ਹਾਲਾਤ ਠੀਕ ਹੋਣ ਤੱਕ ਜਾਰੀ ਰਹਿਣਗੇ ਟਰੱਸਟ ਦੇ ਸਾਰੇ ਸੇਵਾ ਕਾਰਜ : ਸਿੱਧੂ, ਹੇਰ
ਅੰਮ੍ਰਿਤਸਰ,(ਰਾਜਿੰਦਰ ਰਿਖੀ)

ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਉੱਭਰੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਸਬ ਡਿਵੀਜ਼ਨ ਮਜੀਠਾ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 30 ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਵਿੱਤ ਸਕੱਤਰ ਨਵਜੀਤ ਸਿੰਘ ਘਈ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲੇ ਅੰਦਰ ਦੂਜੇ ਪੜਾਅ ਤਹਿਤ ਸੁੱਕਾ ਰਾਸ਼ਨ ਵੰਡਣ ਦੀ ਕੀਤੀ ਗਈ ਸ਼ੁਰੂਅਾਤ ਅਧੀਨ ਅੱਜ ਸਬ ਡਵੀਜਨ ਮਜੀਠਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਆਸ਼ਾ ਵਰਕਰਾਂ ਨੂੰ ਟਰੱਸਟ ਵੱਲੋਂ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਅਾ ਕਿ ਟਰੱਸਟ ਦੇ ਧਿਆਨ ‘ਚ ਅਾਇਅਾ ਸੀ ਕਿ ਦੇਸ਼ ‘ਚ ਚੱਲ ਰਹੇ ਸੰਕਟਮਈ ਮਹੌਲ ਦੌਰਾਨ ਕਮਿਸ਼ਨ ਰੂਪੀ ਨਾ-ਮਾਤਰ ਮਿਹਨਤਾਨੇ ‘ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਜਿਸ ਨੂੰ ਵੇਖਦਿਆਂ ਇਨ੍ਹਾਂ ਨੂੰ ਟਰੱਸਟ ਵੱਲੋਂ ਮਦਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵੇਲੇ ਅਜਿਹੇ ਬਹੁਤ ਸਾਰੇ ਮੱਧਵਰਗੀ ਪਰਿਵਾਰ ਵੀ ਟਰੱਸਟ ਦੇ ਧਿਅਾਨ ‘ਚ ਅਾ ਰਹੇ ਹਨ ਜੋ ਮਜ਼ਬੂਰ ਹੋਣ ਦੇ ਬਾਵਜੂਦ ਵੀ ਕਿਸੇ ਕੋਲੋਂ ਮਦਦ ਲੈਣ ਲਈ ਝਿਜਕ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਜਿੱਥੇ ਅਜਿਹੇ ਪਰਿਵਾਰਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਲਈ ਟਰੱਸਟ ਦੀਆਂ ਜਿਲ੍ਹਾ ਇਕਾਈਆਂ ਨੂੰ ਕਿਹਾ ਗਿਆ ਹੈ ਉੱਥੇ ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਟਰੱਸਟ ਵੱਲੋਂ ਚੱਲ ਰਹੇ ਸਾਰੇ ਸੇਵਾ ਕਾਰਜ ਉਨਾਂ ਚਿਰ ਤੱਕ ਜਾਰੀ ਰਹਿਣਗੇ ਜਿੰਨਾ ਚਿਰ ਤੱਕ ਹਲਾਤ ਠੀਕ ਨਹੀਂ ਹੋ ਜਾਂਦੇ।
ਇਸ ਦੌਰਾਨ ਆਸ਼ਾ ਵਰਕਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਮਦਦ ਲਈ ਸਭ ਤੋਂ ਅੱਗੇ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਲੱਗਭਗ ਸਾਰੀਆਂ ਅਾਸ਼ਾ ਵਰਕਰਾਂ ਲੋੜਵੰਦ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਉਹ ਨਾ-ਮਾਤਰ ਮਿਹਨਤਾਨੇ ‘ਤੇ ਵੀ ਕਰੋਨਾ ਪੌਜ਼ਿਟਿਵ ਤੇ ਹੋਰ ਲੋਕਾਂ ਦੀ ਵੱਡੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਐਸ.ਡੀ.ਐਮ ਮਜੀਠਾ ਨੂੰ ਰਾਸ਼ਨ ਅਾਦਿ ਦੇਣ ਲਈ ਮੰਗ ਪੱਤਰ ਵੀ ਦਿੱਤਾ ਸੀ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ਤੇ ਉਨ੍ਹਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਰਾਬਤਾ ਕੀਤਾ ਤਾਂ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਅਹੁਦੇਦਾਰਾਂ ਨੇ ਤੁਰੰਤ ਉਨ੍ਹਾਂ ਦੀ ਮਦਦ ਲਈ ਅੱਗੇ ਆ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਵੱਡੀ ਰਾਹਤ ਪਹੁੰਚਾਈ ਹੈ। ਇਸ ਮੌਕੇ ‘ਤੇ ਟਰੱਸਟ ਦੇ ਅਹੁਦੇਦਾਰਾਂ ਤੋਂ ਇਲਾਵਾ ਸਮਾਜ ਸੇਵੀ ਰਣਜੀਤ ਸਿੰਘ ਰਾਣਾ ਭੋਮਾ, ਸੁਖਦੀਪ ਸਿੰਘ ਗਿੱਲ ਮਜੀਠਾ, ਏ.ਐਸ.ਆਈ. ਸੁਖਚੈਨ ਸਿੰਘ ਤੇ ਏ.ਐਸ.ਆਈ. ਸਾਹਿਬ ਸਿੰਘ ਵੀ ਮੌਜੂਦ ਸਨ।

