ਹਰਮੰਦਰ ਕੰਗ (ਮੈਲਬਰਨ) ਆਸਟਰੇਲੀਆ

ਤਸਵੀਰ ਵਿੱਚ ਦਿਸਦਾ ਦਰੱਖਤ ਜੰਡ ਦਾ ਦਰੱਖਤ ਹੈ ਜਿਹੜਾ ਸਾਡੇ ਖੇਤ ਵਿੱਚ ਮੇਰੀ ਸੁਰਤ ਤੋਂ ਪਹਿਲਾਂ ਦਾ ਮੌਲ ਰਿਹਾ ਹੈ, ਪਤਾ ਨਹੀ ਕਿਸਨੇ ਜੜ ਲਗਾਈ ਹੋਊ ਇਸਦੀ ਪਰ ਮੈਨੂੰ ਲੱਗਦੈ ਹੁਣ ਇਹ ਸਾਡੀ ਪਿੰਡ ਦੀ ਜੂਹ ਵਿੱਚ ਇਕੱਲਾਂ ਕਹਿਰਾ ਹੀ ਰਹਿ ਗਿਆ ਹੈ।ਸਾਡੇ ਖੇਤ ਅਜੇ ਵੀ ਤੂਤ, ਡੇਕਾਂ, ਟਾਹਲੀ, ਜਾਂਮਣ, ਅਮਰੂਦ ਅਤੇ ਇਹ ਜੰਡ ਲੱਗੇ ਹੋਏ ਹਨ ਅਤੇ ਸਾਡੀ ਜਮੀਨ ਠੇਕੇ ਤੇ ਲੈਣ ਵਾਲਿਆਂ ਨੂੰ ਇਹ ਸਖਤ ਹਦਾਇਤ ਹੁੰਦੀ ਹੈ ਕਿ ਇਹਨਾਂ ਦਰੱਖਤਾ ਦੀ ਪੂਰੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਅਤੇ ਕਿਸੇ ਦਰੱਖਤ ਨੂੰ ਟੱਕ ਤੱਕ ਨਹੀ ਲਾਉਣਾਂ ਵੱਢਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਕਿਸਾਨ ਦੇ ਪੁੱਤ ਵਾਂਗੂ ਦਰੱਖਤ ਖੇਤ ਦੇ ਰਾਖੇ ਹੁੰਦੇ ਨੇ।

ਹੁਣ ਜਾ ਕੇ ਇਹਨਾਂ ਦਰੱਖਤਾਂ ਨੂੰ ਮੈ ਜੱਫੀ ਪਾ ਲੈਂਦਾ ਹਾਂ ‘ਤੇ ਜਾਂਮਣ ਨਾਲ ਗੱਲਾਂ ਕਰਨ ਦਾ ਬਹੁਤ ਸੁਆਦ ਆਉਂਦੈ। ਜਾਂਮਣ ਨੇ ਤਾਅਨਾਂ ਮਾਰਨਾਂ ਹੁੰਦੈ ਕਿ ਉਦੋ ਕਿਉ ਨਹੀ ਆਉਦਾ ਹੁੰਦਾ ਜਦੋ ਜੇਠ ਹਾੜ ਦੇ ਮਹੀਨੇ ਮੈਨੂੰ ਫਲ ਲੱਗਦੈ, ਕਿੰਨੇ ਸਾਲ ਬੀਤ ਗਏ ਜਾਮਣਾਂ ਖਾਧੀਆਂ ਨੂੰ। ਬਚਪਨ ਵਿੱਚ ਖੇਤ ਜਾਣਾਂ ਤਾਂ ਸਾਨੂੰ ਡਰਾ ਦਿੰਦੇ ਕਿ ਜੰਡ ਦੀ ਜੜ੍ਹ ‘ਚ ਸੱਪ ਰਹਿੰਦੈ ‘ਤੇ ਅਸੀਂ ਡਰਦੇ ਜਾਂਮਣ ਅਮਰੂਦ ਤੂਤ ਡੇਕਾਂ ਤੇ ਚੜ੍ਹ ਕੇ ਖੇਡਦੇ ਪਰ ਜੰਡ ਦੇ ਨੇੜੇ ਨਾਂ ਜਾਂਦੇ। ਜਾਂਮਣ ਤੋ ਖਾਧੀਆਂ ਜਾਂਮਣਾ, ਤੂਤ ਦੀਆਂ ਤੂਤੀਆਂ ਅਤੇ ਟਾਹਣੋ ਟਾਹਣੀ ਟਾਹਲੀ ਦੇ ਸਿਖਰ ਚੜਨਾਂ ਅਜੇ ਤੱਕ ਨਹੀ ਭੁੱਲਿਆ। ਘਰੇ ਵਾਹਣ ਚ ਅਗਲੇਰੀ ਫਸਲ ਬੀਜਣ ਵੇਲੇ ਅਜਿਹੀਆਂ ਗੱਲਾਂ ਹੁੰਦੀਆਂ ਸਨ’ ‘ਐਤਕੀ ਜੰਡ ਆਲੇ ਪਟੇ ਚ ਕਪਾਹ ਬੀਜਾਂਗੇ।ਤੂਤ ਆਲੇ ਚ ਐਤਕੀ ਰੂੜੀ ਦਾ ਰੇਹ ਪਾਉਣੈ, ਜਾਂਮਣ ਆਲਾ ਪਟਾ ਕੱਖ ਪੱਠੇ ਵਾਸਤੇ ਰੱਖਲੋ ਐਤਕੀ।”
ਲੋਕ ਜੰਡ ਦੁਆਲੇ ਲਾਲ ਕੱਪੜਾ ਵਲੇਟ ਦਿੰਦੇ ਸਨ ਜੰਡ ਨੂੰ ਪੂਜਿਆ ਜਾਂਦਾ ਰਿਹਾ ਹੈ। ਵਿਆਹ ਵੇਲੇ ਜੰਡੀ ਵੱਢਣ ਦੀ ਰਸਮ ਮਾਲਵੇ ਚ ਹੁੰਦੀ ਰਹੀ ਹੈ। ਜੇਠ ਹਾੜ ਦੇ ਮਹੀਨੇ ਵੀ ਇਸਦੇ ਪੱਤੇ ਹਰੇ ਹੁੰਦੇ ਹਨ ਜਦੋ ਸਾਰੇ ਦਰੱਖਤਾਂ ਨੂੰ ਗਰਮੀ ਲੂਹ ਲੈਦੀ ਹੈ ਸ਼ਾਇਦ ਤਾਂਹੀ ਮਿਰਜਾ ਜੰਡ ਥੱਲੇ ਦੋ ਘੜੀਆਂ ਆਰਾਮ ਕਰਨ ਲਈ ਰੁਕਿਆ ਹੋਵੇਗਾ।ਮਿਰਜਾ ਅਤੇ ਜੰਡ ਇੱਕ ਦੂਜੇ ਦੇ ਪੂਰਕ ਬਣ ਗਏ। ਸਹਿਬਾਂ ਜੰਡ ਨੂੰ ਤਾਹਨਾਂ ਮਾਰਦੀ ਐ ਕਿ ‘ਤੇਰੇ ਹੇਠ ਜੰਡੋਰਿਆ ਵੇ ਮੈ ਹੋ ਗਈ ਰੰਡੀ”(ਕਰਨੈਲ ਸਿੰਘ ਪਾਰਸ) ਜੰਡ ਹੇਠ ਮਿਰਜੇ ਦੀ ਮੌਤ ਨੇ ਲੋਕਧਾਰਾ ਵਿੱਚ ਜੰਡ ਨੂੰ ਅਣਗੌਲਿਆ ਬਣਾ ਦਿੱਤਾ। ਪੰਜਾਬੀ ਲੋਕ ਜੀਵਨ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਵੱਡੀਆਂ ਸਬਾਤਾਂ ਅਤੇ ਸੀਮਤ ਕਮਰਿਆਂ ਦਾ ਪ੍ਰਚਲਣ ਇਕਾਂਤ ਅਤੇ ਨਿੱਜਤਾ ਦੀ ਘਾਟ ਰੜਕਣ ਤੇ ਨਵੀ ਵਿਹਾਦੁੜ ਨੂੰ ਇਹ ਕਹਿਣ ਲਈ ਮਜਬੂਰ ਕਰਦਾ ਸੀ ਕਿ “ਰੋਹੀ ਵਾਲਾ ਜੰਡ ਵੱਢ ਕੇ ਵੇ ਮੈਨੂੰ ‘ਕੱਲੀ ਨੂੰ ਚੁਬਾਰਾ ਪਾ ਦੇ”। ਮੇਰੇ ਹਾਂਣ ਦੇ ਮੇਰੇ ਨਾਲ ਜੁਆਨ ਹੋਏ ਕਈ ਦਰੱਖਤ ਸਾਡੇ ਖੇਤ ਖੜੇ ਹਨ ਪਰ ਮੇਰੀ ਇੱਛਾ ਹੈ ਕਿ ਹੋਰ ਦਰੱਖਤ ਲਾਏ ਜਾਂਣ। ਪੁਰਾਣੇ ਖੂਹ ਦੇ ਨਾਲ ਪਾਏ ਕੱਚੇ ਕੋਠੇ ਦੀ ਕੰਧ ਨਾਲ ਲੱਗੀ ਦੁਸਾਂਗੜ ਡੇਕ ਰਾਹੀ ਅਸੀ ਕੱਚੇ ਕੋਠੇ ਦੀ ਛੱਤ ਰੱਖੇ ਮੰਜੇ ਉੱਤੇ ਜਾ ਸੌਂਦੇ। ਨਾਲ ਡੇਕ ਤੇ ਚਿੜੀਆਂ ਦੇ ਕਿੰਨੇ ਆਲਣੇ ਹੁੰਦੇ। ਓਹ ਸਮੇ ਸਨ ਜਦ ਚਿੜੀਆਂ ਮਨੁੱਖਾਂ ਤੋ ਡਰਦੀਆਂ ਨਹੀ ਸਨ। ਕੋਠੇ ਦੇ ਪਈ ਬੱਠਲੀ ਵਿੱਚ ਰੋਜ ਪਾਣੀ ਪਾਉਣਾਂ ਤਾਂ ਕਿ ਕੋਈ ਜਾਨਵਰ ਤਿਰਹਾਇਆ ਨਾਂ ਮਰੇ। ਚਿੜੀਆਂ ਵੀ ਉੱਡ ਗਈਆਂ ਤੇ ਸਮਾਂ ਵੀ। ਇਹ ਕਿਤੇ ਭੁੱਲਣ ਵਾਲੀਆਂ ਗੱਲਾਂ ਥੋੜੀ ਨੇ।…..