ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਵਾਲੇ ਹਰ ਸ਼ਖ਼ਸ ਅੱਗੇ ਝੁਕਾਉਂਦਾ ਹਾਂ ਸਿਰ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਨੇ ਦਿੱਲੀ- ਅੰਮ੍ਰਿਤਸਰ- ਕੱਟੜਾ ਐਕਸਪ੍ਰੈੱਸ ਵੇਅ ਨੂੰ ਦੁਬਾਰਾ ਅੰਮ੍ਰਿਤਸਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਲਏ ਫ਼ੈਸਲੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਦੀ ਜਿੱਤ ਕਰਾਰ ਦਿੰਦੇ ੲਿਸ ਨੂੰ “ਮੈਂ ਅੰਮ੍ਰਿਤਸਰ ਹਾਂ ” ਮੁਹਿੰਮ ਦੀ ਕਾਮਯਾਬੀ ਦੱਸਿਆ । ਇੱਥੇ ਜਾਰੀ ਬਿਆਨ ਵਿੱਚ ਗੁਰਜੀਤ ਔਜਲਾ ਨੇ ਦੱਸਿਆ ਕਿ ਧਾਰਮਿਕ ਤੇ ਇਤਿਹਾਸਕ ਪੱਖੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮਹੱਤਤਾ ਨੂੰ ਮੱਦੇਨਜ਼ਰ ਰੱਖਦਿਆਂ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਦੀ ਰੂਪ ਰੇਖਾ ਪਹਿਲਾਂ ਵਾਂਗ ਕਰਨ ਦੀ ਹਾਮੀ ਭਰੀ ਹੈ। ਉਨ੍ਹਾਂ ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਪਾਰਕ , ੳੁਦਯੋਗਿਕ ਅਤੇ ਸੈਰ ਸਪਾਟੇ ਪੱਖੋਂ ਹੋਰ ਪ੍ਰਫੁੱਲਤ ਹੋਵੇਗਾ , ੳੁਥੇ ਖੇਤੀਬਾੜੀ ਸੈਕਟਰ ਅਤੇ ਸਿਹਤ ਸੇਵਾਵਾਂ ਦੇ ਖੇਤਰ ਨੂੰ ਵੀ ਹੁਲਾਰਾ ਮਿਲੇਗਾ । ਉਨ੍ਹਾਂ ਕਿਹਾ ਕਿ 35 ਹਜ਼ਾਰ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਐਕਸਪ੍ਰੈਸ ਵੇਅ ਪੰਜਾਬ ਖਾਸਕਰ ਮਾਝੇ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ “ਮੈਂ ਅੰਮ੍ਰਿਤਸਰ ਹਾਂ” ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾਉਣ ਵਾਲੇ ਹਰ ਪੰਜਾਬੀ ਦਾ ਵੀ ਧੰਨਵਾਦ ਕੀਤਾ ਹੈ , ਜਿਨ੍ਹਾਂ ਸਮੇਂ ਸਿਰ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਔਜਲਾ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਇਸ ਐਕਸਪ੍ਰੈੱਸ ਵੇ ਨੂੰ ਅੰਮ੍ਰਿਤਸਰ ਸਾਹਿਬ ਤੱਕ ਲਿਆਉਣ ਵਿੱਚ ਅਸੀਂ ਸਾਰੇ ਕਾਮਯਾਬ ਨਾ ਹੁੰਦੇ ਤਾਂ ਆਉਣ ਵਾਲੀਆਂ ਪੀੜੀਆਂ ਸ਼ਾਇਦ ਸਾਨੂੰ ਮੁਆਫ਼ ਨਾ ਕਰਦੀਆਂ । ਉਨ੍ਹਾਂ ਸਮੂਹ ਰਾਜਸੀ ਪਾਰਟੀਆਂ , ਵੱਖ- ਵੱਖ ਜਥੇਬੰਦੀਆਂ, ਵਪਾਰਕ ਐਸੋਸੀਏਸ਼ਨਾਂ ਤੇ ਐੱਨ.ਜੀ.ਓਜ਼ ਖਾਸ ਕਰ ਅੰਮ੍ਰਿਤਸਰ ਵਿਕਾਸ ਮੰਚ, ਵਾਇਸ ਆਫ ਅੰਮ੍ਰਿਤਸਰ ਸਾਂਝੀ ਛਾਂ ਵੱਲੋਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ । ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਦੇਸ਼ਾਂ- ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ, ਦਿੱਲੀ ਦੀਆਂ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਮੁੱਦੇ ‘ਤੇ ਨਿਭਾਏ ਰੋਲ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ । ਔਜਲਾ ਨੇ ਇਹ ਵੀ ਕਿਹਾ ਕਿ ਇਸ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਮਹਿਜ਼ ਚਾਰ ਘੰਟੇ ਰਹਿ ਜਾਵੇਗੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ ਕਾਫੀ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹਰ ਉਸ ਸ਼ਖ਼ਸ ਅੱਗੇ ਉਨ੍ਹਾਂ ਦਾ ਸਿਰ ਝੁੱਕਦਾ ਹੈ ਜਿਨ੍ਹਾਂ ਸਦਕਾ ਅੰਮ੍ਰਿਤਸਰ ਨੂੰ ਉਸ ਦਾ ਹੱਕ ਮਿਲਿਆ। ਜ਼ਿਕਰਯੋਗ ਹੈ ਕਿ ਗੁਰਜੀਤ ਔਜਲਾ ਵੱਲੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਦਿੱਲੀ- ਅੰਮ੍ਰਿਤਸਰ- ਕੱਟੜਾ ਐਕਸਪ੍ਰੈੱਸ ਵੇਅ ਵਿੱਚੋਂ ਅੰਮ੍ਰਿਤਸਰ ਨੂੰ ਮਨਫ਼ੀ ਕਰਨ ਦੇ ਮੁੱਦੇ ਨੂੰ ਚੁੱਕਿਆ ਸੀ ਅਤੇ ਸਖ਼ਤ ਸਟੈਂਡ ਲੈਂਦਿਆਂ ਇਸ ਮੁੱਦੇ ‘ਤੇ ਆਪਣੀ ਆਵਾਜ਼ ਉਠਾਈ । ਪਹਿਲਾਂ ਇਸ ਪ੍ਰੋਜੈਕਟ ਨੂੰ ਕਰਤਾਰਪੁਰ (ਫਰਨੀਚਰ ਹਬ) ਤੋਂ ਵਾੲਿਅਾ ਗੁਰਦਾਸਪੁਰ ਕੱਟੜਾ ਬਣਾਉਣ ਦੀ ਤਜਵੀਜ਼ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅੰਮ੍ਰਿਤਸਰ ਤੱਕ ਵਧਾਉਣ ਲਈ ਦਬਾਅ ਬਣਾਇਆ ਗਿਆ ।