ਬਲਵਿੰਦਰ ਸਿੰਘ ਚਾਹਲ
ਪੰਜਾਬੀ ਲੋਕ ਗਾਇਕੀ ਦਾ ਅਸਲੀ ਵਾਰਿਸ ਗੁਰਮੀਤ ਮੀਤ ਆਪਣਾ ਨਵਾਂ ਨਕੋਰ ਗੀਤ “ਫਰੰਟਲਾਈਨ” ਲੈ ਕੇ ਸਾਡੇ ਸਭ ਦੇ ਸਨਮੁੱਖ ਹੋਇਆ ਹੈ। ਗੁਰਮੀਤ ਨੇ ਇਹ ਗੀਤ ਅੱਜਕੱਲ ਮਹਾਮਾਰੀ ਦਾ ਰੂਪ ਲੈ ਚੁੱਕੇ ਕਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਪਹਿਲੀ ਕਤਾਰ ਦੇ ਉਹਨਾਂ ਲੋਕਾਂ ਨੂੰ ਸਮਰਪਿਤ ਹੋ ਕੇ ਗਾਇਆ ਹੈ। ਜਿਹਨਾਂ ਨੇ ਇਸ ਮਹਾਮਾਰੀ ਦੇ ਭਿਆਨਕ ਦੌਰ ਦੌਰਾਨ ਘਰਾਂ ਵਿੱਚ ਬਹਿਣ ਦੀ ਬਜਾਏ ਆਪੋ ਆਪਣੀਆਂ ਨੌਕਰੀਆਂ ਤੇ ਡਟੇ ਰਹਿ ਕੇ ਸਮੁੱਚੀ ਲੋਕਾਈ ਦੇ ਭਲੇ ਲਈ ਹਰ ਤਰ੍ਹਾਂ ਦੇ ਖਤਰਿਆਂ ਨੂੰ ਸਹੇੜਿਆ ਹੈ। ਆਪਣੇ ਆਪ ਤੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਗੈਰ ਜੋ ਲੋਕ ਦਿਨ ਰਾਤ ਮੌਤ ਦੇ ਘਰ ਵਿੱਚ ਰਹਿ ਕੇ ਲੜ ਰਹੇ ਹਨ। ਜਿਹਨਾਂ ਵਿੱਚ ਡਾਕਟਰ, ਨਰਸਾਂ, ਡਰਾਈਵਰ, ਪੁਲਿਸ ਕਰਮੀ, ਸਮਾਜਿਕ ਕਾਮੇ ਤੇ ਸਮਾਜ ਸੇਵੀ, ਕਿਸਾਨ ਤੇ ਹੋਰ ਅਨੇਕਾਂ ਲੋਕ ਜੋ ਇਸ ਸਮੇਂ ਜੀ ਜਾਨ ਲਾ ਕੇ ਕਰੋਨਾ ਨਾਲ ਲੜੀ ਜਾ ਰਹੀ ਵਿਸ਼ਵ ਵਿਆਪੀ ਜੰਗ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਗੁਰਮੀਤ ਮੀਤ ਨੇ ਹੁਣ ਤੱਕ ਜਿੰਨਾ ਵੀ ਗਾਇਆ ਹੈ ਉਹ ਅੱਜ ਦੀ ਪੰਜਾਬੀ ਗਾਇਕੀ ਵਿੱਚ ਮੀਲ ਪੱਥਰ ਸਾਬਤ ਕਰਨ ਵਾਲੀ ਵਿਧੀ ਹੈ।ਗੁਰਮੀਤ ਮੀਤ ਆਰਥਿਕ ਸੰਕਟ ਨਾਲ ਜੂਝਦੇ ਹੋਏ ਵੀ ਆਪਣੇ ਵਿਸ਼ਿਆਂ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕਰਦਾ ਜਿਸ ਨਾਲ ਉਸਨੂੰ ਜਾਂ ਉਸਦੇ ਚਾਹੁਣ ਵਾਲਿਆਂ ਨੂੰ ਕਿਸੇ ਤਰ੍ਹਾਂ ਸ਼ਰਮਿੰਦਾ ਹੋਣਾ ਪਵੇ। ਉਹ ਸਦਾ ਆਖਦਾ ਹੈ ਕਿ ਖਾਣੀਆਂ ਤਾਂ ਦੋ ਰੋਟੀਆਂ ਹੀ ਹਨ ਫਿਰ ਕਿਸ ਲਈ ਆਪਣੀ ਮਾਂ ਬੋਲੀ ਤੇ ਸਭਿਆਚਾਰ ਦੀ ਪਿੱਠ ਵਿੱਚ ਛੁਰਾ ਮਾਰਾਂ।
ਮੈਂ ਗੁਰਮੀਤ ਮੀਤ ਨੰ ਬਹੁਤ ਸਾਲਾਂ ਤੋਂ ਜਾਣਦਾ ਹਾਂ। ਇਸ ਮਾਈ ਦੇ ਲਾਲ ਨੇ ਜਿੰਨਾ ਵੀ ਗਾਇਆ ਉਹ ਹਿੱਕ ਦੇ ਜੋਰ ਨਾਲ ਹੀ ਗਾਇਆ ਹੈ। ਕੋਈ ਟਿਊਨਰ ਜਾਂ ਉਧਾਰੀ ਅਵਾਜ ਦੀ ਬਜਾਏ ਸਿੱਧਾ ਹੋ ਕੇ ਗਾਉਂਦਾ ਹੈ। ਗੁਰਮੀਤ ਦੇ ਇਸ ਗੀਤ ਵਿੱਚ ਵੀ ਜੋ ਸੁਨੇਹਾ ਉਸਨੇ ਸਾਨੂੰ ਸਭ ਨੂੰ ਦਿੱਤਾ ਹੈ ਉਹ ਅਸੀਂ ਵੀ ਸਭ ਸੋਸ਼ਲ ਮੀਡੀਆ, ਟੀਵੀ ਜਾਂ ਆਮ ਜ਼ਿੰਦਗੀ ਵਿੱਚ ਰੋਜ਼ ਦੇਖਦੇ ਹਾਂ। ਪਰ ਗੁਰਮੀਤ ਨੇ ਆਪਣੀ ਕਲਾ ਦੇ ਸਹਾਰੇ ਇਸਨੂੰ ਬਾਕਮਾਲ ਗੀਤ ਦਾ ਰੂਪ ਦੇ ਕੇ ਇਸ ਭਿਆਨਕ ਦੌਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਹੈ। ਇਹ ਮਾਨਸਿਕ ਤੌਰ ਉੱਪਰ ਅਤੇ ਮਜਬੂਤ ਕਰਨ ਦੀ ਭਾਵਨਾ ਵਾਲਾ ਗੀਤ ਹੈ। ਮੈਂ ਆਪਣੇ ਵਲੋਂ ਇਸ ਗੀਤ ਦੇ ਰਚਨਾਕਾਰ ਬਿੰਦਰ ਕਾਹਲੋਂ ਅਤੇ ਸੰਗੀਤਕਾਰ ਤਾਰ ਈ ਬੀਟ ਬਰੇਕਰ ਨੂੰ ਵੀ ਖਾਸ ਤੌਰ ਤੇ ਵਧਾਈ ਦਿੰਦਾ ਹਾਂ, ਜਿਹਨਾਂ ਨੇ ਗੁਰਮੀਤ ਮੀਤ ਨਾਲ ਇੱਕ ਸਮੁੱਚੀ ਟੀਮ ਬਣ ਕੇ ਇੱਕ ਵਧੀਆ ਗੀਤ ਦਿੱਤਾ ਹੈ। ਅਖੀਰ ਵਿੱਚ ਇਸ ਗੀਤ ਦੇ ਪੇਸ਼ਕਰਤਾ ਬਾਬਾ ਬੋਹੜ ਦੇਵ ਥਰੀਕੇ ਵਾਲੇ ਨੂੰ ਇਸ ਪੇਸ਼ਕਾਰੀ ਲਈ ਦਿਲੋਂ ਤੌਰ ਉੱਪਰ ਮੁਬਾਰਕਾਂ।