3.1 C
United Kingdom
Sunday, March 8, 2026

More

    ਬਿੱਟੂ ਦੀ ਕਲਮ ੧੬/੦੫/੨੦੨੦

    ਜਿ਼ੰਦਗੀ ਕੱਟਣ, ਜੀਣ, ਮਾਨਣ, ਤੇ ਲੁਤਫ ਲੈਣ ਵਿੱਚ ਵੱਖੋ ਵੱਖਰੇ ਫਰਕ ਹਨ। ਜਿੰਦਗੀ ਦੇ ਹੱਥਾ ਵਿੱਚ ਖਿਡਾਉਣਾ ਬਣਕੇ ਬੁੜਕਣਾ ਹੋਰ ਗੱਲ ਹੈ, ਤੇ ਜਿ਼ੰਦਗੀ ਨੂੰ ਉਂਗਲਾ ਤੇ ਨਚਾਉਣਾ ਹੋਰ ਗੱਲ ਹੈ, ਸਾਰਾ ਕੁਝ ਤੁਹਾਡੇ ਹੱਥ ਵੱਸ ਨਹੀਂ, ਕਈ ਵਾਰ ਤੁਸੀਂ ਹੋਣੀ ਦੀ ਤਾਲ ਤੇ ਥਿਰਕਦੇ ਹੋ ਤੇ ਕਈ ਵਾਰ ਆਪਣੀ ਮਰਜੀ ਦੀਆਂ ਬੋਲੀਆਂ ਪਾਕੇ ਨੱਚਦੇ ਹੋ, ਕਦੇ ਕਦੇ ਇੰਜ ਲਗਦਾ ਅਸੀਂ ਸਿਰਫ ਕਠਪੁੱਤਲੀ ਹਾਂ ਤੇ ਤਾਰਾਂ ਕੋਈ ਹੋਰ ਹਿਲਾਉਂਦਾ, ਇਸਨੂੰ ਰੱਬ ਕਹਿ ਲਉ, ਕੁਦਰਤ ਕਹਿ ਲਵੋ। ਇਹ ਸੱਚ ਹੈ ਕਿ ਸਾਹਾਂ ਦੀ ਡੋਰੀ ਨੂੰ ਜਿੰਨਾ ਮਰਜੀ ਖਿੱਚ ਲਈਏ ਪਰ ਟੁੱਟਣ ਤੋਂ ਬਚਾ ਨਹੀਂ ਸਕਦੇ। ਫਿਰ ਜਿੰਨੀ ਦੇਰ ਪਤੰਗ ਉੱਡਦੀ ਹੈ ਉਨੀ ਦੇਰ ਉੱਚੇ ਤੋਂ ਉੱਚੇ ਅਸਮਾਨਾ ਨੂੰ ਛੂਹਣ ਦੀ ਕੋਸਿ਼ਸ਼ ਕਰੀਏ। ਜਿੰਨੀ ਦੇਰ ਤੁਹਾਡੇ ਮਨ ਵਿੱਚ ਤਰੰਗ ਹੈ, ਹੁਲਾਰਾ ਹੈ, ਚੜਦੀ ਕਲਾ ਵਾਲੀ ਸੋਚ ਹੈ, ਉੱਨੀ ਦੇਰ ਚਿੜੀਆ ਦੀ ਚੀ ਚੀ ਵਿੱਚੋ ਵੀ ਸੰਗੀਤ ਸੁਣਾਈ ਦਿੰਦਾ ਪਰ ਜਦੋ ਮਨ ਢਹਿੰਦੀਆ ਕਲਾ ਵਿੱਚ ਚਲਾ ਜਾਵੇ ਫਿਰ ਤਾਨਸੇਨ ਦੇ ਰਾਗ ਵੀ ਬੇਸੁਰੇ ਲਗਦੇ ਨੇ, ਮਨ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣਾ ਲਗਾਤਾਰ ਸਖਤ ਮਿਹਨਤ ਹੈ। ਚਿਹਰੇ ਤੇ ਸਦੀਵੀ ਮੁਸਕਾਨ, ਸੁਰਤ ਚ ਅਗੰਮੀ ਲੌਅ, ਕਈ ਲੋਕ ਅਜਿਹੀ ਅਵੱਸਥਾ ਚ ਪਹੁੰਚਣ ਲਈ ਨਸਿ਼ਆ ਦਾ ਸਹਾਰਾ ਵੀ ਲੈਂਦੇ ਨੇ, ਇਹ ਤਾਂ ਸੂਟੇ ਲਾਉਣ ਵਾਲੇ ਹੀ ਦੱਸ ਸਕਦੇ ਨੇ ਕਿ ਉਹ ਕਿੱਥੇ ਕੁ ਪਹੁੰਚਦੇ ਨੇ, ਕਹਿੰਦੇ ਨੇ ਕਿ ਘਿਉ ਮੱਲਾਂ ਨੂੰ ਤੇ ਦਾਰੂ ਗੱਲਾ ਨੂੰ, ਕਈ ਬੰਦੇ ਪੀਕੇ ਰੰਗ ਬੰਨ ਦਿੰਦੇ ਨੇ, ਅੱਜਕੱਲ ਨਸ਼ੇ ਘਰ ਅਤੇ ਜਿ਼ੰਦਗੀਆ ਪੱਟਣ ਵਾਲੇ ਆ ਗਏ ਨੇ, ਪਹਿਲਾ ਨਸ਼ੇ ਵੀ ਔਰਗੈਨਿਕ ਹੁੰਦੇ ਸੀ, ਇਹਦੇ ਚ ਕੋਈ ਸ਼ੱਕ ਨਹੀ ਕਿ ਹਰ ਨਸ਼ਾ ਕਿਸੇ ਨਾ ਕਿਸੇ ਰੂਪ ਚ ਪੈਸੇ, ਸਿਹਤ ਅਤੇ ਘਰ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਦਾ ਪਰ ਮੈਂ ਪਹਿਲਾ ਕਿਸੇ ਅਮਲੀ ਨੂੰ ਜੋ ਡੋਡੇ ਪੀਂਦਾ ਜਾਂ ਅਫੀਮ ਖਾਂਦਾ ਸੀ ਸਮੇਂ ਤੋਂ ਪਹਿਲਾ ਮਰਦਾ ਨਹੀਂ ਦੇਖਿਆ, ਕਹਿੰਦੇ ਪਹਿਲਾ ਫੀਮ ਵੀ ਨਿਰੀ ਦੁੱਧ ਹੁੰਦੀ ਸੀ, ਅੱਜਕੱਲ ਤਾਂ ਨਸ਼ੇੜੀ ਸੁਆਹ ਖੇਹ ਦੇ ਰਲਾ ਆਲੀ ਭੁੱਕੀ ਦੀ ਫੱਕੀ ਮਾਰਕੇ ਪਾਣੀ ਪੀ ਛੱਡਦੇ ਨੇ, ਪਹਿਲਾ ਡੋਡੇ ਬੋਰੀਆ ਵਿੱਚ ਆਉਂਦੇ ਸੀ, ਉਨਾ ਨੂੰ ਚੰਗੀ ਤਰ੍ਹਾਂ ਸਾਫ ਕਰਕੇ, ਇੱਕ ਕੌਲੇ ਵਿੱਚ ਭਿਉਂਕੇ ਰੱਖਿਆ ਜਾਂਦਾ ਸੀ, ਬਾਅਦ ਵਿੱਚ ਮਲਮਲ ਦੇ ਕੱਪੜੇ ਨਾਲ ਨਿਚੋੜਕੇ ਉਹ ਪਾਣੀ ਪੀਤਾ ਜਾਂਦਾ ਸੀ, ਕਈ ਵਾਰ ਡੋਡੇ ਪਾਕੇ ਚਾਹ ਵੀ ਬਣਾ ਲੈਂਦੇ ਸੀ ਤੇ ਸੁਣਿਆ ਡੋਡਿਆਂ ਦੀ ਭੁਰਜੀ ਵੀ ਬਹੁਤ ਸਵਾਦ ਹੁੰਦੀ ਆ, ਤੇ ਸੁੱਖੇ ਵਾਲੇ ਪਕੌੜੇ ਤਾ ਮੇਲਿਆ ਮੁਸਾਹਬਿਆ ਤੇ ਲੋਕ ਕਈ ਵਾਰ ਛੱਕ ਲੈਂਦੇ ਸੀ, ਪਹਿਲਾ ਪਹਿਲਾ ਹਰ ਨਸ਼ਾ ਲੋਕ ਸ਼ੌਕ ਵਜੋ ਚੌੜ ਚੌੜ ਸ਼ੁਰੂ ਕਰਦੇ ਨੇ ਪਰ ਫਿਰ ਹੌਲੀ ਹੌਲੀ ਹੱਡਾਂ ਵਿੱਚ ਰਚ ਜਾਂਦਾ, ਸਾਡੇ ਇੱਕ ਸਬਜੀ ਵੇਚਣ ਵਾਲਾ ਹੁੰਦਾ ਸੀ ਬੰਸਾ, ਉਹ ਪੀਂਦਾ ਬਹੁਤ ਸੀ, ਜਦੋ ਉਹ ਥੋੜਾ ਜਿਹਾ ਬਜੁਰਗ ਹੋਇਆ ਤਾਂ ਮੈਂ ਕਿਹਾ ਚਾਚਾ ਹੁਣ ਤਾਂ ਛੱਡਦੇ, ਕਹਿੰਦਾ ਹੁਣ ਦਾਰੂ ਨੀ ਛੱਡਦਾ, ਹੁਣ ਤਾਂ ਸਰੀਰ ਈ ਛੱਡੂ। ਨਸ਼ਾ ਵੈਸੇ ਕੁਰਸੀ ਦਾ ਵੀ ਬਹੁਤ ਭੈੜਾ, ਸੋਹਣੀ ਤੀਵੀ ਦਾ ਵੀ ਕਹਿੰਦੇ ਸਰੂਰ ਈ ਹੁੰਦਾ, ਦੌਲਤ ਅਤੇ ਤਾਕਤ ਦਾ ਨਸ਼ਾ ਕਈ ਵਾਰ ਬੰਦੇ ਤੋਂ ਅਵੱਲੇ ਕੰਮ ਵੀ ਕਰਾ ਦਿੰਦਾ, ਜਿਹੜੇ ਰੱਬ ਦਾ ਨਾਮ ਧਿਆਉਂਦੇ ਨੇ ਉਨਾਂ ਵਾਸਤੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਨਸ਼ੇ ਦੀ ਵਾਧ ਘਾਟ ਵਿੱਚ ਕਈ ਵਾਰ ਜਾਇਜ ਨਜਾਇਜ ਵੀ ਹੋ ਜਾਂਦਾ, ਦਾਰੂ ਬੜੀ ਅਜੀਬ ਸ਼ੈਅ ਆ, ਇਹ ਖੁਸ਼ੀ, ਗਮੀ ਦੋਨੋ ਸਮਿਆ ਤੇ ਡੰਗ ਸਾਰਦੀ ਆ, ਬਹੁਤੇ ਕਤਲ ਦਾਰੂ ਨਾਲ ਦਿਲ ਕਰੜਾ ਕਰਨ ਤੋ ਬਾਅਦ ਕੀਤੇ ਜਾਂਦੇ ਹਨ, ਇਹ ਸੱਚ ਵੀ ਉਗਲਵਾ ਲੈਂਦੀ ਹੈ। ਬਾਕੀ ਸੌ ਗੱਲਾਂ ਦੀ ਇੱਕ ਗੱਲ, ਅਮਲ ਤੇ ਵੈਲ ਤਾ ਕਹਿੰਦੇ ਰੋਟੀ ਦਾ ਈ ਬਹੁਤ ਆ ਬਾਕੀ ਤਾ ਘਰ ਫੂਕਕੇ ਤਮਾਸ਼ਾ ਦੇਖਣ ਵਾਲੀ ਗੱਲ ਆ। ਤੁਹਾਡੇ ਨਿੱਜੀ ਤਜਰਬੇ ਕੀ ਕਹਿੰਦੇ ਹਨ?

    ਬਿੱਟੂ ਖੰਗੂੜਾ +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!