
ਸ਼ਿਵਚਰਨ ਜੱਗੀ ਕੁੱਸਾ
ਜੰਗਲਾਂ ਵਿੱਚ ਭਟਕਦੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਤਰਲਾ ਪਾਇਆ ਸੀ, “ਵੀਰੋ ਊਠਾਂ ਵਾਲ਼ਿਓ ਵੇ, ਪਾਣੀ ਪੀ ਜਾਓ ਦੋ ਪਲ ਬਹਿ ਕੇ… ਕੌਲਾਂ ਡੱਕੇ ਚੁਗਦੀ ਦਾ, ਜਾਇਓ ਵੇ ਇੱਕ ਸੁਨੇਹਾਂ ਲੈ ਕੇ…!” ਮੇਰੇ ਪ੍ਰਮ-ਮਿੱਤਰ ਦੇਵ ਥਰੀਕੇ ਦੇ ਲਿਖੇ ਅਤੇ ਮੇਰੇ ਵਿੱਛੜ ਗਏ ਯਾਰ ਕੁਲਦੀਪ ਮਾਣਕ ਦੇ ਗਾਏ ਇਸ ਵੈਰਾਗਮਈ ਗੀਤ ਵਿੱਚ ਦੁਖਿਆਰੀ ਕੌਲਾਂ ਦੇ ਦਿਲ ਦੀ ਹੂਕ ਸੀ, ਪੀੜ ਸੀ, ਇੱਕ ਰੂਹ ਝੰਜੋੜਨ ਵਾਲ਼ਾ ਸੁਨੇਹਾਂ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਸਿਰ ‘ਤੇ ਹੱਥ ਰੱਖਣ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਅਵਾਜ਼ ਮਾਰੀ ਸੀ। ਨਹੀਂ ਤਾਂ ਜੰਗਲ ਵਿੱਚ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ ‘ਰਾਹੀ’ ਜਾਂ ‘ਕਾਫ਼ਲੇ’ ਹਰ ਰੋਜ਼ ਅਤੇ ਸਾਰਾ ਦਿਨ ਮਿਲ਼ਦੇ ਹੋਣਗੇ? ਪਰ ਹਾਕ ਉਸ ਨੇ ਆਪਣੇ ਦੇਸ਼ ਦਾ ਪਹਿਰਾਵਾ ਅਤੇ ਬੋਲ-ਬਾਣੀ ਸੁਣ ਕੇ “ਊਠਾਂ ਵਾਲ਼ੇ ਵੀਰਾਂ” ਨੂੰ ਹੀ ਮਾਰੀ ਸੀ। ਸ਼ਾਹਣੀ ਕੌਲਾਂ ਅਤੇ ਊਠਾਂ ਵਾਲ਼ੇ ਵੀਰਾਂ ਦੇ ਰਿਸ਼ਤੇ ਵਰਗਾ ਰਿਸ਼ਤਾ ਮੇਰਾ ਵਿਸ਼ਵ-ਪ੍ਰਸਿੱਧ ਕਲਾਕਾਰ, ਬਾਈ ਸਰਦਾਰ ਸੋਹੀ ਨਾਲ਼ ਹੈ! ਮੈਂ ਕਦੇ ਉਸ ਨੂੰ ਕਲਾਕਾਰ ਨਹੀਂ, ਹਮੇਸ਼ਾ ਆਪਣਾ ਵੱਡਾ ਭਾਈ ਮੰਨਿਆਂ ਹੈ!
ਦੁਨੀਆਂ ਦੀ ਪ੍ਰਚੱਲਤ ਧਾਰਨਾ ਹੈ ਕਿ ਜਿੱਥੇ ਪੈਸਾ ਅਤੇ ਪ੍ਰਸਿੱਧੀ ਆ ਜਾਂਦੀ ਹੈ, ਨਿਮਰਤਾ ਅਤੇ ਨਰਮਾਈ ਓਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਸਰਦਾਰ ਸੋਹੀ ਨੇ ਇਸ ਧਾਰਨਾ ਨੂੰ ਮਿੱਧ ਕੇ, ਇਹ ਸਬੂਤ ਦੇ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਪ੍ਰਸਿੱਧ ਵਿਅਕਤੀ ਆਕੜਕੰਨ੍ਹਾਂ ਹੋਵੇ! ਅੱਠੇ ਪਹਿਰ ਖਿੜਿਆ ਰਹਿਣ ਵਾਲ਼ਾ ਸਰਦਾਰ ਸੋਹੀ ਹਰ ਇੱਕ ਨੂੰ ਭੱਜ ਕੇ ਜੱਫ਼ੀ ਪਾਉਣ ਵਾਲ਼ਾ, ਮੋਹ ਦੀ ਮੂਰਤ ਬਾਈ ਹੈ। ਇੱਕ ਦਿਨ ਉਸ ਨੇ ਮੈਨੂੰ ਵੱਟਸਐਪ ਉਪਰ ਆਪਣੀ ਬੜੀ ਗੰਭੀਰ ਜਿਹੀ ਇੱਕ ਫ਼ੋਟੋ ਭੇਜੀ। ਦੇਖ ਕੇ ਮੈਂ ਪੁੱਛਿਆ, “ਬਾਈ ਜੀ, ਬੜੇ ਤਣਾਓ ਜਿਹੇ ਵਿੱਚ ਲੱਗ ਰਹੇ ਹੋ…?” ਅੱਗਿਓਂ ਬਾਈ ਹੱਸ ਕੇ ਕਹਿੰਦਾ, “ਫ਼ਿਲਮ ਦੀ ਵਾਰਤਾਲਾਪ ਚੇਤੇ ਨੀ ਹੋ ਰਹੀ, ਜੱਗੀ!” ਤਾਂ ਮੈਂ ਹੱਸਦਿਆਂ ਕਿਹਾ, “ਪੈੱਗ ਸ਼ੈੱਗ ਲਾ ਕੇ ਦਿਮਾਗ ਸਾਣ ‘ਤੇ ਲਾ ਲੈਣਾ ਸੀ…!” ਹੱਸ ਕੇ ਕਹਿੰਦਾ, “ਬੱਸ ਐਹਥੋਂ ਈ ਤਾਂ ਮੈਂ ਮਾਰ ਖਾਨੈਂ, ਜੱਗੀ ਸਿਆਂ!” ਮੇਰੇ ਕਹਿਣ ਦਾ ਮਤਲਬ ਸਰਦਾਰ ਸੋਹੀ ਜਿੰਨਾਂ ਮਰਜ਼ੀ ਕੰਮ ਦੇ ਦਬਾਓ ਹੇਠ ਹੋਵੇ, ਹੱਸਣਾ-ਖੇਡਣਾ ਉਹ ਕਦੇ ਵੀ ਨਹੀਂ ਤਿਆਗਦਾ। ਕਈ ਵਾਰ ਉਹ ਮੈਨੂੰ ਕਾਸ਼ਣੀ ਅੱਖ ਦੇ ਅਨੀਂਦਰੇ ਵਰਗਾ ਜਾਪਦਾ ਹੈ! ਉਸ ਦੇ ਚਿਹਰੇ ਦੀ ਮੁਸਕੁਰਾਹਟ ਮਿੱਤਰਾਂ ਦੀ ਜਾਕਿਟ ‘ਤੇ ਘੁੰਡ ਕੱਢ ਕੇ ਬੂਟੀਆਂ ਪਾਉਂਦੀ ਹੈ! ਪਰਦੇ ਉਪਰ ਉਸ ਦੀ ਠੇਠ ਪੰਜਾਬੀ ਅਤੇ ਬੋਲਣ ਦੀ ਅਦਾ ਬੰਦੇ ਨੂੰ ਕਾਇਲ ਕਰਦੀ ਹੈ ਅਤੇ ਇਹੀ ਉਸ ਦੀ ਕਾਮਯਾਬੀ ਦਾ ਅਨੋਖਾ ਰਾਜ ਹੈ। ਉਹ ਆਪਣੇ ਕਿਰਦਾਰ ਨੂੰ ਅੰਨ੍ਹੇ ਵਾਲ਼ਾ ਜੱਫ਼ਾ ਨਹੀਂ ਮਾਰਦਾ, ਕਲਾ ਅਤੇ ਤਕਨੀਕ ਅਨੁਸਾਰ ਤੁਰਨ ਵਾਲ਼ਾ ਅਨੁਸਾਸ਼ਨੀ ਕਲਾਕਾਰ ਹੈ।
ਸ਼ੋਹਰਤ ਅਤੇ ਮਹਿਮਾਂ ਸਰਦਾਰ ਸੋਹੀ ਨੂੰ ਰਜਾਈ ਨੱਪੀ ਪਏ ਨੂੰ ਨਹੀਂ ਮਿਲ਼ੀ, ਇਸ ਪਿੱਛੇ ਉਸ ਦੀ ਲੰਮੀ ਘਾਲਣਾ ਅਤੇ ਸੰਘਰਸ਼ ਦਾ ਹੱਥ ਹੈ। ਅਸੀਂ ਹਰ ਰੋਜ਼ ਆਪਣੇ ਗੁਰੂ ਅੱਗੇ ਨਤਮਸਤਕ ਹੋਣ ਵੇਲ਼ੇ “ਕਲਾ ਵਾਹਿਗੁਰੂ ਜੀ ਕੀ ਵਰਤੇ” ਦੀ ਅਰਦਾਸ ਕਰਦੇ ਹਾਂ। ਗੁਰੂ ਦੀ ਵਰਤਾਈ ਕਲਾ ਦੇਖ ਕੇ ਅਸੀਂ ਸਰਸ਼ਾਰ ਵੀ ਹੁੰਦੇ ਹਾਂ ਅਤੇ ਆਤਮਿਕ ਸੰਤੁਸ਼ਟੀ ਵੀ ਮਾਣਦੇ ਹਾਂ। ਇੱਕ ਆਨੰਦ ਸਟੇਜ਼ੀ ਕਲਾ ਦਾ ਵੀ ਹੁੰਦਾ ਹੈ ਅਤੇ ਸਟੇਜ਼ੀ ਕਲਾ ਦਾ ਧਨੰਤਰ ਰਿਹਾ ਹੈ ਬਾਈ ਸਰਦਾਰ ਸੋਹੀ! ਥੀਏਟਰ ਕਲਾ ਦਾ ਬਾਦਸ਼ਾਹ, ਮਰਹੂਮ ਹਰਪਾਲ ਟਿਵਾਣਾ ਹੋਰਾਂ ਦਾ ਜਗਾਇਆ ਇਹ ਦੀਪ, ਅੱਜ ਸੂਰਜ ਬਣ, ਦੁਨੀਆਂ ਭਰ ਦੇ ਪੰਜਾਬੀਆਂ ਲਈ ਮਨੋਰੰਜਨ ਦਾ ਨੂਰ ਬਿਖ਼ੇਰ ਰਿਹਾ ਹੈ। ਪਿੰਡ ਟਿੱਬਾ, ਜਿਲ੍ਹਾ ਸੰਗਰੂਰ ਵਿੱਚ ਜਨਮੇ ਬਾਈ ਸੋਹੀ ਨੇ 1975 ਵਿੱਚ ਨੀਨਾ ਟਿਵਾਣਾ ਅਤੇ ਮਰਹੂਮ ਹਰਪਾਲ ਟਿਵਾਣਾ ਜੀ ਨਾਲ਼ ਥੀਏਟਰ ਤੋਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ ਅਤੇ ਫ਼ਿਲਮ “ਲੌਂਗ ਦਾ ਲਿਸ਼ਕਾਰਾ” ਉਸ ਦੀ ਪਹਿਲੀ ਫ਼ਿਲਮ ਸੀ। ਗੁਲਾਬੋ ਮਾਸੀ (ਨਿਰਮਲ ਰਿਸ਼ੀ) ਨਾਲ਼ “ਨਾਹਰੇ ਅਮਲੀ” ਦਾ ਰੋਲ ਕਰ ਕੇ ਪੰਜਾਬੀ ਫ਼ਿਲਮੀ ਦੁਨੀਆਂ ਵਿੱਚ ਆਪਣੀ ਉਤਮ ਕਲਾ ਦਾ ਵਿਲੱਖਣ ਸਬੂਤ ਦਿੱਤਾ ਅਤੇ ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਆਤਿਸ਼ਬਾਜ਼ੀ ਵਾਂਗ ਅਸਮਾਨ ਦੀ ਹਿੱਕ ਵੱਲ ਨੂੰ ਹੀ ਗਿਆ। ਹੁਣ ਤੱਕ ਬਾਈ ਸੋਹੀ ਲੱਗਭਗ 50 ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਿਆ ਹੈ ਅਤੇ ਉਸ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਪਰਦੇ ਉਪਰ ਅੜਬ, ਕਠੋਰ, ਕਰੂਰ ਅਤੇ ਸਖ਼ਤ ਸੁਭਾਅ ਦਾ ਦਿਸਣ ਵਾਲ਼ਾ ਬਾਈ ਸੋਹੀ ਅਥਾਹ ਕੋਮਲ ਹਿਰਦੇ ਦਾ ਮਾਲਕ ਅਤੇ ਯਾਰਾਂ ਦਾ ਯਾਰ ਹੈ।
ਥੀਏਟਰ ਕਲਾ ਦੇ ਮੁਜੱਸਮੇ, ਮਰਹੂਮ ਹਰਪਾਲ ਟਿਵਾਣਾ ਜੀ ਦੀ ਅੱਖ, ਕਲਾ ਲਈ ਪਾਰਖੂ ਅੱਖ ਸੀ। ਸਰਦਾਰ ਸੋਹੀ ਤੋਂ ਪਹਿਲਾਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਧਰੂ ਤਾਰੇ ਰਾਜ ਬੱਬਰ ਅਤੇ ਮਰਹੂਮ ਓਮ ਪੁਰੀ ਜੀ ਵੀ ਹਰਪਾਲ ਟਿਵਾਣਾ ਸਾਹਿਬ ਦੇ ਸ਼ਾਗਿਰਦ ਰਹਿ ਚੁੱਕੇ ਹਨ। ਪਿਤਾ ਸ਼ਿਵਦੇਵ ਸਿੰਘ ਸੋਹੀ ਅਤੇ ਮਾਤਾ ਸਰੂਪ ਕੌਰ ਦੇ ਘਰ ਜਨਮਿਆਂ ਬਾਈ ਸੋਹੀ ਗੁਰਦਾਸ ਮਾਨ ਅਤੇ ਗਿਰਜਾ ਸ਼ੰਕਰ ਦਾ ਸਟੇਜ਼ੀ ਸਮਕਾਲੀ ਰਹਿ ਚੁੱਕਿਆ ਹੈ ਅਤੇ ਇਹ ਸਾਰੇ ਇਕੱਠੇ ਥੀਏਟਰ ਕਰਦੇ ਰਹੇ ਹਨ। ਇੱਕ ਭਰਾ ਅਤੇ ਚਾਰ ਭੈਣਾਂ ਦੇ ਭਰਾ ਸਰਦਾਰ ਸੋਹੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸ ਨੇ ਥੀਏਟਰ ਕਰਦਿਆਂ ਹੀ ਪ੍ਰਣ ਕਰ ਲਿਆ ਸੀ ਕਿ ਉਹ ਸ਼ਾਦੀ ਨਹੀਂ ਕਰਵਾਵੇਗਾ। ਉਮਰ ਦੇ ਛੇ ਦਹਾਕੇ ਪਾਰ ਕਰਨ ਤੋਂ ਬਾਅਦ ਵੀ ਸਰਦਾਰ ਸੋਹੀ ਆਪਣੇ ਓਸੇ ਪ੍ਰਣ ਉਪਰ ਧੁੱਸ ਦੇਈ ਤੁਰਿਆ ਆ ਰਿਹਾ ਹੈ। ਜਦ ਵਿਆਹ ਨਾ ਕਰਨ ਬਾਰੇ ਮੈਂ ਉਸ ਨੂੰ ਮਿੱਤਰਾਂ ਵਾਲ਼ਾ ਸੁਆਲ ਕੀਤਾ ਤਾਂ ਉਸ ਦਾ ਪ੍ਰਤੱਖ ਅਤੇ ਬੇਬਾਕ ਉਤਰ ਸੀ, “ਮੈਂ 12 ਕੁ ਸਾਲ ਨਾਟਕ ਕੀਤੇ, ਥੀਏਟਰ ਵਿੱਚ ਪੈਸਾ ਨਹੀਂ ਸੀ, ਪਰ ਥੀਏਟਰ ਮੇਰੇ ਲਈ ਸਭ ਕੁਛ ਸੀ, ਇਸ ਲਈ ਨਿੱਜੀ ਜ਼ਿੰਦਗੀ ਨਾਲ਼ੋਂ ਕਲਾ ਨੂੰ ਪਹਿਲ ਦਿੱਤੀ ਅਤੇ ਇਕੱਲੇ ਰਹਿਣ ਦਾ ਮਨ ਬਣਾ ਲਿਆ, ਫ਼ਿਰ ਇਕੱਲੇ ਰਹਿਣ ਦੀ ਆਦਤ ਜਿਹੀ ਪੈ ਗਈ, ਹੁਣ ਤਾਂ ਅਦਾਕਾਰੀ ਹੀ ਮੇਰੀ ਜ਼ਿੰਦਗੀ ਦਾ ਲਕਬ ਹੈ, ਤੇ ਇਸੇ ਖੇਤਰ ਨੂੰ ਮਜ਼ੇ ਨਾਲ ਜਿਉਂ ਰਿਹਾ ਹਾਂ!” ਉਸ ਦੇ ਇਸ ਆਨੰਦ ਨੂੰ ਮੁਬਾਰਕਬਾਦ ਆਖਦਾ ਹੋਇਆ ਇਹੀ ਦੁਆ ਕਰਦਾ ਹਾਂ, ਕਿ ਬਾਈ ਸੋਹੀ ਹਮੇਸ਼ਾ ਬੁਲੰਦੀਆਂ ਦੇ ਸਿਖਰਾਂ ਉਪਰ ਆਲ੍ਹਣੇ ਪਾਈ ਰੱਖੇ!