ਸਰਕਾਰ ਦੇ ਦੋਹਰੇ ਮਾਪਦੰਡ
ਮੋਗਾ ( ਮਿੰਟੂ ਖੁਰਮੀ)
ਇਥੇ ਵਿਦੇਸ਼ਾਂ ਤੋਂ ਪਰਤੇ ਸੈਂਕੜੇ ਪੰਜਾਬੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ਮਗਰੋਂ ਵੀ ਮਹਿੰਗੇ ਹੋਟਲਾਂ ’ਚ ਕੈਦ ਹਨ, ਜਦੋਂ ਕਿ ਸਕੂਲਾਂ-ਕਾਲਜਾਂ ’ਚ ਸਥਾਪਤ ਇਕਾਂਤਵਾਸ ਕੇਂਦਰਾਂ ’ਚ ਠਹਿਰੇ ਪਰਵਾਸੀ ਮਜ਼ਦੂਰਾਂ ਨੂੰ ਨੈਗੇਟਿਵ ਰਿਪੋਰਟ ਮਗਰੋਂ ਤਰੁੰਤ ਘਰੋ ਘਰੀਂ ਤੋਰਿਆ ਜਾ ਰਿਹਾ ਹੈ। ਇਥੇ ਵਿਦੇਸ਼ ਤੋਂ ਪਰਤੇ ਲੋਕਾਂ ਨੂੰ ਹੋਟਲ ਦੇ ਸਟੇਟਸ ਮੁਤਾਬਕ ਪ੍ਰਤੀ ਦਿਨ 3 ਹਜ਼ਾਰ ਤੋਂ 8 ਹਜ਼ਾਰ ਰੁਪਏ ਮੁੱਲ ਤਾਰਨਾ ਪੈ ਰਿਹਾ ਹੈ, ਜਦੋਂ ਉਨ੍ਹਾਂ ਦੀਆਂ ਕੋਵਿਡ-19 ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਥਾਪਤ ਇਕਾਂਤਵਾਸ ਕੇਂਦਰਾਂ’ਚ ਵਾਸ਼ਰੂਮਾਂ ’ਚ ਗੰਦਗੀ ਅਤੇ ਮਾੜੇ ਪ੍ਰਬੰਧਾਂ ਦੀਆਂ ਵਾਇਰਲ ਹੋਈਆਂ ਵੀਡੀਓ ਤੋਂ ਉਨ੍ਹਾਂ ਹੋਟਲਾਂ ’ਚ ਠਹਿਰਨ ਨੂੰ ਤਰਜੀਹ ਦਿੱਤੀ ਸੀ। ਇਕਾਂਤਵਾਸ ਦੀ ਦੋਹਰੀ ਨੀਤੀ ਹੈ। ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਮਗਰੋਂ ਘਰ ’ਚ ਇਕਾਂਤਵਾਸ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਪਰਵਾਸੀ ਮਜ਼ਦੂਰਾਂ ਨੂੰ ਘਰੋ ਘਰੀਂ ਤੋਰਿਆ ਜਾ ਰਿਹਾ ਹੈ।
ਇਥੇ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਦੇਖ ਰੇਖ ਲਈ ਨੋਡਲ ਅਧਿਕਾਰੀ ਜੇਐੱਸ ਚਾਹਲ ਨੇ ਮੰਨਿਆਂ ਕਿ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰ ਸਰਕਾਰ ਦੀਆਂ ਕੋਵਿਡ-19 ਹਦਾਇਤਾਂ ਮੁਤਾਬਕ ਉਨ੍ਹਾਂ ਨੂੰ 7 ਦਿਨ ਸਰਕਾਰੀ ਨਿਗਰਾਨੀ ਹੇਠ ਇਕਾਂਤਵਾਸ’ਚ ਕੱਟਣੇ ਪੈਣੇ ਹਨ। ਦੂਜੇ ਪਾਸੇ ਸਕੂਲਾਂ ’ਚ ਅੰਤਰ ਰਾਜਾਂ ਤੋਂ ਪਰਤੇ ਪੰਜਾਬੀ ਅਤੇ ਪਰਵਾਸੀ ਮਜ਼ਦੂਰਾਂ ਲਈ ਸਥਾਪਤ ਇਕਾਂਤਵਾਸ ਦੀ ਦੇਖ ਰੇਖ ਲਈ ਨੋਡਲ ਅਧਿਕਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀਆਂ ਰਿਪੋਰਟਾਂ ਆਉਣ ਮਗਰੋਂ ਤਰੁੰਤ ਘਰ ਭੇਜਿਆ ਜਾ ਰਿਹਾ ਹੈ।