ਮਨਦੀਪ ਖੁਰਮੀ ਹਿੰਮਤਪੁਰਾ
ਪਹਿਲਵਾਨੀ ਜਗਤ ਵਿੱਚ ਛਾਂਗੇ ਪਹਿਲਵਾਨ ਦੇ ਨਾਂ ਤੋਂ ਸ਼ਾਇਦ ਹਰ ਕੋਈ ਵਾਕਿਫ ਹੋਵੇਗਾ ਪਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਿਰ ਸਜੀ ਦਾਅ ਪੇਚਾਂ ਦੀ ਫੁਲਕਾਰੀ ਉੱਪਰ ਵੀ ‘ਕੈਂਚੀ ‘ ਨਾਂ ਦਾ ਦਾਅ ਸਜਾਉਣ ਦਾ ਮਾਣ ਵੀ “ਛਾਂਗੇ ਹਠੂਰ” ਨਾਂ ਦੇ ਅੰਤਾਂ ਦੇ ਜੋਰਾਵਰ ਖਿਡਾਰੀ ਨੂੰ ਹੀ ਪ੍ਰਾਪਤ ਹੋਇਆ ਹੈ। ਪਰ ਅਫਸੋਸ ਕਿ ਉਕਤ ਛਾਂਗਾ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਨਿਗ੍ਹਾ ਚੜ੍ਹਨ ਦੀ ਬਜਾਏ ਜਵਾਨੀ ਪਹਿਰੇ ਖਿਡਾਰੀਆਂ ਅਤੇ ਬਿਰਧ ਵਰੇਸੇ ਗੁਰਬਤ ਦੇ ‘ਕੈਂਚੀਆਂ’ ਮਾਰਦਾ ਗੁੰਮਨਾਮੀ ਦੇ ਹਨੇਰਿਆਂ ‘ਚ ਸਦਾ ਸਦਾ ਲਈ ਅਲੋਪ ਹੋ ਗਿਆ। ਅਸੀਂ ਪੰਜਾਬੀਆਂ ਦੀ ਅੰਤਰ-ਰਾਸ਼ਟਰੀ ਪੱਧਰ ਤੱਕ ਆਪਣਾ ਮੋਹ ਖਿਲਾਰੀ ਬੈਠੀ ਕੌਡੀ ਦੇ ਖਿਡਾਰੀ ਉਸ ਛਾਂਗੇ ਦਾ ਜਿਕਰ ਕਰ ਰਹੇ ਹਾਂ ਜਿਸਦੇ ਬਣਾਏ ਦਾਅ ‘ਕੈਂਚੀ ‘ ਸਦਕਾ ਪੰਜਾਬ ਦੇ ਖਿਡਾਰੀ ਵਿਦੇਸ਼ਾਂ ਵਿੱਚ ਪ੍ਰਦਰਸ਼ਨ ਕਰਕੇ ਤੇ ਛਾਂਗੇ ਦੀਆਂ ਕੈਂਚੀਆਂ ਮਾਰ ਕੇ ਡਾਲਰਾਂ, ਪੌਂਡਾਂ ਨਾਲ ਮਾਲੋ ਮਾਲ ਹੋ ਕੇ ਪਰਤਦੇ ਹਨ।
ਇਸ ਛਾਂਗਾ ਸਿੰਘ ਦਾ ਜਨਮ ਪਿਤਾ ਜੁਗਿੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ 1927 ਵਿੱਚ ਪਿੰਡ 339 ਚੱਕ ਭੰਮੀਪੁਰਾ,ਖੀਖਾ ਬੰਗਲਾ, ਜਿਲ੍ਹਾ ਲਾਇਲਪੁਰ
(ਪਾਕਿਸਤਾਨ) ਵਿਖੇ ਹੋਇਆ। ਕਿਸਮਤ ਦੀ ਧੱਕੜ ਖੇਡ ਕਿ ਮਾਂ 1 ਸਾਲ ਦੇ ਛਾਂਗੇ ਨੂੰ ਛੱਡ ਕੇ ਪ੍ਰਲੋਕ ਸਿਧਾਂਰ ਗਈ। ਮਾਂ ਮਛੋਹਰ ਹੋਣ ਕਰਕੇ ਪਿੰਡ ਵਾਲੇ ਛਾਂਗੇ ਨੂੰ ਪਿਆਰ ਦੇ ਨਾਲ ਨਾਲ ਰੱਜਵਾਂ ਦੁੱਧ ਘਿਉ ਵੀ ਦਿੰਦੇ। ਥੋੜ੍ਹਾ ਵੱਡਾ ਹੋਣ ਤੇ ਛਾਂਗਾ ਪਿਤਾ ਦੇ ਮਿਸਤਰਪੁਣੇ ਦੇ ਕੰਮ ਵਿੱਚ ਹੱਥ ਵਟਾਉਣ ਲੱਗਾ। ਸਮੇਂ ਦੀ ਮਾਰ ਦਾ ਝੰਬਿਆ ਛਾਂਗਾ ਜਲਦੀ ਹੀ ਇੱਕ ਭਰ ਜੁਆਨ ਵਿੱਚ ਤਬਦੀਲ ਹੋ ਗਿਆ। ਕਿਧਰੇ ਜੋਰ ਦੀ ਗੱਲ ਤੁਰਨੀ ਤਾਂ ਹਰ ਜੁਬਾਨ ਤੇ ਛਾਂਗੇ ਦਾ ਨਾਂ ਆਪ ਮੁਹਾਰੇ ਆਉਣ ਲੱਗਾ। ਪਿੰਡ ਵੱਲੋਂ ਖੁਰਾਕ ਦੇਣ ਦੇ ਨਾਲ-ਨਾਲ ਸੰਗੀ ਸਾਥੀਆਂ ਨੇ ਵੀ ਰਾਤ ਨੂੰ ਉਸਦੇ ਕੋਲ ਪੈਣਾ, ਮਤੇ ਕਿ ਖੁਰਾਕ ਦਾ ਜੋਰ ਛਾਂਗੇ ਨੂੰ ਕਿਸੇ ‘ਮਾੜੇ’ ਪਾਸੇ ਨਾ ਤੋਰ ਦੇਵੇ। ਉਸਦੇ ਮਣਾਂ ਮੂੰਹੀਂ ਜੋਰ ਦਾ ਅੱਖੀਂ ਡਿੱਠਾ ਹਾਲ ਛਾਂਗੇ ਦੇ ਪਰਮ ਮਿੱਤਰ ਤੇ ‘ਹਮਨਾਮ’ ਬਾਬਾ ਛਾਂਗਾ ਸਿੰਘ ਨੇ ਦੱਸਿਆ ਕਿ ਇੱਕ ਵਾਰ ਬਾਕਰ ਨਾਂ ਦਾ ਮੁਸਲਮਾਨ ਪਹਿਲਵਾਨ ਉਹਨਾਂ ਦੇ ਪਿੰਡ ਆਇਆ। ਉਹਦਾ ਪਹਾੜ ਵਰਗਾ ਜੁੱਸਾ ਦੇਖਕੇ ਲੋਕਾਂ ਦੇ ਮੂੰਹਾਂ ਵਿੱਚ ਉਂਗਲਾਂ ਪੈ ਗਈਆਂ। ਬਾਕਰ ਦੇ ਜੋੜ ਦਾ ਪਹਿਲਵਾਨ ਨਾ ਆਇਆ ਤਾਂ ਚਾਂਭਲੇ ਹੋਏ ਬਾਕਰ ਨੇ ‘ਕੋਈ ਹੈ ਮਾਈ ਦਾ ਲਾਲ’ ਦਾ ਲਲਕਾਰਾ ਮਾਰ ਦਿੱਤਾ। ਫਿਰ ਕੀ ਸੀ ਲੋਕਾਂ ਨੇ ਕੰਮ ਕਰਦੇ ਛਾਂਗੇ ਨੂੰ ਕੰਮ ਤੋਂ ਹਟਾਕੇ ਜਬਰੀ ਅਖਾੜੇ ਵਿੱਚ ਲੈ ਆਂਦਾ। ਛਾਂਗੇ ਨੇ ‘ਆ ਦੇਖਿਆ ਨਾ ਤਾਅ’ ਆਉਂਦੇ ਨੇ ਹੀ ਬਾਕਰ ਨੂੰ ਗੋਡਿਆਂ ਹੇਠਾਂ ਕਰ ਲਿਆ। ਬਾਕਰ ਨੇ ਵੀ ਹਾਰ ਕਬੂਲਦਿਆਂ ਥਾਪੀ ਦਿੱਤੀ ਕਿ ਇਸ ਖੁਦਾ ਦੇ ਬੰਦੇ ਦਾ ਨਾਂ ਜਰੂਰ-ਬਰ-ਜਰੂਰ ਚਮਕੇਗਾ।
ਦੂਜੀ ਘਟਨਾ ਸੀ ਕਿ ਛਾਂਗੇ ਦੇ ਗੁਆਂਢੀਆਂ ਦੀ ਅੱਥਰੀ ਕਿਸਮ ਦੀ ਬੋਤੀ ਘਰੋਂ ਖੁੱਲ੍ਹ ਕੇ ਭੱਜ ਗਈ। ਗੁਆਂਢਣ ਤਾਈ ਨੇ ਛਾਂਗੇ ਨੂੰ ਬੋਤੀ ਫੜ੍ਹ ਕੇ ਲਿਆਉਣ ਲਈ ਕਿਹਾ। ਛਾਂਗਾ ਵਾਹੋਦਾਹੀ ਭੱਜਦਾ ਬੋਤੀ ਨਾਲ ਜਾ ਰਲਿਆ। ਭੱਜੀ ਜਾਂਦੀ ਬੋਤੀ ਦੀ ਪੂਛ ਨੂੰ ਵਟ ਚਾੜ੍ਹ ਕੇ ਲੱਤ ਤੇ ਲੱਤ ਮਾਰ ਕੇ ਹੇਠਾਂ ਸੁੱਟ ਲਿਆ। ਇਹਨਾਂ ਘਟਨਾਵਾਂ ਤੋਂ ਬਾਅਦ ਛਾਂਗਾ ਪਿੰਡ ਦਾ ਪ੍ਰਵਾਨਿਤ ਜ਼ੋਰਾਵਰ ਬਣ ਗਿਆ। ਸੰਨ ਸੰਤਾਲੀ ‘ਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਛਾਂਗਾ ਪਰਿਵਾਰ ਤੇ ਮਿੱਤਰ ਜੁੰਡਲੀ ਸਮੇਤ ਪਿੰਡ ਹਠੂਰ ਜਿਲ੍ਹਾ ਲੁਧਿਆਣਾ (ਪੰਜਾਬ) ਵਿਖੇ ਆ ਟਿਕਿਆ। ਜਿੱਥੋਂ ਉਸਦੀ ਕਬੱਡੀ ਪ੍ਰਤੀ ਲਗਨ ਦਾ ਅਸਲ ਮੁੱਢ ਬੱਝਿਆ। ਜਿੱਥੇ ਉਸਨੇ ਆਪਣੇ ਸਾਥੀਆਂ ਕਰਮ ਨੱਥੋਵਾਲੀਆ, ਰਤਨ ਹਠੂਰ, ਪੰਡਤ ਦੇਸ ਰਾਜ, ਮੱਘਰ ਸਿੰਘ, ਚੰਦ ਫੌਜੀ, ਗੁਰਬਖਸ਼ ਨਿਹੰਗ, ਤੇ ਛੋਟੇ ਸਵੱਦੀ ਵਾਲੇ ਨਾਲ ਰਲਕੇ ਉਹ ਧੂੜ ਪੱਟੀ ਕਿ ਚਾਰੇ ਪਾਸੇ ਛਾਂਗਾ-ਛਾਂਗਾ ਹਠੂਰ-ਹਠੂਰ ਹੋ ਗਈ। ਆਪਣੀ ਧੱਕੜ ਖੇਡ ਖੇਡਦਿਆਂ ਇੱਕ ਵਾਰ ਛਾਂਗੇ ਨੇ ਅਜਿਹਾ ਦਾਅ ਮਾਰਿਆ ਕਿ ਉਹ ਕਬੱਡੀ ਖੇਡ ਜਗਤ ਵਿੱਚ “ਕੈਂਚੀ” ਦੇ ਨਾਂ ਨਾਲ ਜਾਣਿਆ ਗਿਆ। ਇਸ ਸੰਬੰਧੀ ਇੱਕ ਲੇਖਕ ਦੀ ਕਲਮ ‘ਚੋਂ ਵੀ ਸੱਚ ਰਿਸ਼ਮਾਂ ਬਣ ਡੁੱਲ੍ਹਿਆ ਹੈ ਕਿ-
“ਚੰਦ ਤੇ ਕਰਮ ਮਸ਼ਹੂਰ ਖਿਡਾਰੀ ਸੀ,
ਪਹਿਲੀ ਵਾਰੀ ਛਾਂਗੇ ਨੇ ਜਦੋਂ ਕੈਂਚੀ ਮਾਰੀ ਸੀ,
ਛਾਂਗੇ ਦੀਆਂ ਕੈਂਚੀਆਂ ਮਾਰ ਮਾਰ ਯਾਰੋ,
ਦੇਖ ਲੋ ਪੰਜਾਬੀ ਅੱਜ ਕਿੱਥੇ ਚੜ੍ਹਗੇ,
ਲੋਕੋ ਛਾਂਗੇ ਜਿਹੇ ਗੱਭਰੂ ਕਮਾਲ ਕਰਗੇ।”
ਛਾਂਗੇ ਦੀ ਕਪਤਾਨੀ ਹੇਠ ਪਿੰਡ ਵਾਰ ਮੁਕਾਬਲਿਆਂ ਵਿਚ ਹਠੂਰ ਦੀ ਟੀਮ ਨੇ ਕਲਗੀਧਰ ਟੂਰਨਾਮੈਂਟ ਨੱਥੋਵਾਲ ਦਾ ਤਿੰਨ ਸਾਲਾ ਕੱਪ (1955), ਤਹਿਸੀਲ ਪੰਚਾਇਤ ਟੂਰਨਾਮੈਂਟ ਜਗਰਾਉਂ, ਜਿਲ੍ਹਾ ਪੰਚਾਇਤ ਟੂਰਨਾਮੈਂਟ ਲੁਧਿਆਣਾ, ਚੌਧਰੀ ਮੇਘ ਸਿੰਘ ਟੂਰਨਾਮੈਂਟ ਲੀਲਾਂ ਮੇਘ ਸਿੰਘ (1955) ਜਿੱਤ ਕੇ ਆਪਣੇ ਸਾਨ੍ਹਾਂ ਵਰਗੇ ਜ਼ੋਰ ਦਾ ਸਬੂਤ ਪੇਸ਼ ਕੀਤਾ। ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਤੇ ਉਹਨਾਂ ਨੂੰ ਦਲੀਪ ਸਿੰਘ ਕੋਲੋਂ ਉਹਨਾਂ ਵੇਲਿਆਂ ਵਿੱਚ 700 ਰੁਪਏ ਦਾ ਨਕਦ ਇਨਾਮ ਮਿਲਣਾ ਅਤਿਕਥਨੀ ਵਾਂਗ ਸੀ। ਇੱਕ ਵਾਰ ਛਾਂਗੇ ਵਰਗਿਆਂ ਨੂੰ ਪੰਜਾਬ ਦੀ ਟੀਮ ‘ਚ ਨਾ ਪਾਇਆ। ਪੰਜਾਬ ਦੀ ਟੀਮ ਪਾਕਿਸਤਾਨ ਹੱਥੋਂ ਬਹੁਤ ਬੁਰੀ ਤਰ੍ਹਾਂ ਹਾਰੀ । ਫਿਰ ਕੀ ਸੀ ‘ਕੱਲੇ ਹਠੂਰੀਆਂ ਨੇ ਹੀ ਗੁੱਸੇ ‘ਚ ਆ ਕੇ ਝੰਡੀ ਫੇਰ ਦਿੱਤੀ। ਪੰਜਾਬ ਨੂੰ ਹਰਾ ਕੇ ਚਾਂਭਲੇ ਪਾਕਿਸਤਾਨੀਏ ਝੰਡੀ ਫੜ੍ਹ ਬੈਠੇ। ਬਜੁਰਗ ਦਸਦੇ ਹਨ ਕਿ ਉਹਨਾਂ ਦਾ ਖਿਡਾਰੀ ਤੋਖੀ ਕਿਸੇ ਤੋਂ ਰੁਕਿਆ ਨਹੀਂ ਸੀ ਪਰ ਛਾਂਗੇ ਦੀਆਂ ਕੈਂਚੀਆਂ ਨੇ ਐਸਾ ਸ਼ੱਕੀ ਕੀਤਾ ਕਿ ਪੰਜਾਬ ਨੂੰ ਜਿੱਤਣ ਵਾਲੇ ‘ਕੱਲੇ ਹਠੂਰ ਦੀ ਟੀਮ ਨੂੰ ਹੀ ਹਾਰ ਗਏ। ਛਾਂਗੇ ਵਰਗਿਆਂ ਨੂੰ ਪਿੱਤਲ ਦੀਆਂ 8 ਬਾਲਟੀਆਂ ਤੇ ਕੱਪ ਇਨਾਮ ਵਜੋਂ ਮਿਲੇ। ਜਿੱਤ ਕੇ ਪਰਤਣ ਤੇ ਪਿੰਡ ਵਾਲਿਆਂ ਨੇ ਵੀ ਰੱਜਵਾਂ ਮਾਣ ਦਿੱਤਾ ਤੇ ਟਰੈਕਟਰਾਂ ਤੇ ਬਿਠਾ ਕੇ ਪਿੰਡ ਦਾ ਚੱਕਰ ਲਵਾਇਆ। ਇਸ ਤਰ੍ਹਾਂ ਛਾਂਗੇ ਦੀਆਂ ਕੈਂਚੀਆਂ ਲਗਾਤਾਰ 20 ਸਾਲ ਚਲਦੀਆਂ ਰਹੀਆਂ ਤੇ ਵਿੱਚ-ਵਿਚਾਲੇ ਉਹ ਛੜਾ-ਛਾਂਟ ਤੇ ਮਸਤ ਸੁਭ੍ਹਾ ਹੋਣ ਕਰਕੇ 7 ਸਾਲ ਬਾਅਦ ਕਲਕੱਤਿਉਂ ਵਾਪਸ ਲਿਆਂਦਾ ਤੇ ਮੁੜ ਜੋਰਾ-ਜਰਬੀ ਖੇਡ ਮੈਦਾਨ ‘ਚ ਉਤਾਰ ਦਿੱਤਾ। ਉਮਰ ਪੱਖੋਂ ਪਕੇਰ ਤੇ ਲਿੱਸਾ ਜਿਹਾ ਹੋ ਜਾਣ ਤੇ ਵੀ ਬਜੁਰਗ ਛਾਂਗਾ 65 ਕਿਲੋ ਵਜਨੀ ਚੋਬਰਾਂ ‘ਚ ਮੁੜ 10 ਸਾਲ ਐਸਾ ਖੇਡਿਆ ਤੇ ਕੋਚਿੰਗ ਦਿੰਦਾ ਕਿ ਹਠੂਰ ਦੀ ਬੱਲੇ-ਬੱਲੇ ਕਰਵਾਈ ਰੱਖੀ। ਅੱਲੜ੍ਹਾਂ ਵਿੱਚ ‘ਬਿਰਧ’ ਛਾਂਗੇ ਦੀ ਕੈਂਚੀ ਦੀ ਐਸੀ ਸਰਦਾਰੀ ਰਹੀ ਕਿ ਲੋਕ ਖੁਦ ਹੀ ਕਹਿ ਦਿੰਦੇ ਸੀ, “ਛਾਂਗਿਆ, ਜਾਹ ਯਾਰ ਐਤਕੀਂ ਛੱਡ ਦੇਈਂ ਜੁਆਕ ਨੂੰ, ਐਂਵੇਂ ਦਿਲ ਢਾਹ ਕੇ ਬਹਿਜੂ।” ਅੰਤਲੇ ਸਮੇਂ ਵਿੱਚ ਸਾਹ ਦੀ ਬੀਮਾਰੀ ਛਾਂਗੇ ਦੀ ਯਾਰ ਬਣ ਗਈ। ਉਸਨੇ ਪੇਟ ਪਾਲਣ ਲਈ ਸੇਪੀ ਦਾ ਲੁਹਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੰਤ ਕਬੱਡੀ ਜਗਤ ਦੇ ਇਸ ਛਾਂਗੇ ਪੁੱਤ ਦਾ ਭੌਰ ਹੁਣ ਤੱਕ ਦੀਆਂ ਸਰਕਾਰਾਂ ,ਖੇਡ ਸੰਸਥਾਵਾਂ, ਖੇਡ ਪ੍ਰੇਮੀਆਂ, ਖਾਸ ਕਰ ਹਠੂਰ ਵਾਸੀਆਂ ਸਿਰ ਬੁੱਕ ਭਰ ਭਰ ਉਲ੍ਹਾਮੇਂ ਦਿੰਦਿਆਂ 1993 ‘ਚ ਹਠੂਰ ਬੱਸ ਅੱਡੇ ਦੇ ਪਿੱਪਲਾਂ ਹੇਠੋਂ ਉਡਾਰੀ ਮਾਰ ਗਿਆ। ਇੰਨਾ ਕੁਝ ਸੁਨਣ ਦੇ ਬਾਵਜੂਦ ਤੁਹਾਨੂੰ ਦਿਲੀਂ ਦੁੱਖ ਹੋਵੇਗਾ ਕਿ ਜਿਸ ਛਾਂਗੇ ਦੀਆਂ ਕੈਂਚੀਆਂ ਦੀ ਬਦੌਲਤ ਕਬੱਡੀ ਖਿਡਾਰੀ ਮਾਲੋਮਾਲ ਹੋਏ ਫਿਰਦੇ ਹਨ ਉਸ ਛਾਂਗੇ ਦੀ ਯਾਦਗਾਰ ਵੀ ਪਿੰਡ ਵਿੱਚ ਲੱਭਿਆਂ ਨਹੀਂ ਲੱਭੇਗੀ। ਟੇਲਰ ਦਾ ਕੰਮ ਕਰ ਕੇ ਪਰਿਵਾਰ ਪਾਲ ਰਹੇ ਛਾਂਗੇ ਦੇ ਭਤੀਜੇ ਤੇਜੂ ਨੇ ਕਿਹਾ ਕਿ ਛਾਂਗਾ ਮਾਂ ਖੇਡ ਕਬੱਡੀ ਦੀ ਝੋਲੀ “ਕੈਂਚੀ” ਪਾਉਣ ਤੋਂ ਬਾਦ ਸਿਰਫ ਮੇਰਾ ਤਾਇਆ ਹੀ ਨਹੀਂ ਰਿਹਾ ਸਗੋਂ ਹਰ ਕਬੱਡੀ ਖਿਡਾਰੀ, ਕਬੱਡੀ ਪ੍ਰੇਮੀ ਦਾ ਤਾਇਆ ਬਣ ਗਿਆ ਹੈ। ਉਸਨੇ ਕਿਹਾ ਕਿ ਛਾਂਗੇ ਦੇ ਨਾਂ ਤੇ ਪਿੰਡ ਵਿੱਚ ਕੋਈ ਅਜਿਹੀ ਯਾਦਗਾਰ ਬਣਨੀ ਚਾਹੀਦੀ ਹੈ ਜਿੱਥੇ ਕਬੱਡੀ ਦੇ ਸਾਬਕਾ ਖਿਡਾਰੀਆਂ ਦੀਆਂ ਤਸਵੀਰਾਂ, ਜੀਵਨੀਆਂ ਯਾਦਗਾਰ ਵਜੋਂ ਸਾਂਭ ਕੇ ਰੱਖੀਆਂ ਜਾਣ, ਜਿਸਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖਿਆ ਲੈਂਦੀਆਂ ਰਹਿਣ। ਤੇਜੂ ਦਾ ਕਹਿਣਾ ਹੈ ਕਿ ਉਹ ਇਸ ਲਾਇਕ ਨਹੀਂ ਕਿ ਯਾਦਗਾਰ ਬਣਾਉਣ ਲਈ ਆਰਥਿਕ ਮਦਦ ਦੇ ਸਕੇ ਅਤੇ ਆਪਣੇ ਤਾਏ ਛਾਂਗੇ ਦੇ ਨਾਂਅ ਨੂੰ ਜਿਉਂਦਾ ਰੱਖ ਸਕੇ ਪਰ ਉਸਨੇ ਆਪਣੇ ਨਾਂਅ ਤੇਜੂ ਨਾਲ ਛਾਂਗਾ ਸ਼ਬਦ ਜੋੜ ਕੇ ਜਰੂਰ “ਤੇਜੂ ਛਾਂਗਾ” ਰੱਖ ਲਿਆ ਹੈ। ਜੇਕਰ ਪਿੰਡ ਵਾਸੀ ਜਾਂ ਖੇਡ ਪ੍ਰੇਮੀ ਛਾਂਗੇ ਦੀ ਕਬੱਡੀ ਖੇਡ ਨੂੰ ਦੇਣ ਨੂੰ ਮੱਦੇਨਜਰ ਰੱਖਦਿਆਂ ਕੋਈ ਯਾਦਗਾਰ ਬਣਾਉਣ ਦੀ ਪਹਿਲਕਦਮੀ ਕਰਦੇ ਹਨ ਤਾਂ “ਤੇਜੂ ਛਾਂਗਾ” ਆਪਣੇ ਦੋ ਹੱਥਾਂ ਦੀ ਕਿਰਤ(ਦਿਹਾੜੀ) ਦਾਨ ਕਰਨ ਲਈ ਸਭ ਤੋਂ ਅੱਗੇ ਹੋਵੇਗਾ। ਪਰ ਬੇਸ਼ੱਕ ਛਾਂਗਾ ਕਿਸੇ ਜਿਹਨ ਦਾ ਹਿੱਸਾ ਬਣਕੇ ਰਹੇ ਨਾ ਰਹੇ, ਜਦੋਂ ਤੱਕ ਦੁਨੀਆਂ ਤੇ ਕਬੱਡੀ ਰਹੇਗੀ ਉਦੋ ਤੱਕ ਛਾਂਗਾ ਆਪਣੇ ਦਾਅ “ਕੈਂਚੀ” ਸਦਕਾ ਸਦਾ ਜੀਵਿਤ ਰਹੇਗਾ