
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਨਾਲ ਬਰਤਾਨੀਆ ‘ਚ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ ਬਰਤਾਨੀਆ ‘ਚ 563 ਮੌਤਾਂ ਹੋ ਗਈਆਂ ਹਨ, ਜਿਸ ਕਾਰਨ ਮੌਤਾਂ ਦੀ ਕੁੱਲ ਗਿਣਤੀ 2352 ਹੋ ਗਈ ਹੈ। ਸਕਾਟਲੈਂਡ ਵਿੱਚ ਮੌਤਾਂ ਦੀ ਗਿਣਤੀ ਅੱਜ 16 ਹੋਰ ਨਵੀਆਂ ਮੌਤਾਂ ਦੇ ਵਾਧੇ ਨਾਲ 76 ਹੋ ਗਈ ਹੈ। ਉੱਤਰੀ ਆਇਰਲੈਂਡ ਵਿੱਚ ਕੁੱਲ ਮੌਤਾਂ ਦੀ ਗਿਣਤੀ 30 ਤੇ ਵੇਲਜ਼ ਵਿੱਚ 98 ਮੌਤਾਂ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਦੇਸ਼ ਭਰ ਵਿੱਚ ਇਸ ਵਾਇਰਸ ਨਾਲ ਜਿੱਥੇ 29,474 ਲੋਕ ਪੀੜਤ ਹਨ, ਉਥੇ ਹੀ 135 ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਇਲਾਜ ਤੋ ਬਾਅਦ ਠੀਕ ਵੀ ਹੋਏ ਹਨ। ਪਰ ਤੰਦਰੁਸਤ ਹੋਣ ਵਾਲਿਆਂ ਦਾ ਅੰਕੜਾ ਕਈ ਦਿਨਾਂ ਤੋਂ ਸਥਿਰ ਹੈ। ਦੱਖਣੀ ਲੰਡਨ ਦੇ ਬਰਿਕਸਟਨ ਇਲਾਕੇ ਦੇ 13 ਸਾਲ ਦੇ ਇਕ ਲੜਕੇ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਦੋ ਹਫਤਿਆਂ ਦੇ ਅੰਦਰ ਗਲਾਸਗੋ SEC ਵਿਖੇ 300 ਬਿਸਤਰਿਆਂ ਦਾ ਆਰਜ਼ੀ ਹਸਪਤਾਲ ਬਣਾ ਕੇ ਤਿਆਰ ਕਰਨ ਦਾ ਐਲਾਨ ਕੀਤਾ ਹੈ।