ਅੰਮ੍ਰਿਤਸਰ (ਪੰਜ ਦਰਿਆ ਬਿਊਰੋ, ਰਾਜਿੰਦਰ ਰਿਖੀ)
ਕਰੋਨਾ ਸੰਕਟ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੱਖ-ਵੱਖ ਡਿਗਰੀਆਂ ਅਤੇ ਡਿਪਲੋਮਾ ਕੋਰਸਾਂ ਦੀਆਂ ਫਾਈਨਲ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਹੋਰਨਾਂ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ।
ਯੂਨੀਵਰਸਿਟੀ ਵੱਲੋਂ ਡਿਗਰੀਆਂ ਤੇ ਡਿਪਲੋਮਾ ਕੋਰਸਾਂ ਦੀਆਂ ਫਾਈਨਲ ਜਮਾਤਾਂ ਦੀਆਂ ਪ੍ਰੀਖਿਆਵਾਂ ਪਹਿਲੀ ਤੋਂ 20 ਜੁਲਾਈ ਤਕ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਸਬੰਧੀ ਡੇਟ ਸ਼ੀਟ ਵੀ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤੀ ਗਈ ਹੈ ਪਰ ਯੂਨੀਵਰਸਿਟੀ ਵੱਲੋਂ ਹੋਰਨਾਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਫਿਲਹਾਲ ਕੋਈ ਤਰੀਕ ਨਹੀਂ ਮਿੱਥੀ ਗਈ। ਇਸ ਬਾਰੇ ਸਮੁੱਚੀ ਸਥਿਤੀ ਅਨਿਸ਼ਚਿਤਤਾ ਵਾਲੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਆਖਿਆ ਕਿ ਇਸ ਵੇਲੇ ਯੂਨੀਵਰਸਿਟੀ ਦੀ ਤਰਜੀਹ ਡਿਗਰੀਆਂ ਅੇ ਡਿਪਲੋਮਾ ਕੋਰਸਾਂ ਦੀਆਂ ਫਾਈਨਲ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹਨ। ਜੇ ਇਹ ਪ੍ਰੀਖਿਆਵਾਂ ਸਫ਼ਲਤਾਪੂਰਵਕ ਸਿਰੇ ਚੜ੍ਹਦੀਆਂ ਹਨ ਤੇ ਹਾਲਾਤ ਸੁਖਾਵੇਂ ਰਹਿੰਦੇ ਹਨ ਤਾਂ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਕਤੂਬਰ ਮਹੀਨੇ ’ਚ ਲਈਆਂ ਜਾ ਸਕਦੀਆਂ ਹਨ। ਜੇ ਕਰੋਨਾ ਮਹਾਮਾਰੀ ਸਬੰਧੀ ਹਾਲਾਤ ਬੇਕਾਬੂ ਹੁੰਦੇ ਹਨ ਤਾਂ ਪ੍ਰੀਖਿਆਵਾਂ ਦੀ ਥਾਂ ਪਿਛਲੀਆਂ ਪ੍ਰੀਖਿਆਵਾਂ ਵਿਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਗਰੇਡ ਦਿੱਤੇ ਜਾ ਸਕਦੇ ਹਨ ਪਰ ਇਹ ਸਭ ਕੁਝ ਸਥਿਤੀ ’ਤੇ ਨਿਰਭਰ ਕਰਦਾ ਹੈ। ਫਿਲਹਾਲ ਇਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ।