ਮਨਦੀਪ ਕੌਰ ਭੰਮਰਾ
ਮੈਂ ਬੀਜਦਾ ਜਾਵਾਂਗਾ ਮਨੁੱਖਤਾ
ਦੇ ਵਿਹੜੇ ਮੁਹੱਬਤਾਂ ਦੇ ਬੀਜ
ਤਾਂ ਜੁ ਚਾਰ ਚੁਫ਼ੇਰੇ ਮੁਹੱਬਤ
ਦੀ ਫ਼ਸਲ ਲਹਿਲਹਾ ਉੱਠੇ!
ਮੈਂ ਬੀਜਦਾ ਜਾਵਾਂਗਾ ਉਦੋਂ ਤੀਕ
ਮਨੁੱਖਤਾ ਦੇ ਵਿਹੜੇ ਸੁਹਿਰਦਤਾ
ਦੇ ਬੀਜ ਕਿ ਜਦ ਤੱਕ ਚਾਰ ਚੁਫ਼ੇਰੇ
ਸੁਹਿਰਦਤਾ ਦੇ ਫੁੱਲ ਉੱਗ ਆਉਣ!
ਮੈਂ ਬੀਜਦਾ ਰਹਾਂਗਾ ਬਾਂਸਾਂ ਦਾ ਜੰਗਲ਼
ਮਨੁੱਖਤਾ ਦੇ ਵਿਹੜੇ ਤਦ ਤੱਕ ਕਿ
ਜਦ ਤੱਕ ਬਾੰਸੁਰੀ ਦੀਆਂ ਸੁਰਾਂ
ਨਾ ਉੱਠਣ ਮਨੁੱਖੀ ਮਨਾਂ ਅੰਦਰ!
ਮੈਂ ਬੀਜਦਾ ਰਹਾਂਗਾ ਸਰ੍ਹੋਂ ਦੇ ਬੀਜ
ਮਨੁੱਖਤਾ ਦੇ ਵਿਹੜੇ ਉਦੋਂ ਤੀਕ
ਕਿ ਜਦੋਂ ਤੀਕ ਦੋਸਤੀਆਂ ਦੇ
ਪੀਲ਼ੇ ਫੁੱਲ ਨਾ ਖਿੜ ਜਾਵਣ ਚੁਫ਼ੇਰੇ!
ਮੈਂ ਬੀਜਦਾ ਰਹਾਂਗਾ ਗੁਲਾਬ
ਕਿ ਜਦ ਤੱਕ ਮਨੁੱਖਤਾ ਦੀ
ਰੂਹ ਅੰਦਰ ਮਹਿਕਦੀਆਂ
ਖੁਸ਼ਬੋਆਂ ਨਾ ਭਰ ਜਾਵਣ!
ਮੈਂ ਪੁੱਟ ਸੁੱਟਾਂਗਾ ਥੋਹਰਾਂ ਸਭ
ਮਨੁੱਖਤਾ ਦੇ ਵਿਹੜੇ ਵਿੱਚੋਂ
ਤਾਂ ਕਿ ਸਾਰੇ ਕੰਡੇ ਉਖੇੜ ਸੁੱਟਾਂ
ਤੇ ਚਾਰ ਚੁਫ਼ੇਰੇ ਫੁੱਲ ਖਿੜ ਸਕਣ!
ਮੈਂ ਲਿਖਦੀ ਰਹਾਂਗੀ ਕਵਿਤਾ ਉਦੋਂ ਤੱਕ
ਕਿ ਜਦ ਤੱਕ ਤੌਫ਼ੀਕ ਰਹੇਗੀ
ਤਾਂ ਜੁ ਇੱਕ ਲੱਪ ਚਾਨਣ ਦੀ
ਬਖੇਰ ਸਕਾਂ ‘ਮਨੁੱਖਤਾ ਦੇ ਵਿਹੜੇ’!