?ਸ਼ਿਵਚਰਨ ਜੱੱਗੀ ਕੁੱੱਸਾ
ਦੂਸਰੇ ਨਾਂ ਦੀ ਇੱਕ ਵਾਰ ਫੇਰ ਵਾਰੀ ਆਉਂਦੀ ਹੈ। ਉਹ ਹੈ ਪੰਜਾਬੀ ਦੇ ਚਰਚਿਤ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ। ਜੱਗੀ ਕੁੱਸਾ ਬਾਰੇ ਬੜਾ ਕੁੱਝ ਛਪ ਚੁੱਕਾ ਹੈ। ਜੱਗੀ ਕੁੱਸਾ ਨੇ ਆਪਣੇ 25 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਬਾਈ ਸੁਪਰ-ਹਿੱਟ ਨਾਵਲ ਪਾਠਕਾਂ ਦੀ ਝੋਲੀ ਪਾਏ ਹਨ। ਹਰੇਕ ਸਾਲ ਇੱਕ ਨਵਾਂ ਨਾਵਲ ਲਿਖ ਕੇ ਛਪਵਾ ਕੇ ਮਾਰਕੀਟ ਵਿੱਚ ਦੇਣਾ ਕੋਈ ਮਦਾਰੀ ਦਾ ਖੇਲ੍ਹ ਨਹੀਂ। ਅੱਜ ਦੇ ਲੇਖ ਵਿੱਚ ਮੈਂ ਜੱਗੀ ਦੇ ਨਾਵਲ ‘ਪੁਰਜਾ-ਪੁਰਜਾ ਕਟਿ ਮਰੈ’ ‘ਤੇ ਹੀ ਕੇਂਦਰਿਤ ਰਹਾਂਗਾ।
‘ਪੁਰਜਾ-ਪੁਰਜਾ ਕਟਿ ਮਰੈ’ ਨਾਵਲ ਛਪਣ ਤੋਂ ਬਾਅਦ ਲੇਖਕ ਜੱਗੀ ਕੁੱਸਾ ਤੋਂ ਐਨੇ ਭੈਅ-ਭੀਤ ਹੋ ਗਏ ਸਨ ਕਿ ਲੰਮਾ ਸਮਾਂ ਕਿਸੇ ਵੀ ਲੇਖਕ ਨੇ ਉਸਦੇ ਨਾਵਲ ਬਰਾਬਰ ਮਾਰਕੀਟ ਵਿੱਚ ਨਾਵਲ ਛਪਵਾਉਣ ਦੀ ਹਿੰਮਤ ਨਹੀਂ ਸੀ ਕੀਤੀ। ਕਈਆਂ ਨੇ ਤਾਂ ਜੱਗੀ ਕੁੱਸਾ ਸਿਰ ਉਨ੍ਹਾਂ ਦੀ ਮਾਰਕੀਟ ਖ਼ਰਾਬ ਕਰਨ ਦੇ ਦੋਸ਼ ਵੀ ਮੜ੍ਹੇ, ਪਰ ਉਸ ਮਾਈ ਦੇ ਲਾਲ ਨੇ ਪਿੱਛਾ ਮੁੜ ਕੇ ਨਹੀਂ ਸੀ ਦੇਖਿਆ। ਇੱਥੋਂ ਤੱਕ ਕਿ ਉਸਨੇ ਕਦੇ ਆਪਣੇ ਆਪ ਨੂੰ ਲੇਖਕ ਹੋਣ ਦਾ ਦਾਅਵਾ ਵੀ ਨਹੀਂ ਕੀਤਾ। ਬੱਸ ਉਸ ਦੀ ਸਾਦਗੀ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜੱਗੀ ਕੁੱਸਾ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਭੀੜਾਂ ਇਕੱਠੀਆਂ ਕਰਕੇ ਫੋਕੀ ਵਾਹ-ਵਾਹ ਖੱਟਣ ਤੋਂ ਵੀ ਕੰਨੀਂ ਕਤਰਾਉਂਦਾ ਹੈ ਅਤੇ ਨਾ ਹੀ ਨਾਵਲ ਰਿਲੀਜ਼ ਕਰਨ ਲੱਗਿਆਂ ਬੇ-ਸੁਰੇ ਢਕਵੰਜ ਕਰਦਾ ਹੈ। ਉਹ ਤਾਂ ਕਿਸੇ ਅਣਥੱਕ ਰਾਹੀ ਵਾਂਗ ਨਿਰੰਤਰ ਲਿਖਦਾ-ਛਪਦਾ ਤੇ ਖੁੱਲ੍ਹਾ-ਡੁੱਲ੍ਹਾ ਮਾਰਕੀਟ ਵਿੱਚ ਵਿਕਦਾ ਵੀ ਆ ਰਿਹਾ ਹੈ। ਆਪਣੀ ਆਲੋਚਨਾ ਸੁਣ ਕੇ ਜੱਗੀ ਕਦੇ ਭੜਕਿਆ ਨਹੀਂ ਤੇ ਪ੍ਰਸ਼ੰਸਾ ਸੁਣ ਕੇ ਧਰਤੀ ਤੋਂ ਉੱਪਰ ਨਹੀਂ ਉੱਠਿਆ। ਉਹ ਤਾਂ ਕਿਸੇ ਨਦੀ ਦੇ ਨੀਰ ਵਾਂਗ ਸ਼ਾਂਤ ਵਹਿੰਦਾ ਰਿਹਾ ਤੇ ਅੱਜ ਵੀ ਨਿਰੰਤਰ ਵਹਿ ਰਿਹਾ ਹੈ। ਕਾਸ਼! ਕਿਤੇ ਜੱਗੀ ਕੁੱਸਾ ਨੂੰ ਨੇੜਿਉਂ ਹੋ ਮਿਲਣ ਦਾ ਮਿਲਜੇ ਮੌਕਾ।
?ਹਾਕਮ ਬਖਤੜੀਵਾਲ਼ਾ
ਤੀਜਾ ਨਾਂ ਆ ਗਿਆ ਪੰਜਾਬੀ ਦੀ ਪ੍ਰਸਿੱਧ ਸੁਪਰ-ਹਿੱਟ ਗਾਇਕ ਜੋੜੀ ਹਾਕਮ ਬਖ਼ਤੜੀਵਾਲਾ ਤੇ ਬੀਬਾ ਦਲਜੀਤ ਕੌਰ ਦਾ। ਹਾਕਮ ਬਖ਼ਤੜੀਵਾਲਾ ਅਜੋਕੇ ਸਮੇਂ ਦਾ ਇੱਕ ਸਫ਼ਲ ਗਾਇਕ ਤੇ ਗੀਤਕਾਰ ਸਾਬਿਤ ਹੋਇਆ ਹੈ। ਹਾਕਮ ਦੇ ਲਿਖੇ ਦਰਜਨਾਂ ਗੀਤ ਪੰਜਾਬੀ ਦੇ ਸਥਾਪਿਤ ਕਲਾਕਾਰ, ਜਿਨ੍ਹਾਂ ਵਿੱਚ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਪਰਮਿੰਦਰ ਸੰਧੂ, ਸਰਦੂਲ ਸਿਕੰਦਰ ਤੇ ਹੋਰ ਬਹੁਤ ਸਾਰੇ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ। ਜਿਹੜੇ ਹਾਕਮ ਦੇ ਲਿਖੇ ਰਿਕਾਰਡ ਇਸ ਦੋਗਾਣਾ ਜੋੜੀ ਦੀ ਆਵਾਜ਼ ਵਿੱਚ ਰਿਕਾਰਡ ਹੋਏ ਗੀਤਾਂ ਦੀ ਗਿਣਤੀ ਲਿਖਤ ਤੋਂ ਬਾਹਰ ਐ।
ਗੀਤਕਾਰੀ ਅਤੇ ਗਾਇਕੀ ਦੇ ਦੋਵਾਂ ਸਥਾਨਾਂ ਵਿੱਚ ਸਥਾਪਤੀ ਪ੍ਰਾਪਤ ਕਰਨ ਵਾਲੇ ਨਾਵਾਂ ਦੀ ਸੂਚੀ ਵਿੱਚ ਬਾਈ ਹਾਕਮ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਬੜੇ ਹੀ ਸਾਦਗੀ ਅਤੇ ਹੱਸਮੁੱਖ ਸੁਭਾਅ ਦੇ ਮਾਲਕ ਇਸ ਗੀਤਕਾਰ ਦੀ ਸ਼ੈਲੀ ਬਾ-ਕਮਾਲ ਅਤੇ ਪ੍ਰਸ਼ੰਸਾਯੋਗ ਹੈ। ਉਸਦੇ ਪ੍ਰਸ਼ੰਸਕਾਂ ਦਾ ਘੇਰਾ ਬੜਾ ਵਿਸ਼ਾਲ ਹੈ। ਹਾਕਮ ਬਖ਼ਤੜੀਵਾਲਾ ਪਿਛਲੇ 25-30 ਸਾਲ ਤੋਂ ਨਿਰੰਤਰ ਪੰਜਾਬੀ ਗੀਤਕਾਰੀ ਅਤੇ ਗਾਇਕੀ ਨਾਲ ਜੁੜਿਆ ਅੱਜ ਵੀ ਸੁਣਿਆ ਜਾ ਰਿਹਾ ਹੈ। ਸ਼ੁਰੂਆਤ ਵਿੱਚ ਇਕੱਲਾ ਹਾਕਮ ਸੀ, ਜਦੋਂ ਹਾਕਮ ਦਾ ਲਿਖਿਆ ਗੀਤ;
‘ਹਾਕਮ ਪਿੰਡ ਬਖ਼ਤੜੀਵਾਲਾ,
ਨੀ ਇਹ ਸਾਧ ਹਰਾਮੀ ਬਾਲ੍ਹਾ’
ਕਰਤਾਰ ਰਮਲਾ-ਸੁਖਵੰਤ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਤਾਂ ਫਿਰ ਬਣ ਗਿਆ ‘ਹਾਕਮ ਬਖ਼ਤੜੀਵਾਲਾ’। ਸੋ ਆਸ ਕਰਦੇ ਹਾਂ ਕਿ ਇਹ ਦੋਗਾਣਾ ਜੋੜੀ ਆਪਣੇ ਗੀਤਾਂ ਰਾਹੀਂ ਕਲਾ-ਪ੍ਰੇਮੀਆਂ ਨੂੰ ਸਰਸ਼ਾਰ ਕਰਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
-ਰਣਜੀਤ ‘ਚੱਕ ਤਾਰੇਵਾਲਾ’
ਜ਼ਿਲ੍ਹਾ ਮੋਗਾ। +91-82646-05441