ਬਿੱਟੂ ਖੰਗੂੜਾ, ਲੰਡਨ
ਬੇਈਮਾਨ ਮਖੌਟਿਆ ਦਾ ਰੂਪ
ਸਮੇਂ ਦੇ ਹੱਥੀ ਟਿਕੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
ਜਹਾਲਤ ਦੀ ਜਿੱਤ ਦਾ ਸੂਰਜ
ਭਰ ਜੋਬਨ ‘ਤੇ ਆਇਆ
ਅਕਲਾਂ ਦੇ ਚੰਨ ਨੇ ਖੌਰੇ
ਮੂੰਹ ਕਿਉਂ ਹੈ ਛੁਪਾਇਆ?
ਨਪੁੰਸਕ ਸੋਚਾ ਦਾ ਪੱਥਰ
ਨੀਹਾਂ ਵਿੱਚ ਟਿਕੀ ਜਾਂਦਾ ਏ,
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
ਉੱਚੀਆਂ ਬੇਸੁਰੀਆਂ ਅਵਾਜਾਂ
ਗਲਾ ਦੱਬਿਆ ਹੈ ਸੁਰਾ ਦਾ
ਹੋਰ ਕਿੰਨੀ ਕੁ ਦੇਰ ਪੰਜਾਬ
ਵਸਦਾ ਰਹੇਗਾ ਗੁਰਾਂ ਦਾ
ਨਕਸ਼ਾ ਖੈਬਰ ਤੋਂ ਤਿੱਬਤ ਤੱਕ
ਟੋਟੇ ਟੋਟੇ ਹੋ ਮਿਟੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
ਸਾਡੀ ਪੱਗ ਰੰਗੀ ਏ ਵੱਖੋ ਵੱਖਰੀ
ਉਹਨਾਂ ਦਾ ਸਾਰਾ ਲਿਬਾਸ ਇੱਕੋ
ਜੋਸ਼ ਨਾਲ ਨਾ ਜਿੱਤ ਹੋਵਣ ਜੰਗਾ
ਕੁਝ ਤਾਂ ਤੁਸੀ ਵੀ ਹੁਣ ਹੋਸ਼ ਸਿੱਖੋ
ਲੋਕਤੰਤਰ ਵੱਧ ਸਿਰਾਂ ਦੇ ਸਿਰ ਤੇ
ਬਹੁਗਿਣਤੀ ਹੱਥੋਂ ਪਿੱਟੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
ਟੇਕਦੇ ਮੱਥੇ ਸਾਰੀ ਉਮਰ ਗੁਜਰੀ
ਨਾ ਸਨਮੁੱਖ ਤੇ ਨਾ ਮਨਮੁੱਖ ਹੋਇਆ
ਪੂਜਾ ਕਰਦਾ ਕਰਦਾ ਬੁੱਤਾਂ ਦੀ
ਮੈਂ ਵੀ ਬੇਜਾਨ ਇੱਕ ਬੁੱਤ ਹੋਇਆ
ਨਗਾਰਖਾਤੇ ਚ ਤੂਤੀ ਦੀ ਕੌਣ ਸੁਣਦਾ
ਬਿੱਟੂ ਐਂਵੇ ਕਵਿਤਾ ਲਿਖੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
khangurha.bittu@gmail.com
+447877792555