ਰਜਨੀ ਵਾਲੀਆ ਕਪੂਰਥਲਾ
ਬਸ ਕਰ ਰੱਬਾ ਹੁਣ ਤਾਂ ਮੇਰੇ,
ਹੰਝੂ ਵੀ ਵੇ ਸੁੱਕ ਚੱਲੇ ਨੇਂ।
ਤਸ਼ੱਦਦ ਤੇਰੇ ਕਿੰਨੇ ਬਾਕੀ,
ਕਿ ਜਾਂ ਫਿਰ ਓ ਮੁੱਕ ਚੱਲੇ ਨੇਂ।
ਬਸ ਕਰ ਪੰਛੀ ਨੂੰ ਹੁਣ ਤੂੰ,
ਭਰਨ ਲਈ ਪਰਵਾਜ਼ ਤਾਂ ਦੇ।
ਇਸ ਗੂੰਗੀ ਨੂੰ ਬੋਲਣ ਦੇ ਲਈ,
ਇੱਕ ਸ਼ਕਤੀ ਆਵਾਜ਼ ਤਾਂ ਦੇ।
ਸਾਡੇ ਜ਼ਖਮਾਂ ਤੇ ਸਾਡੇ ਆਪਣੇਂ,
ਲੂਣ ਈ ਲੂਣ ਭੁੱਕ ਚੱਲੇ ਨੇਂ।
ਬਸ ਕਰ ਰੱਬਾ ਹੁਣ ਤਾਂ ਮੇਰੇ
ਹਰ ਪਲ ਮੈਨੂੰ ਤੂੰ ਪੇਪਰ ਪਾਏ,
ਪਰ ਪੇਪਰ ਵਿਚਲੇ ਸਵਾਲ ਵੀ ਔਖੇ।
ਆਪਣਿਆਂ ਮੈਨੂੰ ਧੱਕੇ ਮਾਰੇ,
ਸਨ ਜ਼ਿੰਦਗੀ ਦੇ ਬੜੇ ਸਾਲ ਓ ਔਖੇ।
ਜਿੰਨ੍ਹਾਂ ਤੇ ਮੈਨੂੰ ਮਾਣ ਰਿਹਾ ਹੈ,
ਓ ਮੂੰਹ ਪਾਸੇ ਕਰ ਥੁੱਕ ਚੱਲੇ ਨੇਂ।
ਬਸ ਕਰ ਰੱਬਾ ਹੁਣ ਤਾਂ ਮੇਰੇ
ਤੂੰ ਕਿਉਂ ਬੇਰੰਗੀ ਕਰਤੀ ਜ਼ਿੰਦਗੀ,
ਦੂਰੋਂ ਪਿਆ ਹੁਣ ਰੰਗ ਵਿਖਾਉਨੈਂ।
ਤੂੰ ਅਕਲ ਮੇਰੀ ਤੇ ਪਰਦੇ ਪਾ ਕੇ,
ਹੁਣ ਕਿਉਂ ਪਿਆ ਮੈਨੂੰ ਸਮਝਾਉਨੈਂ ।
ਸਾਹਵਾਂ ਦੇ ਸੁੰਨੇਂ ਵਿਹੜੇ ਵਿੱਚ,
ਆ ਕੇ ਮਾਤਮ ਢੁੱਕ ਚੱਲੇ ਨੇਂ।
ਬਸ ਕਰ ਰੱਬਾ ਹੁਣ ਤਾਂ ਮੇਰੇ
ਕੇਹੇ ਲੇਖ ਲਿਖਾ ਕੇ ਆ ਗਈ,
ਕੀ ਹੋਰ ਵੀ ਹੈਣ ਹਿਸਾਬ ਵੇ ਬਾਕੀ।
ਦੇ ਜੋ ਜੋ ਦੇਣਾ ਦੇ ਲੈ ਰੱਬਾ,
ਮੇਰੀ ਸਭ ਸਾਂਭੇਗੀ ਕਿਤਾਬ ਵੇ ਬਾਕੀ।
ਹਿੰਮਤ ਰਜਨੀ ਨੇ ਨਾ ਹਾਰੀ,
ਕਦਮ ਭਾਵੇਂ ਮੇਰੇ ਰੁੱਕ ਚੱਲੇ ਨੇਂ।
ਬਸ ਕਰ ਰੱਬਾ ਹੁਣ ਤਾਂ ਮੇਰੇ,
ਹੰਝੂ ਵੀ ਵੇ ਸੁੱਕ ਚੱਲੇ ਨੇਂ।