ਮਨਦੀਪ ਕੌਰ ਭੰਮਰਾ

ਅਤੀਤ ਦੇ ਕੰਡਿਆਲੇ ਰਾਹਾਂ ‘ਤੇ ਜਦੋਂ ਵੀ
ਮਨ ਕਦੀ ਮੁੜ ਤੁਰਨ ਲੱਗਦੈ ਤਾਂ ਕਸੀਸ
ਵੱਟਣ ਤੋਂ ਵੱਧ ਕੋਈ ਕੀ ਕਰ ਸਕਦੈ ਬੱਸ
ਅੱਲੇ ਜ਼ਖ਼ਮਾਂ ਦੇ ਉੱਖੜੇ ਖਰਿੰਡ ਕਸਕਦੇ
ਸਿੰਮਦਾ ਲਹੂ ਸੀਨੇ ਦੇ ਗਹਿਰੇ ਧਰਾਤਲ
ਹੇਠ ਨਸਾਂ ਵਿੱਚ ਵਹਿੰਦਾ ਸ਼ੂਕਦਾ ਰਹਿੰਦਾ
ਕੰਕਰੀਲੇ ਪਥਰਾਟਾਂ ਉੱਤੇ ਤੁਰਦਿਆਂ
ਭੋਰਾ ਭੋਰਾ ਭੁਰਦਿਆਂ, ਖੁਰਦਿਆਂ ਤੇ
ਨਿੱਤ ਮਰਦਿਆਂ ਦੇਖ ਸੁਪਨਿਆਂ ਨੂੰ
ਨਾਲ਼ ਨਹੀਂ ਮਰਿਆ ਜਾਂਦਾ ਬੱਸ ਫੇਰ
ਉਦੋਂ ਮਰੇ ਹੋਏ ਸੁਪਨਿਆਂ ਦੇ ਸੰਗ ਹੀ
ਜਿਉਣਾ ਹੁੰਦਾ ਨਿੱਤ ਨਿੱਤ ਮਰਦਿਆਂ
ਤੁਹਾਡੀਆਂ ਸੀਤ ਤਰਾਟਾਂ ਮੂਕ ਹੋਣ ਭਾਵੇਂ
ਤਦ ਵੀ ਉੱਚੀ ਉੱਚੀ ਕੂਕਦੀਆਂ ਹਨ
ਅਤੇ ਤੁਸੀਂ ਰਿਸ਼ਤਿਆਂ ਦੀ ਗੰਧਲ਼ੀ ਅਤੇ
ਗਲੀਜ਼ ਸੋਚ ਦਾ ਸ਼ਿਕਾਰ ਹੋਏ ਹੁੰਦੇ ਹੋ
ਅਨੁਭਵ ਦੀ ਭੱਠੀ ਵਿੱਚੋਂ ਤਪਕੇ ਜੇਕਰ
ਤੁਸੀਂ ਛਲਾਂਗ ਲਗਾ ਸਕੋ ਤਾਂ ਬਿਹਤਰ
ਪਿਆਰ ਕਰੋ ਆਪਣੇ ਆਪੇ ਨੂੰ ਤੇ ਜੀਓ
ਭਟਕਣਾ ਤੋੰ ਮੁਕਤ ਹੋ ਕੇ ਜਿਉਣਾ ਪੈਣਾ
ਮਸਤੀ ਨਾਲ਼ੋਂ ਹੋਸ਼ਾਂ ਸੰਭਾਲ਼ ਜਿਉਣਾ ਪੈਣਾ
ਜ਼ਿੰਦਗੀ ਦੇ ਨਵੇਂ ਅਰਥ ਲੱਭਣੇ ਪੈਣੇ ਹਨ
ਪੁਰਾਣੇ ਮੁੱਲਾਂ ਨੂੰ ਘੋਖਣਾ ਪੈਣਾ ਜੇ ਜਿਉਣਾ
ਅਰਥਹੀਣ ਮੁੱਲਾਂ ਦਾ ਮੁਤਾਲਾ ਕਰਨਾ ਪੈਣਾ
ਜੀਵਨ ਦੀ ਡਗਰ ਸੁਖਾਲ਼ੀ ਨਹੀਂ ਹੁੰਦੀ
ਮਖ਼ਮਲੀ ਬਿਸਤਰ ਹਰ ਇੱਕ ਦਾ ਨਸੀਬ
ਨਹੀਂ ਹੁੰਦੇ ਨਾਂ ਹੀ ਹਰ ਕੋਈ ਸੋਇਨੇ ਦਾ
ਚਮਚਾ ਮੂੰਹ ਵਿੱਚ ਲੈ ਕੇ ਜੰਮਦਾ ਹੁੰਦਾ
ਨਸੀਬਾਂ ਨਾਲ਼ ਭਿੜਨਾ ਪੈਂਦਾ ਹੈ ਸਾਨੂੰ
ਮਿਹਨਤ,ਉੱਦਮ ਅਤੇ ਲਗਨ ਦੇ ਆਸਰੇ
ਇਰਾਦਿਆਂ ਦੇ ਪੌਡਿਆਂ ‘ਤੇ ਅੜ ਖੜੋਨਾ
ਮੰਜ਼ਿਲ ਨਿਰਧਾਰਿਤ ਕਰ ਲੈਣੀ ਤੇ ਤੁਰਨਾ
ਹਿੰਮਤ ਦਾ ਪੱਲਾ ਘੁੱਟ ਕੇ ਫੜੀ ਰੱਖਣਾ
ਨਿਰੰਤਰ ਮਿਹਨਤ ਕਰਨਾ ਤੇ ਫਿਰ ਦੇਖਣਾ
ਫਤਿਹ ਦਾ ਮੰਜ਼ਿਰ ਖੂਬ ਮਾਨਣਾ ਤੇ ਜਿਉਣਾ
ਮੜਕ ਅਤੇ ਸੋਚ ਦੀ ਬੁਲੰਦੀ ਕਾਇਮ ਰੱਖਣੀ
‘ਸ਼ਰੀਕ’ ਸ਼ਬਦ ਬੇਇੰਤਹਾ ਨਫ਼ਰਤ ਦਾ
ਪਾਤਰ ਹੈ ਬਚਣਾ ਇਸਤੋਂ ਜ਼ਿੰਦਗੀ ਵਿੱਚ
ਬਹੁਤ ਦੂਰ ਰੱਖਣਾ ਇਸ ਨੂੰ ਆਪਣੇ ਤੋਂ
ਅਪਣੱਤ ਬਣਾ ਕੇ ਰੱਖਣੀ ਸਿੱਖਣਾ ਤੁਸਾਂ
ਮੁਹੱਬਤਾਂ ਦੇ ਗੀਤ ਗਾਵਣੇ ਤੇ ਖੁਸ਼ ਹੋਣਾ
‘ਮਨਦੀਪ’ ਨੂੰ ‘ਦੁਆਂਵਾਂ’ ‘ਚ ਯਾਦ ਰੱਖਣਾ
-ਮਨਦੀਪ ਕੌਰ ਭੰਮਰਾ