10.2 C
United Kingdom
Saturday, April 19, 2025

More

    ਮਲ੍ਹਿਆਂ ਦੇ ਬੇਰਾਂ ਵਾਲਾ “ਮੇਸ਼ੀ ਬਾਈ”

    ਬਲਰਾਜ ਬਰਾੜ, ਚੋਟੀਆਂ ਠੋਬਾ।

    ਸ਼ੁੱਕਰਵਾਰ ਵਾਲੇ ਦਿਨ ਟੋਰੰਟੋ, ਲਾਹੋਰ ਤੋਂ ਪਾਕਿਸਤਾਨ ਇੰੰਨਟਰਨੈਸ਼ਨਲ ਏਅਰਲਾਇਨ (pia) ਦੀ ਸਿੱਧੀ ਉਡਾਣ ਉਤਰਦੀ ਆ ਤਕਰੀਬਨ ਦੁਪਹਿਰ ਦੋ ਵਜੇ।

    ਮੇਰਾ ‌ਮਿੱਤਰ ਆ ਸ਼ਾਹਿਦ ਭਾਈ ,
    ਓਹਦੀ ਮੀਟ ਤੇ ਗਰੋਸਰੀ ਦੀ ਦੁਕਾਨ ਆ ਮੇਰੇ ਘਰ ਕੋਲ਼।
    ਓਸ ਫਲਾਈਟ ਵਿੱਚ ਗਰਮੀਆਂ ਵਿਚ , ਪਾਕਿਸਤਾਨੀ ਅੰਬ,ਕੱਦੂ ‌ਤੇ ਟਿੰਡੋ, ਤੇ ‌ਕਈ ਵਾਰ ਜਾਮਨਾਂ ਵੀ ਆ ਜਾਂਦੀਆਂ।
    ਜਿਹੜੇ ਆਮ ਸਟੋਰਾਂ ਤੇ ਕੱਦੂ ‌ਤੇ ਟਿੰਡੋ ਪਏ ਹੁੰਦੇ ਆ ,ਓਹ ਕੈਲੇਫੋਰਨੀਆ ਤੋਂ ਆਉਂਦੇ ਆ,
    ਏਸੇ ਕਰਕੇ ਓਹਨਾ ਚੋ ਪੰਜਾਬ ਵਰਗਾ ਸੁਆਦ ਨਹੀਂ ਲੱਭਦਾ। ਕਿਉਂਕਿ ਟਿੰਡੋ ਬਹੁਤ ਜ਼ਿਆਦਾ ਗਰਮੀ ਭਾਲਦੇ ਨੇ, ਕੈਲੇਫੋਰਨੀਆਂ ਜਾਂ ਨੋਰਥ ਅਮਰੀਕਾ ‌ਚ ਜਿਥੋਂ ਵੀ ਏਹ ਆਉਂਦੇ ਨੇ ਓਨੀਂ ਗਰਮੀ ਨਹੀਂ ਪੈਂਦੀ, ਤਾਂ ਕਰਕੇ ਓਹਨਾਂ ਦਾ ਸਵਾਦ ਵੀਹ ਪ੍ਰਤੀਸ਼ਤ ਵੀ ਨਹੀਂ ਬਣਦਾ ਦੇਸ਼ ਪੰਜਾਬ ਵਰਗਾ।
    ਸ਼ਾਮ ਨੂੰ ਪੰਜ ਕੁ ਵਜੇ ਨੂੰ ਮੈਂ ਹਰੇਕ ਸ਼ੁਕਰਵਾਰ ਨੂੰ
    ਪਾਹੁੰਚ ਜਾਨਾਂ ਸ਼ਾਹਿਦ ਭਾਈ ਦੀ ਗਰੋਸਰੀ ਦੀ ਦੁਕਾਨ ਤੇ ਕਿਉਂਕਿ ਦੋ ਵਜੇ ਉਤਰੀ ਉਡਾਨ ਵਿੱਚੋਂ ਕਸਟਮ ਕਲੀਅਰੈਂਸ ਤੋਂ ਬਾਅਦ ਪੰਜ ਕੁ ਵਜਦੇ ਨੂੰ ਬੰਦਾ ਡਲਿਵਰ ਕਰ ਜਾਂਦਾ ਸਮਾਨ।
    ਘੰਟੇ ਕੁ ਵਿੱਚ ਦੀ ਸਾਰਾ ਸਮਾਨ ਵਿੱਕ ਜਾਂਦਾ,
    ਖਾਸ ‌ਕਰ ਟਿੰਡੋਂ।‌
    ਕਿਉਂਕਿ ਲਹਿੰਦੇ ਪੰਜਾਬ ਵਾਲੇ ਬੱਕਰੇ ਦੀ ਨਿਹਾਰੀ ਬਣਾਉਣ ਲੱਗੇ ਟਿੰਡੋ ਜ਼ਰੂਰ ਪਾਉਂਦੇ ਨੇ। ਸਰੋਂ ਦੇ ਤੇਲ ਚ ਲਹਿੰਦੇ ਪੰਜਾਬ ਦੀ ਧਰਤੀ ਤੋਂ ਆਏ ਏਹ ਟਿੰਡੋ ਵੱਖਰਾ ਈ ਆਨੰਦ ਦਿੰਦੇਂ ਆ।
    ਓਹਨਾਂ ਦੀ ਸਬ ਤੋਂ ਮਨਪਸੰਦ ਡਿਸ਼ ਆ ਬੱਕਰਾ,ਟਿੰਡੋ ਨਿਹਾਰੀ।
    ਕਈ ਵਾਰ ਮੁਲਤਾਨੀ ਅੰਬ ਵੀ ਆ ਜਾਂਦੇ ਆ।
    ਕਦੇ ਓਹ ਮਿਲ ਜਾਣ ਨਾਂ ,
    ਰਸੋਈ ਚ ਰੱਖਿਆ ਤੋਂ ਮਿਠਾਸ, ਤੇ ਮਹਿਕ ਸਾਰੀ ਰਸੋਈ ਚ ਫੈਲ ਜਾਂਦੀ ਆ।
    ਪਾਕਿਸਤਾਨ ਵਿੱਚ ਸਭ ਤੋਂ ਜਰਖੇਜ਼ ਜ਼ਮੀਨ ਮੁਲਤਾਨ ਤੇ ਏਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ।‌ ਮੁਲਤਾਨੀ ਮਿੱਟੀ ਦੀਆਂ ਤੋੜੀਆਂ, ਕੁੱਜੇ ਚਟੂਰੇ ਤਾਂ ਈ ਮਸ਼ਹੂਰ ਨੇ।
    ਔਰਤਾਂ ਜਿਹੜਾ ਚੇਹਰੇ ਤੇ ਲੇਪ ਲਾਉਂਦੀਆਂ ਮਿੱਟੀ ਦਾ ਚਮੜੀ ਦੇ ਕਸਾਅ ਲਈ‌ ,ਓਹ ਵੀ ਜ਼ਿਆਦਾਤਰ ਮੁਲਤਾਨੀ ਮਿੱਟੀ ਦਾ ਈ ਹੁਂਦਾ।

    ਕੱਲ੍ਹ ਸ਼ੁਕਰਵਾਰ ਸੀ ਤੇ ਜਦੋਂ ਮੈਂ ਸ਼ਾਹਿਦ ਭਾਈ ਦੀ ਗਰੋਸਰੀ ਦੀ ਦੁਕਾਨ ਤੇ ਗਿਆ ਤਾਂ ਵੇਖਿਆ ਕੇ ਟਿੰਡੋ ਦੇ ਨਾਲ ਪਹਿਲੀ ਵਾਰ ਗੇਰੂ ਰੰਗੇਂ ਮਲਿਆਂ ਦੇ ਬੇਰ ਪਏ ਸਨ।
    ਦੇਖ ਕੇ ਨਜ਼ਾਰਾ ਆ ਗਿਆ ਤੇ ਓਥੇ ਮੈਨੂੰ ਮੋਗੇ ਵਾਲਾ ਮੇਸ਼ੀ ਬਾਈ ਚੇਤੇ ਆ ਗਿਆ।

    ਮੇਸ਼ੀ ਬਾਈ ‌ਦੀ ਸਬਜ਼ੀ ਦੀ ਦੁਕਾਨ ਆ ਚੋਂਕ ਸ਼ੇਖਾਂ ਵਿੱਚ , ਮੇਰੇ ਪਿੰਡ ਨੂੰ ਜਾਂਦੀ ਸੜਕ ਦੇ ਕੂਹਣੀ ਮੋੜ ਤੇ ਆ। ਬਜ਼ਾਰੋਂ ਬਾਹਰ ਨਿਕਲਦਿਆਂ ਸੱਜੇ ਹੱਥ।ਇੱਕ ਛੋਟਾ ਜਿਹਾ ਪਿੱਪਲ ਆ ਓਹਦੇ ਹੇਠ ,ਓਹਦੀ ਸਬਜ਼ੀ ਦੀ ਰੇਹੜੀ ਲਾਈ ਹੁੰਦੀ।
    ਓਦੋਂ ਮੈਂ ਪਲੱਸ ਟੂ ਵਿੱਚ ਪੜ੍ਹਦਾ ਹੁੰਦਾ ਸੀ ।
    ਪੁਰਾਣੇ ਮੋਗੇ ਮੈਂ ਫਜਿਕਸ ਦੀ ਟਿਉਸ਼ਨ ਪੜਦਾ ਹੁੰਦਾ ਸੀ ਹਰਿੰਦਰ ਮੈਡਮ ਕੋਲੋਂ।
    ਨਾਲ਼ ਮੇਰਾ ਮਿੱਤਰ ਹੁੰਦਾ ਸੀ ਨਵਕਿਰਨ ਬਿਲਾਸਪੁਰ ਪਿੰਡ ਤੋਂ। ਹਰਿੰਦਰ ਮੈਡਮ msc ਗੋਲਡ ਮੈਡਲਿਸਟ ਸਨ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਫੇਰ ਯੂਨੀਵਰਸਿਟੀ ਵਾਲਿਆਂ ਨੇ ਓਹਨਾ ਨੂ ਓਥੇ ਈ ਲੈਕਚਰਾਰ ਰੱਖ ਲਿਆ ਸੀ।
    । ਸੋਮਵਾਰ , ਮੰਗਲਵਾਰ, ਤੇ ਬੁੱਧਵਾਰ ਓਹ ਕਲਾਸਾਂ ਲਾਉਂਦੇ ਚੰਡੀਗੜ੍ਹ ਤੇ ਬੁੱਧਵਾਰ ਆਖਰੀ ਬੱਸ ਚੜ੍ਹ ਕੇ ਮੋਗੇ ਘਰੇ ਮੁੜ ਆਉਂਦੇ।
    ਤੇ ਫੇਰ ਵੀਰ, ਸ਼ੁਕਰਵਾਰ ਤੇ ਸ਼ਨੀਵਾਰ ਬੱਚਿਆਂ ਨੂੰ ਸਵੇਰੇ, ਸ਼ਾਮ ਟਿਉਸ਼ਨ ਪੜਾਉਂਦੇ। ਐਤਵਾਰ ਓਹ ਛੁੱਟੀ ਕਰਦੇ।
    ਸਾਡੇ ਤੋਂ ਓਹ ਛੇ ਕੁ ਵਰੇ ਈ ਵੱਡੇ ਸਨ ਓਹ। ਹਜੇ ਓਹਨਾ ਦਾ ਵਿਆਹ ਨਹੀਂ ਹੋਇਆ ਸੀ।
    ਗੋਤ ਓਹਨਾ ਦਾ ਬਰਾੜ ਸੀ ਏਸ ਕਰਕੇ ਮੈਨੂੰ ਓਹ ਛੋਟਾ ਭਰਾ ਕਹਿੰਦੇ ਹੁੰਦੇ ਸਨ ਕੇ ਤੂਂ ਤਾਂ ਆਪਣਾ ਈ ਖ਼ੂਨ ਐਂ।
    ਮੈਨੂੰ ਓਹਨਾਂ ਕਹਿਣਾ ਕੇ ਤੋੜੀ ਆਲਾ ਸਾਗ ਲੈ ਕੇ ਆਈਂ ਪਿੰਡੋਂ ਆਉਂਦਾ ਹੋਇਆ ਕੱਲ੍ਹ ਨੂੰ ਮੇਰੇ ਕੋਲ਼ ਟਾਇਮ ਨੀ ਹੁੰਦਾ ਬਣਾਉਂਣ ਨੂੰ।
    ਮੈਂ ਅਗਲੇ ਦਿਨ ਡੱਬੇ ਵਿੱਚ ਵਾਹਵਾ ਸਾਰਾ ਸਾਗ ਲੈ ਜਾਣਾ।
    ਮੈਡਮ ਬਾਜ਼ਰੇ ਦੀ ਰੋਟੀ ਨਾਲ ਖਾ ਕੇ ਵੇਖਿਓ ਸਾਗ ਬਹੁਤ ਸਵਾਦ ਲਗਦਾ। ਮੈਂ ਓਹਨਾਂ ਨੂੰ ਕਿਹਾ ਸੀ।
    ਅੱਗਲੇ ਦਿਨ ਜਦੋਂ ਮੈਂ ਟਿਉਸ਼ਨ ਪੜਨ ਗਿਆ,
    ਤਾਂ ਕਹਿਣ ਲੱਗੇ ਵਾਕਿਆ ਈ ਸਹੀ ਗੱਲ ਆ ਮੱਕੀ ਦੀ ਰੋਟੀ ਨਾਲੋਂ ਬਾਜ਼ਰੇ ਨਾਲ ਜ਼ਿਆਦਾ ਮੇਲ਼ ਆ ਸਾਗ ਦਾ।
    ਫੇਰ ਓਹਨਾਂ ਮੇਰਾ ਨਾਂ ਈ ਰੱਖ ਲਿਆ ,
    ਬਾਜ਼ਰੇ ਦੀ ਰੋਟੀ ਵਾਲਾ।
    ਜਦੋਂ ਓਹਨਾ ਕਿਸੇ ਪ੍ਰਸ਼ਨ ਦਾ ਉੱਤਰ ਪੁਛਣਾਂ ਤਾਂ ਮੈਨੂੰ ਕਹਿਣਾ ਤੂਂ ਦੇ ਏਹਦਾ ਉੱਤਰ ਬਾਜ਼ਰੇ ਦੀ ਰੋਟੀ ਵਾਲਿਆ।

    ਕਿਆ ਅੰਦਾਜ਼ ਸੀ ਓਹਨਾ ਦਾ ਭੜਾਉਣ ਦਾ।
    ਫਜਿਕਸ ਵਰਗੇ ਖੁਸ਼ਕ ਵਿਛੇ ਨੂੰ ਵੀ ਏਨਾ ਦਿਲਚਸਪ ਬਣਾ ਦਿੰਦੇਂ ਕੇ ਬੰਦੇ ਨੂੰ ਆਏਂ ਲਗਣ ਲੱਗ ਪੈਂਦਾ ਸੀ ਕੇ ਯਾਰ ਕੋਈ ਪਰੀ ਲੋਕ ਦੀ ਕਹਾਣੀ ਸੁਣਾ ਰਹੇ ਆ।
    ਖਿਜਦੇ ਬਿਲਕੁਲ ਨਹੀਂ ਸਨ ਭਾਵੇਂ ਜਿੰਨੀ ਵਾਰ ਮਰਜ਼ੀ ਜੁਆਬ ਪੁੱਛੀ ਜਾਓ।
    ਅੱਜਕਲ੍ਹ ਮੁਹਾਲੀ ਰਹਿੰਦੇ ਨੇ।
    ਸੱਤ ਤੋਂ ਸੱਤ ਪੰਤਾਲੀ ਤੀਕ ਮੈਂ ਤੇ ਨਵਕਿਰਨ ਟਿਉਸ਼ਨ ਪੜਦੇ। ਨੋਂ ਵਜੇ ਕਲਾਸਾਂ ਕਾਲਜ਼ ਸ਼ੁਰੂ ਹੁੰਦੀਆਂ । ਸਾਡੇ ਕੋਲ਼ ਸਵਾ ਘੰਟਾ ਵੇਹਲਾ ਹੁੰਦਾ।
    ਮੈਡਮ ਹਰਿੰਦਰ ਦੇ ਘਰ ਤੋਂ ਡੀ ਐਮ ਕਾਲਜ ਨੂੰ ਸ਼ੇਖਾਂ ਵਾਲੇ ਚੋਂਕ ਵਿੱਚ ਦੀ ਗਲੀਆਂ ਵਿੱਚ ਦੀ ਰਸਤਾ ਜਾਂਦਾ ਸੀ। ਅਸੀਂ ਸਮਾਂ ਬਿਤਾਉਣ ਲਈ ਮੇਸ਼ੀ ਬਾਈ ‌ਦੀ ਸਬਜ਼ੀ ਦੀ ਰੇਹੜੀ ਕੋਲ਼ ਪਏ ਬੈਂਚ ਤੇ ਬਹਿ ਜਾਂਦੇ। ਪੈਂਦੀ ਧੁੰਦ ਦੇ ਨਜ਼ਾਰੇ ਵੇਖਣ। ਮੋਗੇ ਦੀ ਧੁੰਦ ਤੇ ਮੋਗੇ ਦਾ ਮੀਂਹ ਮੈਨੂੰ ਬਹੁਤ ਪਿਆਰੇ ਲੱਗਦੇ ਆ।
    ਲੋਕ ਕਹਿਣਗੇ ਕੇ ਧੁੰਦ ਹੱਟੀ ਤੋਂ ਪੰਜਾਬ ਜਾਵਾਂਗੇ ਪਰ
    ਮੇਰਾ ਗੇੜ ਉਲ਼ਟ ਆ ਮੈਂ ਜਾਨਾਂ ਈ ਓਦੋਂ ਆ ਜਦੋਂ ਧੁੰਦ ਆਵਦੇ ਜੋਬਨ ਤੇ ਹੁੰਦੀ ਆ।
    ਅਸੀਂ ਬਾਈ ਮੇਸ਼ੀ ਵਾਲੇ ਬੈਂਚ ਤੇ ਮੈਂ ਤੇ ਨਵਕਿਰਨ ਬਹਿ ਜਾਂਦੇ। ਨਵਕਿਰਨ ਦੇ ਪਿਤਾ ਕਾਮਰੇਡ ਸਨ। ਨਵਕਿਰਨ ਬਾਰਾ ਵਰਿਆਂ ਦਾ ਸੀ ਜਦੋਂ ਓਹਦੇ ਪਿਤਾ ਅੰਕਲ ਗੁਰਨਾਮ ਸਿੰਘ ਦੀ ਮੋਤ ਹੋ ਗਈ ਸੀ। ਅਧਿਆਪਕ ਸਨ ਤੇ ਸੰਤ ਰਾਮ ਉਦਾਸੀ ਦੇ ਖ਼ਾਸ ਮਿੱਤਰ ਸਨ। ਕਿਉਂਕਿ ਸੰਤ ਰਾਮ ਉਦਾਸੀ ਵੀ ਅਧਿਆਪਕ ਸਨ ‌ਤੇ ਬਿਲਾਸਪੁਰ ਤੇ ਸੰਤ ਰਾਮ ਉਦਾਸੀ ਦਾ ਪਿੰਡ ਰਾਏਸਰ ਨੇੜੇ ਨੇੜੇ ਈ ਨੇ। ਨਵਕਿਰਨ ਦੇ ਡੈਡੀ ਅੰਕਲ ਗੁਰਨਾਮ ਸਿੰਘ ਦੀ ਬਰਾਤ ਵੀ ਗੲੇ ਸਨ ਸੰਤ ਰਾਮ ਉਦਾਸੀ ਤੇ ਜਦੋਂ ਰੂਪੋਸ਼ ਹੋੲੇ ਸੰਤ ਰਾਮ ਉਦਾਸੀ ਤਾਂ ਅੰਕਲ ਗੁਰਨਾਮ ਕੋਲ਼ ਈ ਰਹੇਂ ਸਨ ਸੰਤ ਰਾਮ ਉਦਾਸੀ।
    ਸੋ ਨਵਕਿਰਨ ਤੇ ਮਾਰਕਸਵਾਦੀ ਭਰਵਾਭ ਸੀ।
    ਮਾਰਕਸਵਾਦੀ ਕਿਤਾਬਾਂ ਓਹਦੇ ਕੋਲ ਹੁੰਦੀਆਂ।
    ਹਾਲਾਂ ਕੇ ਓਦੋਂ ਤੱਕ ਪੰਜਾਬ ਚੋਂ ਨਕਸਲਵਾੜੀ ਲਹਿਰ ਖ਼ਤਮ ਹੋ ਚੁੱਕੀ ਸੀ ਪਰ ਮੈਨੂੰ ਓਹ ਓਸ ਦੋਰ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਪਰ ਮੇਰੇ ਓਹਦੀਆਂ ਗੱਲਾਂ ‌ਕੱਖ ਪੱਲੇ ਨਾ ਪੈਂਦੀਆਂ।
    ਬਾਪੂ ਜਸਵੰਤ ਸਿੰਘ ਕੰਵਲ ਦਾ ਲ਼ਹੂ ਦੀ ਲੋਅ ਨਾਵਲ ਮੈਂ ਪਹਿਲੀ ਵਾਰ ਓਹਦੇ ਕੋਲ ਵੇਖਿਆ ਸੀ। ਸਾਡਾ ਮੇਸ਼ੀ ਬਾਈ ਕੋਲ਼ ਬਹਿਣ ਦੇ ਦੋ ਕਾਰਨ ਹਨ।ਇੱਕ ਤਾਂ ਪੈਂਦੀ ਠੰਡ, ਧੁੰਦ ਚ ਓਹਦੇ ਸਾਹਮਣੇ ਚਾਹ ਦੀ ਦੁਕਾਨ ਹੁੰਦੀ ਸੀ,
    ਓਥੇ ਬਹਿ ਕੇ ਚਾਹ ਪੀਂਦੇ ਤੇ ਇੱਕ ਓਸ ਮਾਰਗ ਤੇ ਅੱਠ ਤੋਂ ਨੋਂ ਵਜੇ ਤੀਕ ਫੁਲਝੜੀਆਂ ਦੀ ਪੂਰੀ ਰੋਣਕ ਹੋ ਜਾਂਦੀ ਕਾਲਜਾਂ ਨੂੰ ਜਾਣ ਲਈ।
    ਰੰਗ ਬਰੰਗੀਆਂ ਫੁੱਲ ਝੜੀਆਂ ਹੱਥਾਂ ਵਿੱਚ ਕਿਤਾਬਾਂ ਫ਼ੜੀ ਓਸ ਮਾਰਗ ਤੇ ਚਾਹ ਦੀਆਂ ਘੁੱਟਾਂ ਨਾਲ ਓਹਨਾ ਨੂੰ ਨਿਹਾਰਦੇ।

    ਕਿਆ ਖੂਬ ਲਿਖਿਆ ਕਾਲਜ਼ ਦੇ ਗੁਜ਼ਰ ਗਏ ਦਿਨਾਂ ਤੇ ਅਮਰ ਸੂਫ਼ੀ ਅੰਕਲ ਨੇ।

    ਯਾਦ ਬੜੇ ਈ ਆਉਂਦੇ ਯਾਰੋ,
    ਕਾਲਜ਼ ਦੇ ਦਿਨ ਪਿਆਰੇ ਪਿਆਰੇ।

    ਰਹਿ ਰਹਿ ਕੇ ਤੜਪਾਉਦੇ ਯਾਰੋ,
    ਕਾਲਜ਼ ਦੇ ਦਿਨ ਪਿਆਰੇ ਪਿਆਰੇ।

    ਹੁਣ ਵੀ ਜਦ ਓਸ ਮਾਰਗ ਉਤੋਂ ਦੀ,
    ਜਦ ਕਿਧਰੇ ਲੰਘਣਾ ਪੈ ਜਾਵੇ।

    ਵਾਜਾਂ ਮਾਰ ਬਲਾਉਂਦੇ ਯਾਰੋ,
    ਕਾਲਜ਼ ਦੇ ਦਿਨ ਪਿਆਰੇ ਪਿਆਰੇ।

    ਲਗਰ ਜਿਹੀ ਇੱਕ ਛੈਲ ਕੁੜੀ ਦਾ,
    ਨਾਮ ਬੁਲਾਂ ਤੇ ਰਹਿੰਦਾ ਹਰ ਦਮ।

    ਉਸਦੇ ਸੁਪਨੇ ਆਉਂਦੇ ਯਾਰੋ,
    ਕਾਲਜ਼ ਦੇ ਦਿਨ ਪਿਆਰੇ ਪਿਆਰੇ।

    ਮੁੜ ਨਾ ਮੁੜ ਕੇ ਆਉਂਦੇ ਯਾਰੋ,
    ਕਾਲਜ਼ ਦੇ ਦਿਨ ਪਿਆਰੇ ਪਿਆਰੇ।

    ਵਾਕਿਆ ਈ ਕਰੋੜਾਂ ਅਰਬਾਂ ਰੁਪਏ ਖ਼ਰਚ ਕੇ ਵੀ ਓਹ ਦਿਨ ਨਹੀਂ ਖਰੀਦੇ ਜਾ ਸਕਦੇ।
    ਤਿੰਨ ਕੱਪ ਚਾਹ ਅਸੀਂ ਮਗਾਉਦੇ,
    ਦੋ ਆਪਣੇ ਲੲੀ ਤੇ ਇੱਕ ਮੇਸ਼ੀ ਬਾਈ ਲਈ।
    ਵੀਰ ਤੇ ਸ਼ੁਕਰਵਾਰ ਅਸੀਂ ਚਾਹ ਪਿਆਉਂਦੇ ਤੇ ਸ਼ਨੀਵਾਰ ਮੇਸ਼ੀ ਬਾਈ ਨੇ ਕਹਿਣਾ ਕੇ ਪਿਆਰਿਓ ਥੋਡੀ ਚਾਹ ਮੇਰੇ ਸਿਰ ਆ ਸ਼ਨੀਵਾਰ ਦੀ ਚਾਹ ਮੇਰੇ ਵੱਲੋਂ। ਮੇਸ਼ੀ ਬਾਈ ਦੇ ਓਹ ਬੋਲ ਕੇ ਥੋਡੀ ਚਾਹ ਮੇਰੇ ਸਿਰ ਆ, ਮੈਨੂੰ ਬੜੇ ਪਿਆਰੇ ਲੱਗਦੇ।ਕਿੰਨੀ ਅਪਣੱਤ ਆ ਏਹਨਾਂ ਲਫ਼ਜਾਂ ਵਿੱਚ।
    ਮੇਸ਼ੀ ਬਾਈ ਕੋਲ਼ ਮਲਿਆਂ ਦੇ ਬੇਰ ਲਾਜ਼ਮੀ ਹੁੰਦੇ ਸਨ। ਸਾਰੇ ਮੋਗੇ ਚੋਂ ਕਿਤੋਂ ਮਲਿਆਂ ਦੇ ਬੇਰ ਨਾਂ ਮਿਲ਼ਣ ਮੇਸ਼ੀ ਬਾਈ ਕੋਲ਼ ਜ਼ਰੂਰ ਹੁਂਦੇ ਸਨ।
    ਪੰਜਾਬ ਵਿੱਚ ਮਲਿਆਂ ਦੇ ਬੇਰ ਰਾਜਸਥਾਨ ਚੋਂ ਆਉਂਦੇ ਹਨ।ਓਹ ਇੱਕ ਕੁਇੰਟਲ ਵਾਲ਼ੀ ਬੋਰੀ ਲੈ ਲੈਂਦਾ। ਮੈਂ ਮੇਸ਼ੀ ਬਾਈ ਤੋਂ ਅੱਧਾ ਕਿਲੋ ਬੇਰ ਸਵੇਰ ਵੇਲੇ ਈ ਜਦੋਂ ਟਿਉਸ਼ਨ ਤੋਂ ਬਾਅਦ ਓਹਦੇ ਕੋਲ ਰੁਕਦੇ ਲਫਾਫੇ ਵਿੱਚ ਪਵਾ ਕੇ ਰੱਖ ਲੈਂਦਾ ਤੇ ਆਥਣੇ ਪਿੰਡ ਮੁੜਨ ਲੱਗਾ ਚੁੱਕ ਲੈਂਦਾ।
    ਫੇਰ ਜਦੋਂ ਮੈਂ ਲੁਧਿਆਣੇ ਪੜਨ ਚਲਾ ਗਿਆ ਤੇ ਸ਼ੁਕਰਵਾਰ ਨੂੰ ਪਿੰਡ ਮੁੜਦਾ ਤੇ ਪਿੰਡ ਨੂੰ ਜਾਣ ਵਾਲੀ ਮਿੰਨੀ ਬੱਸ ਸ਼ੇਖਾਂ ਵਾਲੇ ਚੋਂਕ ਰੁਕਦੀ ਤਾਂ ਮੈਂ ਭੱਜ ਕੇ ਮੇਸ਼ੀ ਬਾਈ ‌ਤੋਂ ਬੇਰ ਪਵਾ ਲਿਆਉਂਦਾ।
    ਓਹਨੇ ਕਹਿਣਾ ਪਿਆਰਿਆ ਪ੍ਰਦੇਸੀ ਈ ਹੋ ਗਿਆ ਕਦੇ ਮਾਰ ਲਿਆ ਕਰ ਗੇੜਾ, ਭੱਜਿਆ ਭੱਜਿਆ ਈ ਮੁੜ ਜਾਨਾਂ। ਫ਼ੇਰ ਮੈਂ ਕਨੇਡਾ ਆ ਗਿਆ ਤੇ ਦੂਜੀ ਵਾਰ ਤੇਰਾਂ ਸਾਲਾਂ ਬਾਅਦ ਪਿੰਡ ਗਿਆ। ਮੈਂ ਜਦੋਂ ਵੀ ਪਿੰਡ ਜਾਨਾਂ ਦਿੱਲੀਓਂ ਸਿੱਧਾ ਪਿੰਡ ਪਾਹੁੰਚ ਕੇ ਅਟੈਚੀ ਰੱਖ ਨਹਾਅ ਕੇ ਸਿੱਧਾ ਮੋਗੇ ਜਾਨਾਂ , ਭਾਵੇਂ ਕਿੰਨਾ ‌ਵੀ ਥੱਕਿਆ ਹੋਵਾਂ,
    ਜਿਵੇਂ ਭੁੱਖਾ ਜਵਾਕ ਮਾਂ ਦੇ ਦੁੱਧਾਂ ਵੱਲ ਨੂੰ ਭੱਜਦਾ।
    ਜਦੋਂ ਮੈਂ ਮੇਸ਼ੀ ਬਾਈ ਦੇ ਦੁਕਾਨ ਤੇ ਪਾਹੁਚਿਆਂ ,
    ਕਿਉਂਕਿ ਓਦੋਂ ਮੈਂ ਕਲੀਨ ਸ਼ੇਵ ਹੋ ਚੁਕਿਆ ਸੀ।
    ਕਿਵੇਂ ਆ ਮੇਸ਼ੀ ਬਾਈ ਪਛਾਣਿਆ?
    ਮੈਂ ਓਹਨੂੰ ਕਿਹਾ ਸੀ।
    ਨਹੀਂ ਵੀ ਸ਼ੇਰਾ ਨਹੀਂ ਆਇਆ ਪਛਾਣ ਚ।
    ਕਿਸੇ ਨੂੰ ਸਬਜ਼ੀ ਤੋਲਦੇ ਨੇ ਮੈਨੂੰ ਓਹਨੇ ਕਿਹਾ ਸੀ।
    ਮੈਂ ਤੇਰਾ ਪਿਆਰਾ ਬਲਰਾਜ । ਮੈਂ ਓਹਨੂੰ ਕਿਹਾ ਸੀ।
    ਸੱਚ ਜਾਣਿਓ ਮੇਰੇ ਮੋਹ ਚ ਓਹਦੇ ਹੱਥ ਚੋਂ ਤੱਕੜੀ ਛੁੱਟ ਗਈ ਸੀ ,ਮੱਟਰ ਧਰਤੀ ਤੇ ਖਿਲਰ ਗਏ ਸਨ। ਤਿੰਨ ਚਾਰ ਗਾਹਕ ਖ਼ੜੇ ਛੱਡ ਓਹਨੇ ਮੈਨੂੰ ਜੱਫ਼ੀ ਵਿਚ ਲੈ ਲਿਆ ਸੀ। ਓਹਦੇ ਦਿੱਲ ਦੀ ਤੇਜ਼ ਹੋਈ ਧੜਕਣ ਮੈਨੂੰ ‌, ਮੇਰੇ ਪ੍ਰਤੀ ਓਹਦੀ ਮੁਹੱਬਤ ਤੇਜ਼ ਹੋਈ ਧੜਕਣ ਦੱਸ ਰਹੀ ਸੀ।
    ਜਿਵੇਂ ਕੋਈ ਸਕਾ ਪਿਉ ਵਰਿਆਂ ਪਿਛੋਂ ਆਵਦੇ ਪੁੱਤ ਨੂੰ ਮਿਲਿਆ ਹੁੰਦਾ।
    ਅੱਖਾਂ ਮੇਰੀਆਂ ਚੋ ਵੀ ਹੰਝੂ ਵਗ ਤੁਰੇ ਸਨ।

    ਯਾਰ ਬਲਰਾਜ ਮੈਂ ਤੈਨੂੰ ਨਿੱਤ ਚੇਤੇ ਕਰਦਾ ਹੁੰਦਾ ਸੀ ਕੇ ਏਨੇ ਵਰ੍ਹੇ ਹੋ ਗਏ ਕਨੇਡੇ ਗੲੇ ਨੂੰ ਆਉਂਦਾ ਤਾ ਹੋਉਗਾ ਦੇਸ਼ ਪਰ ਮੈਨੂੰ ਈ ਭੁੱਲ ਗਿਆ ਹੋਉਗਾ। ਜਿਹੜਾ ਮੈਨੂੰ ਮਿਲ਼ ਕੇ ਨੀਂ ਜਾਂਦਾ।
    ਇੱਕ ਦਿਨ ਐਥੇ ਰੇਡੀਓ ਤੇ ਗੀਤ ਵੱਜ ਰਿਹਾ ਸੀ,
    ਓਦੇਂ ਮੈਨੂੰ ਤੇਰੀ ਬਹੁਤ ਯਾਦ ਆਈ ਸੀ।
    ਗੀਤ ਦੇ ਬੋਲ ਸਨ।

    ਮਾਰ ਕੇ ਜ਼ਿੰਦਰੇ ਏਹ ਪਰਦੇਸੀ,
    ਤੁਰ ਜਾਂਦੇ ਪਰਦੇਸਾਂ ਨੂੰ।

    ਸਾਹਾਂ ਮੁੱਕਣ ਤੀਕ ਨੀਂ ਆਉਂਦੇ,
    ਫੇਰ ਏਹ ਆਪਣਿਆਂ ਦੇਸ਼ਾਂ ਨੂੰ।

    ਆਪਣੇ ‌ਹੱਥੀਂ ਉਜੜੀਆਂ ਝੋਕਾਂ,
    ਕਦੇ ਵੀ ਆਣ ਵਸਾਦੇਂ ਨਹੀਂ।

    ਮੋਤ ਦੀ ਚਿੱਠੀ ਆ ਜਾਂਦੀ ਐ,
    ਏਹਨਾਂ ਦੇ ਖ਼ਤ ਆਂਦੇ ਨਹੀਂ।

    ਏਹ ਗੀਤ ਸੁਣ ਮੈਂ ਮਨ ਈ ਮਨ ਤੇਰੇ ਨਾਲ ਰੁਸਿਆ ਸੀ, ਮੈਨੂੰ ਨਾ ਮਿੱਲ ਕੇ ਜਾਣ ਕਾਰਨ।

    ਮੈਂ ਕਾਰ ਦੀ ਡਿੱਗੀ ਚੋਂ ਬੋਤਲ ਕੱਢ ਲਈ ਸੀ।
    ਬਾਈ ਮੇਸ਼ੀ ਆਹ ਅੰਗਰੇਜ਼ੀ ਪੀਨੇ ਆ।
    ਨਹੀਂ ਪਿਆਰਿਆ ਸ਼ਰਾਬ ਛੱਡੀ ਨੂੰ ਤਾਂ ਮੈਨੂੰ ਕਈ
    ਵਰੇ ਹੋ ਚੱਲੇ ਨੇ, ਮੈਂ ਚਾਹ ਮਗਵਾਉਨਾ ਤੇ ਤੂਂ ਲਾ ਗਲਾਸੀ।

    ਪਿੱਛਲੀ ਵਾਰੀ ਮੈਂ ਜਦੋਂ ਤਿੰਨ ਕੁ ਵਰੇ ਪਹਿਲਾਂ ਫੇਰ ਗਿਆ ਤਾਂ ਪੈਂਦੀ ਧੁੰਦ ਚ ਪਿੰਡ ਨੂੰ ਮੁੜਦਾ ਮੈਂ ਫੇਰ ਆਥਣੇ ‌ਮੇਸੀ‌ ਬਾਈ ਕੋਲ਼ ਹਰੇਕ ਦਿਨ ਰੁਕ ਕੇ ਖੜ ਕੇ ਪਿੱਗ ਲਾਉਂਦਾ ਤੇ ਮੇਸ਼ੀ ਬਾਈ ਮੇਰੇ ਨਾਲ ਚਾਹ ਪੀਂਦਾ। ਘੰਟਾ ਘੰਟਾ ਅਸੀਂ ਪੁਰਾਣੇ ਤੇ ਨਵੇਂ ਜ਼ਮਾਨੇ ਦੀਆਂ ਗੱਲਾਂ ਤੋਰ ਲੈਂਦੇ।

    ਯਾਰ ਬਲਰਾਜ ਤੂਂ ਤੇ ਜਿਹੜਾ ਤੇਰੇ ਨਾਲ ਦਾ ਮੁੰਡਾ ਜਿਹੜਾ ਆਉਂਦਾ ਹੁੰਦਾ ਸੀ।
    ਤੁਸੀਂ ਦੋਵੇਂ ਮੈਂ ਵੇਖਿਆ ਕੇ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਨਿਹਾਰਦੇ ਰਹਿੰਦੇ ਸੀ ਪਰ ਥੋਡੀਆਂ ਗੱਲਾਂ ਚੋਂ ਮੈਨੂੰ ਲਗਦਾ ਹੁੰਦਾ ਸੀ ਕੇ ਥੋਡੀ ਸੋਚ ਤੇ ਥੋਡੀਆਂ ਅੱਖਾਂ ਚ ਹਵਸ ਹੈਨੀ ਸੀ।
    ਸੋਹਣੇ ਫੁੱਲਾਂ ਨੂੰ ਵੇਖ ਕੇ ਖ਼ੁਸ਼ ਹੋਣਾ ਕੋਈ ਮਾੜੀ ਗੱਲ ਨਹੀਂ।
    ਪਰ ਹੁਣ ਤਾਂ ਭੈਣ ਦੇਣੇ ਪੁਠੇ ਈ ਰਿਵਾਜ ਚੱਲ ਪਏ।ਹੁਣ ਤਾਂ ਤੂਂ ਆਥਣੇ ਵੇਖੇਗਾ ਕੇ ਮੋਗੇ ਈ ਕੁੜੀਆਂ ਮੁੰਡੇ ਆਏਂ ਫਿਰਦੇ ਆ ਜਿਵੇਂ ਤੇਰੇ ਕਨੇਡੇ ਫਿਰਦੇ ਹੋਂਣ ਆਪ ਮੂਹਾਰੇ।
    ਬੰਦੇ ਨੂੰ ਸਬਰ ਸੰਤੋਖ ਵਿੱਚ ਰਹਿਣਾ ਚਾਹੀਦਾ।

    ਮੈਨੂੰ ਪਿਛਲੇ ਪੰਤਾਲੀ ਵਰੇ ਹੋ ਗੇ ਸ਼ੇਖਾਂ ਵਾਲੇ ਚੋਂਕ ਵਿੱਚ ਰੇਹੜੀ ਲਾਉਂਦੇ ਨੂੰ।
    ਮੈਨੂੰ ਬਥੇਰੇ ਲੋਕ ਕਹਿੰਦੇ ਰਹੈ ਕੇ ,
    ਪੁਰਾਣੀ ਦਾਣਾ ਮੰਡੀ ਚ ਦੁਕਾਨ ਖੋਲ ਲਾ ਪਰ ਮੈਂ ਕਹਿੰਨਾ ਹੁੰਦਾ ਸੀ ਕੇ ਮੈਂ ਏਹ ਜਗਾ ਨੀਂ ਛੱਡ ਸਕਦਾ,ਏਸ ਜਗ੍ਹਾ ਦੇ ਕਿਣਕੇ ਕਿਣਕੇ ਨਾਲ ਮੇਰਾ ਪਿਆਰ ਆ।
    ਮੈਂ ਤਾਂ ਐਥੇ ਈ ਮਰੂੰਂ।
    ਮੁੜਦੇ ਬਾਈ ਮੇਸ਼ੀ ਨੇ ਮੈਨੂੰ ਮਲਿਆਂ ਦੇ ਬੇਰ ਲਿਫਾਫੇ ਚ ਪਾ ਦੇਣੇ।
    ਪੈਸੇ ਨਾ ਲੈਣੈ ਬਾਈ ਮੇਸ਼ੀ ਨੇ।
    ਮੈਂ ਓਹਤੋ ਸਬਜ਼ੀਆਂ, ਗਾਜਰਾਂ,ਮਟਰ ਲੈ ਲੈਣੈ।
    ਅੱਧੀ ਤੇਰੀ ਮੈਂ ਮਨ ਲੀ ਤੇ ਅੱਧੀ ਮੇਰੀ ਤੂਂ ਮਨ ਲਾ,
    ਮਲਿਆਂ ਦੇ ਬੇਰਾਂ ਦੇ ਪੈਸੇ ਤੂਂ ਨਾ ਲੈ ਤੇ ਸਬਜ਼ੀਆਂ ਦੇ ਪੈਸੇ ਤੈਨੂੰ ਰੱਖਣੈ ਪੈਣੈ ਆ।

    ਮੁੱਕਦੇ ਜਾਂਦੇ ਆ ਪੰਜਾਬ ਚੋਂ ,

    ਬਾਈ ਮੇਸ਼ੀ ਵਰਗੇ ਮੋਹ ਖੋਰੇ ਬੰਦੇ।

    ਮਾਂ ਜ਼ੁਬਾਨ ਪੰਜਾਬੀ ਜ਼ਿੰਦਾਬਾਦ।
    ਬਾਈ ਮੇਸ਼ੀ ਜ਼ਿੰਦਾਬਾਦ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!