
ਲੰਡਨ (ਨ ਜ਼ ਸ)- ਇੰਗਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਪ੍ਰਮੁੱਖ ਲੀਡਰ ਕਾਮਰੇਡ ਅਜੀਤ ਸਿੰਘ ਰਾਏ 98ਵੇਂ ਸਾਲ ਦੀ ਉਮਰ ਵਿੱਚ ਸਾਥੋਂ ਜੁਦਾ ਹੋ ਗਏ। ਕਰੀਬ ਸੱਤਰ ਸਾਲ ਪਹਿਲਾਂ ਕਾਮਰੇਡ ਅਜੀਤ ਸਿੰਘ ਰਾਏ ਨੇ ਇੰਗਲੈਂਡ ਵਿੱਚ ਕਾਮਰੇਡ ਵਿਸ਼ਨੂੰ ਦੱਤ ਸ਼ਰਮਾ ਨਾਲ ਮਿਲ ਕੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਨੀਂਹ ਰੱਖੀ ਸੀ, ਜਿਹੜੀ ਅੱਜ ਤੱਕ ਵੀ ਉਸ ਦੇਸ਼ ਵਿੱਚ ਪ੍ਰਵਾਸੀ ਲੋਕਾਂ ਦੀ ਸਭ ਤੋਂ ਵੱਡੀ ਅਤੇ ਮਕਬੂਲ ਜਥੇਬੰਦੀ ਹੈ। ਕਾਮਰੇਡ ਰਾਏ ਆਪਣੇ ਪਿੱਛੇ ਪਤਨੀ ਅਤੇ ਪੰਜ ਪੁੱਤਰਾਂ ਵਾਲਾ ਭਰਿਆ ਪੂਰਾ ਪਰਵਾਰ ਛੱਡ ਗਏ ਹਨ। ਉਨ੍ਹਾ ਦੇ ਦੇਹਾਂਤ ਉੱਤੇ ਫਰੈਂਡਜ਼ ਆਫ਼ ਸੀ ਪੀ ਆਈ ਵੱਲੋਂ ਕਾਮਰੇਡ ਇਕਬਾਲ ਵੈਦ, ਜਸਬੀਰ ਕੌਰ ਦੂਹੜਾ, ਕੇ ਸੀ ਮੋਹਨ, ਪ੍ਰੀਤਮ ਮੱਟੂ, ਬਲਵਿੰਦਰ ਸਿੰਘ ਢਿੱਲੋਂ, ਸੁਖਦੇਵ ਔਜਲਾ ਦੇ ਨਾਲ ਲੇਬਰ ਲੀਡਰ ਅਤੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ‘ਨਵਾਂ ਜ਼ਮਾਨਾ’ ਦੇ ਸਾਬਕਾ ਸੰਪਾਦਕ ਜਤਿੰਦਰ ਪਨੂੰ ਅਤੇ ਪੰਜਾਬ ਸੀ ਪੀ ਆਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵੀ ਕਾਮਰੇਡ ਅਜੀਤ ਸਿੰਘ ਰਾਏ ਦੇ ਦੇਹਾਂਤ ਉੱਤੇ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਾਮਰੇਡ ਰਾਏ ਦੇ ਖੱਬੀ ਲਹਿਰ ਲਈ ਵਿਸ਼ੇਸ਼ ਯੋਗਦਾਨ ਨੂੰ ਯਾਦ ਕੀਤਾ ਹੈ।