ਚੰਡੀਗੜ ( ਰਾਜਿੰਦਰ ਭਦੌੜੀਆ )
ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਨੇ ਆਪਣੇ ਸਮੂਹ ਕਰਮਚਾਰੀਆਂ ਨੂੰ ਕੋਰੋਨਾ ਦੀ ਮਹਾਂਮਾਰੀ ਦੇ ਤਹਿਤ 25 ਲੱਖ ਰੁਪਏ ਦੇ ਬੀਮੇ ਦਾ ਕਵਰ ਦੇਣ ਦੇ ਫੈਸਲਾ ਕੀਤਾ ਹੈ । ਇਸ ਬੀਮੇ ਅਧੀਨ ਸਹਿਕਾਰਤਾ ਵਿਭਾਗ ਅਤੇ ਵਿਭਾਗ ਨਾਲ ਸੰਬੰਧਤ ਸਾਰੀਆਂ ਸਿਖਰ ਸੰਸਥਾਵਾਂ ਜਿਵੇਂ ਕਿ ਮਿਲਕਫੈਡ (ਵੇਰਕਾ), ਮਾਰਕਫੈਡ, ਸਹਿਕਾਰੀ ਬੈਂਕ, ਸ਼ੂਗਰਫੈਡ ਅਤੇ ਖੇਤੀਬਾੜੀ ਸਹਿਕਾਰੀ ਬੈਕਾਂ ਸ਼ਾਮਲ ਹਨ ,ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆਂ ਨੇ ਕੋਰੋਨਾ ਮਹਾਂਮਾਰੀ ਦੇ ਲੌਕਡਾਊਨ ਦੇ ਦੌਰਾਨ ਲੋਕਾਂ ਨੂੰ ਜਰੂਰੀ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈ। ਇਸ ਔਖੇ ਵਕਤ ਦੇ ਦੌਰਾਨ ਮਿਲਕਫੈਡ ਦੇ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰਕੇ ਗਾਹਕਾਂ ਦੇ ਘਰ ਤੱਕ ਜਿੱਥੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਉਪਲੱਬਧਤਾ ਯਕੀਨੀ ਬਣਾਈ, ਉਥੇ ਮਾਰਕਫੈਡ ਅਤੇ ਸਹਿਕਾਰੀ ਬੈਕਾਂ ਦੇ ਕਰਮਚਾਰੀਆਂ ਨੇ ਵੀ ਕਿਸਾਨਾਂ ਅਤੇ ਗਾਹਕਾਂ ਲਈ ਉਤਸਾਹਜਨਕ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਉਨਾਂ ਦੱਸਿਆ ਕਿ ਸਹਿਕਾਰੀ ਵਿਭਾਗਾਂ ਦੇ ਕਰਮਚਾਰੀ ਹਮੇਸ਼ਾ ਬਿਮਾਰੀ ਤੋਂ ਪੀੜਤ ਹੋਂਣ ਦੇ ਖਤਰੇ ਦੀ ਕਾਗਾਰ ਤੇ ਰਹੇ ਹਨ । ਸ. ਰੰਧਾਵਾ ਨੇ ਦੱਸਿਆ ਕਿ ਸਮੂਹ ਮੁਲਾਜਮਾਂ ਦੀ ਸੁਰੱਖਿਆ ਲਈ ਸਾਰੇ ਮੁਲਾਜਮਾਂ ਦਾ ਕੋਰੋਨਾ ਦੀ ਬਿਮਾਰੀ ਦੇ ਖਤਰੇ ਤੋਂ ਇੱਕ ਸਾਲ ਲਈ 25 ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਇਸ ਸਮੇਂ ਸਹਿਕਾਰਤਾ ਅਧੀਨ ਮੁਲਾਜਮਾਂ ਦੀ ਗਿਣਤੀ 14905 ਦਾ ਕਰੀਬ ਹੈ, ਜਿਸਦੇ ਪ੍ਰੀਮੀਅਮ ਦੀ ਬਣਦੀ ਰਾਸ਼ੀ 2 ਕਰੋੜ 95 ਲੱਖ ਦਾ ਭੁਗਤਾਨ ਵਿਭਾਗ ਵੱਲੋਂ ਕੀਤਾ ਜਾਵੇਗਾ । ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਬੀਮਾ ਸਕੀਮ ਵਿੱਚ ਮਿਲਕਫੈਡ ਦੇ 6298, ਮਾਰਕਫੈਡ ਦੇ 1421, ਸਹਿਕਾਰੀ ਬੈਂਕ ਦੇ 4217, ਸ਼ੂਗਰਫੈਡ ਦੇ 290 ਅਤੇ ਸਹਿਕਾਰੀ ਖੇਤੀਬਾੜੀ ਬੈਂਕ ਦੇ 879 ਮੁਲਾਜਮਾਂ ਨੂੰ ਕਵਰ ਕੀਤਾ ਗਿਆ ਹੈ ।