8.2 C
United Kingdom
Saturday, April 19, 2025

More

    ਝੋਲੇ ਵਾਲਾ ਰਾਜਾ

    ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

    ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

    ਖੱਦਰ ਦਾ ਚਿੱਟਾ ਕੁੜਤਾ, ਤੇੜ ਚਿੱਟੀ ਚਾਦਰ ਤੇ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫਾ ਬਿਲਕੁੱਲ ਸਾਦਾ ਜਿਹਾ ਪਹਿਰਾਵਾ ਤੇ ਸਿਰ ‘ਤੇ ਸਦਾ ਹੀ ਚਿੱਟੇ ਰੰਗ ਦੀ ਪੱਗ ਬੰਨ ਰੱਖਦਾ ਸੀ ਲਹਿਣਾ ਸਿੰਘ । ਲਹਿਣਾ ਸਿੰਘ ਨੂੰ ਪਿੰਡ ਦੇ ਸਾਰੇ ਬੰਦੇ ‘ਰਾਜਾ’ ਜਾਂ ਉਸਦੇ ਨਾਂ ਨਾਲ ਹੀ ਸੰਬੋਧਨ ਹੁੰਦੇ ਸਨ ਜਦੋਂ ਕਿ ਮੁੰਡੇ ਖੁੰਡੇ ਉਸਨੂੰ ਤਾਇਆ ਕਹਿ ਬੁਲਾਇਆ ਕਰਦੇ ਸਨ । ਪਹਿਲੇ ਸਮਿਆਂ ਵਿੱਚ ਪੰਜਾਬ ਦੇ ਪਿੰਡਾ ਵਿੱਚ ਲਾਗੀਆਂ ਦਾ ਕੰਮ ਕਰਨ ਵਾਲੇ ਨੂੰ ‘ਰਾਜਾ’ ਕਿਹਾ ਜਾਂਦਾ ਸੀ। ਇਹ ਕੰਮ ਵੀ ਜਿਆਦਾਤਰ ਨਾਈ ਜਾਤੀ ਦੇ ਲੋਕ ਹੀ ਕਰਿਆ ਕਰਦੇ ਸਨ। ਸਾਰਾ ਸਾਲ ਹੀ ਇਹ ਲੋਕ ਆਪਣੇ ਕੰਮ ਦੇ ਨਾਲ ਨਾਲ ਪੇਂਡੂ ਲੋਕਾਂ ਦੇ ਹਰ ਤਰਾਂ ਦੇ ਦਿਨ ਸੁਧ ਤੇ ਕਾਰਜ ਕਰਿਆ ਕਰਦੇ ਸਨ ਅਤੇ ਨਾਲ ਹੀ ਸੇਪੀ ਵੀ ਕਰਦੇ ਸਨ । ਪਹਿਲਾਂ ਇਸੇ ਤਰਾਂ ਹੀ ਗੁਜ਼ਾਰੇ ਚੱਲਦੇ ਸਨ ਅਤੇ ਲੋਕ ਇੱਕ ਦੂਜੇ ਤੇ ਲੋੜਾਂ ਤੱਕ ਹੀ ਨਿਰਭਰ ਨਾ ਹੋ ਕੇ ਦੁੱਖ ਸੁੱਖ ਦੇ ਵੀ ਸ਼ਰੀਕ ਹੁੰਦੇ ਸਨ।

    ਲਹਿਣਾ ਸਿੰਘ ਨੇ ਆਪਣੇ ਸਾਈਕਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਤੇ ਕਦੇ ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਸੀ। ਝੋਲੇ ਵਿੱਚ ਉਹ ਆਪਣੇ ਸੰਦ ਰੱਖਦਾ ਸੀ ਜਿਨਾਂ ਨਾਲ ਉਹ ਆਪਣੀ ਸੇਪੀ ਕਰਿਆ ਕਰਦਾ ਸੀ। ਉਸਦੀ ਸੇਪੀ ਹੁੰਦੀ ਸੀ ਵਾਲ ਕੱਟਣੇ ਭਾਵ ਉਹ ਨਾਈ ਦਾ ਕੰਮ ਕਰਦਾ ਸੀ। ਮੈਂ ਸੇਪੀ ਇਸ ਲਈ ਲਿਖਿਆ ਹੈ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸਗੋਂ ਹਾੜੀ ਸਾਉਣੀ ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰਾਂ ਦਾ ਸਮਾਨ ਲਿਆ ਕਰਦਾ ਸੀ। ਖੁਰਪੇ ਨਾਲ ਉਹ ਪਿੰਡ ਵਿੱਚ ਹੋਣ ਵਾਲੇ ਛੋਟੇ ਮੋਟੇ ਪ੍ਰੋਗਰਾਮਾਂ ਤੇ ਹਲਵਾਈ ਦਾ ਕੰਮ ਕਰਿਆ ਕਰਦਾ ਸੀ। ਕਿਉਂਕਿ ਉਹ ਆਮ ਹੀ ਪਿੰਡ ਦੇ ਜਿ਼ਮੀਦਾਰਾਂ ਦੇ ਸਾਰੇ ਘਰਾਂ ਵਿੱਚ ਆਉਂਦਾ ਜਾਂਦਾ ਸੀ । ਜਦੋਂ ਕਿਸੇ ਦੇ ਆਖੰਡ ਪਾਠ ਦਾ ਭੋਗ ਹੋਣਾ, ਕਿਸੇ ਦੇ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗ ਦਾ ‘ਕੱਠ ਹੋਣਾ ਜਾਂ ਹੋਰ ਵੀ ਕਿਸੇ ਤਰਾਂ ਦਾ ਵੀ ਖੁਸ਼ੀ ਗਮੀ ਦਾ ਕੋਈ ਦਿਨ ਹੋਣਾ ਤਾਂ ਲਹਿਣਾ ਸਿੰਘ ਤੜਕੇ ਹੀ ਉਸ ਘਰ ਵਿੱਚ ਆ ਪਹੁੰਚਦਾ। ਆ ਕੇ ਉਸਨੇ ਦਾਲ ਧਰ ਦੇਣੀ ਅਤੇ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟਣ ਲਾ ਦੇਣਾ। ਨਾਲ ਦੀ ਨਾਲ ਉਸਨੇ ਚੌਲ ਆਦਿ ਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ। ਵਿੱਚੇ ਹੀ ਉਸਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਦਾ ਵੀ ਦੇ ਆਉਣਾ। ਜੇ ਕਰ ਕਿਸੇ ਘਰ ਵਿਆਹ ਆਦਿ ਹੋਣਾ ਤਾਂ ਉਹ ਹਲਵਾਈ ਦਾ ਕੰਮ ਘੱਟ ਤੇ ਲਾਗੀ ਦਾ ਕੰਮ ਜਿਆਦਾ ਕਰਿਆ ਕਰਦਾ ਸੀ। ਕਿਉਂਕਿ ਉਹ ਸਿਰਫ਼ ਦਾਲ ਸਬਜ਼ੀ ਜਾਂ ਕੜਾਹ ਖੀਰ ਹੀ ਬਣਾ ਸਕਦਾ ਸੀ। ਬਾਕੀ ਦਾ ਸਾਰਾ ਕੰਮ ਤਾਂ ਸਪੈਸ਼ਲ ਹਲਵਾਈ ਹੀ ਕਰਦੇ ਸਨ । ਪਰ ਉਹ ਜਿੰਨਾ ਵੀ ਕੰਮ ਕਰਦਾ ਉਸ ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦਾ ਸੀ।

    ਮੈਨੂੰ ਬੜੀ ਚੰਗੀ ਤਰਾਂ ਯਾਦ ਹੈ ਜਦੋਂ ਵੀ ਉਸ ਨੇ ਕਿਸੇ ਨੂੰ ਮਿਲਣਾ ਤਾਂ ਬੜਾ ਖੁਸ਼ ਹੋ ਕੇ ਮਿਲਦਾ ਹੁੰਦਾ ਸੀ। ਉਸਦੇ ਚਿਹਰੇ ਤੇ ਸਦਾ ਹੀ ਖੁਸ਼ੀ ਝਲਕਦੀ ਰਹਿੰਦੀ ਸੀ। ਸ਼ਾਇਦ ਇਸੇ ਕਰਕੇ ਹੀ ਮੈਂ ਆਪਣੀ ਸੁਰਤ ਸੰਭਾਲਣ ਤੋਂ ਲੈ ਕੇ ਸਦਾ ਹੀ ਉਸਨੂੰ ਇੱਕੋ ਰੂਪ ਵਿੱਚ ਤੱਕਦਾ ਆਇਆ ਹਾਂ। ਉਹ ਬੇਸ਼ੱਕ ਬੁੱਢਾ ਵੀ ਹੋ ਗਿਆ ਪਰ ਸਦਾ ਹੀ ਪਹਿਲਾਂ ਵਾਂਗ ਲੱਗਦਾ ਸੀ । ਪਰ ਜਦੋ ਉਸਦੀ ਘਰਵਾਲੀ ਪੂਰੋ ਉਸਦਾ ਸਾਥ ਛੱਡ ਗਈ ਉਸਤੋਂ ਬਾਅਦ ਉਹ ਥੋੜਾ ਜਿਹਾ ਉਦਾਸ ਲੱਗਿਆ ਕਰਦਾ ਸੀ ਪਰ ਫਿਰ ਵੀ ਉਹ ਆਪਣੇ ਅੰਦਰਲੇ ਗਮ ਨੂੰ ਕਿਸੇ ਸਾਹਮਣੇ ਜ਼ਾਹਰ ਨਹੀਂ ਸੀ ਕਰਦਾ। ਬੇਸ਼ੱਕ ਪੂਰੋ ਨੇ ਅਖੀਰਲੇ ਸਾਲਾਂ ਵਿੱਚ ਬਹੁਤ ਦੁੱਖ ਦੇਖਿਆ ਸੀ ਅਤੇ ਵਿਚਾਰੀ ਨੇ ਮੰਜੇ ਤੇ ਆਪਣੇ ਚਾਰ ਪੰਜ ਸਾਲ ਗੁਜ਼ਾਰੇ ਸਨ। ਪਰ ਲਹਿਣਾ ਸਿੰਘ ਨੇ ਆਪਣਾ ਫਰਜ਼ ਤੇ ਕੰਮ ਸਦਾ ਹੀ ਨਿਭਾਇਆ ਸੀ। ਜਿਸ ਤਰਾਂ ਉਹ ਪੂਰੋ ਦੇ ਨਾਲ ਹੋ ਕੇ ਨਿਭਾਉਂਦਾ ਸੀ ਉਸੇ ਤਰਾਂ ਹੀ ਉਸ ਤੋਂ ਬਾਅਦ ਵੀ ਨਿਭਾਉਂਦਾ ਆਇਆ ਸੀ ।

    ਉਹ ਆਏ ਸਾਲ ਕਣਕਾਂ ਦੀ ਵਾਢੀ ਸਮੇਂ ਖੇਤ ਖੇਤ ਜਾ ਕੇ ਵਾਢਿਆਂ ਦੇ ਦਾੜੀ ਵਾਲ ਤੇ ਨਹੁੰ ਕੱਟਿਆ ਕਰਦਾ ਸੀ ਅਤੇ ਫਿਰ ਹਰ ਘਰ ਤੋਂ ਇੱਕ ਇੱਕ ਭਰੀ ਕਣਕ ਦੀ ਲੈ ਕੇ ਇਕੱਠੀ ਕਰਿਆ ਕਰਦਾ ਸੀ। ਜਿਸ ਨੂੰ ਉਹ ਬਾਅਦ ਵਿੱਚ ਇੱਕੋ ਜਗ੍ਹਾ ਤੇ ਗਹਾ ਲਿਆ ਕਰਦਾ ਸੀ ਅਤੇ ਦਾਣੇ ਤੇ ਤੂੜੀ ਨੂੰ ਟਰਾਲੀ ਤੇ ਸ਼ਹਿਰ ਆਪਣੇ ਘਰ ਲੈ ਜਾਇਆ ਕਰਦਾ ਸੀ। ਕਣਕ ਦੀਆਂ ਭਰੀਆਂ ਇਕੱਠਿਆਂ ਕਰਦਿਆਂ ਵੀ ਉਹ ਚਿੱਟੇ ਕੱਪੜੇ ਤੇ ਚਿੱਟੀ ਪੱਗ ਹੀ ਰੱਖਦਾ ਸੀ ਪਰ ਪੱਗ ਉੱਪਰ ਆਪਣੇ ਮੋਢੇ ਵਾਲਾ ਸਾਫ਼ਾ ਵਲ ਲਿਆ ਕਰਦਾ ਸੀ। ਉਸਨੇ ਆਪਣਾ ਸਾਈਕਲ ਸਾਡੀ ਮੋਟਰ ਦੇ ਸਾਹਮਣੇ ਵਾਲੇ ਖੂਹ ਤੇ ਖੜਾ ਕਰ ਦੇਣਾ ਤੇ ਝੋਲੇ ਨੂੰ ਮੋਢੇ ਨਾਲ ਟੰਗ ਕੇ ਆਪ ਉੱਥੋਂ ਪੈਦਲ ਹੀ ਤੁਰ ਪੈਣਾ। ਰਾਹ ਵਿੱਚ ਮਿਲੇ ਬੰਦਿਆਂ ਦੇ ਵੀ ਵਾਲ ਆਦਿ ਸਵਾਰ ਦੇਣੇ ਤੇ ਬਾਕੀ ਦੇ ਖੂਹਾਂ ਤੇ ਜਾ ਆਉਣਾ। ਦਿਨ ਵਿੱਚ ਕੁਝ ਕੁ ਕੰਮ ਹੀ ਨਿਬੇੜਦਾ ਸੀ। ਕਿਸੇ ਕੋਲੋਂ ਸਾਗ ਲੈ ਆਉਣਾ ਕਿਸੇ ਕੋਲੋਂ ਪੱਠੇ ਤੇ ਹੋਰ ਕੁਝ ਨਾ ਕੁਝ। ਇਸ ਤਰਾਂ ਉਹ ਆਪਣਾ ਵਧੀਆ ਗੁਜ਼ਾਰਾ ਕਰ ਲੈਂਦਾ ਸੀ ।

    ਇੱਕ ਮਹੀਨੇ ਵਿੱਚ ਸਾਡੇ ਪਿੰਡ ਉਸਦੇ ਤਕਰੀਬਨ ਪੰਜ ਸੱਤ ਗੇੜੇ ਲੱਗ ਜਾਂਦੇ ਸਨ। ਜੇਕਰ ਕਿਸੇ ਕੋਈ ਪ੍ਰੋਗਰਾਮ ਹੋਣਾ ਤਾਂ ਉਹ ਲਗਾਤਾਰ ਤਿੰਨ ਚਾਰ ਦਿਨ ਵੀ ਆ ਜਾਂਦਾ ਸੀ। ਉਹ ਹਰ ਘਰ ਦੀ ਮਾਲੀ ਹਾਲਤ ਦੇ ਹਿਸਾਬ ਨਾਲ ਅਗਲੇ ਦਾ ਡੰਗ ਟਪਾ ਦਿੰਦਾ ਸੀ। ਜੇਕਰ ਘਰ ਚੰਗਾ ਸਰਦਾ ਪੁਜਦਾ ਹੁੰਦਾ ਸੀ ਤਾਂ ਉਹ ਹੱਥ ਖੁੱਲਾ ਰੱਖ ਕੇ ਵਰਤਾ ਦਿੰਦਾ ਸੀ ਤੇ ਜੇਕਰ ਘਰ ਮਸਾਂ ਗੁਜ਼ਾਰਾ ਹੀ ਚਲਾਉਣ ਵਾਲਾ ਹੁੰਦਾ ਤਾਂ ਲਹਿਣਾ ਸਿੰਘ ਉਨਾਂ ਦਾ ਵੀ ਡੰਗ ਟਪਾ ਦਿੰਦਾ ਸੀ। ਕਿਉਂਕਿ ਉਹ ਪਿੰਡ ਦੇ ਜੀਅ ਜੀਅ ਦਾ ਵਾਕਫ਼ ਸੀ ਤੇ ਉਸੇ ਤਰਾਂ ਦਾ ਹੱਥ ਕਰ ਲਿਆ ਕਰਦਾ ਸੀ । ਇਸੇ ਹਰ ਕੋਈ ਲਹਿਣਾ ਸਿੰਘ ਨੂੰ ਆਪਣੇ ਦਿਨ ਸੁਧ ਤੇ ਬੁਲਾ ਲੈਂਦਾ ਸੀ। ਲਹਿਣਾ ਸਿੰਘ ਨੇ ਵਰਤਾਉਂਦੇ ਸਮੇਂ ਵੀ ਖੁਸ਼ ਰਹਿਣਾ ਅਤੇ ਹਰ ਵੇਲੇ ਹਾ ਹਾ ਹਾ ਹਾ ਕਰਦੇ ਰਹਿਣਾ। ਉਹ ਤੜਕੇ ਆ ਕੇ ਵੀ ਕਦੇ ਥੱਕਿਆ ਨਹੀਂ ਸੀ। ਸਾਰਾ ਕੰਮ ਭੁਗਤਾ ਕੇ ਫਿਰ ਉਹ ਜਾਂਦਾ ਸੀ। ਕਿਸੇ ਵੀ ਕੰਮ ਨੂੰ ਵਿੱਚ ਵਿਚਾਲੇ ਅਧੂਰਾ ਛੱਡ ਕੇ ਜਾਣਾ ਲਹਿਣਾ ਸਿੰਘ ਦੀ ਆਦਤ ਨਹੀਂ ਸੀ । ਜੇ ਕਿਸੇ ਦੇ ਮੁੰਡੇ ਦਾ ਵਿਆਹ ਹੋਣਾ ਤਾਂ ਉਹ ਤੜਕੇ ਆ ਕੇ ਮੁੰਡੇ ਵਾਲਿਆਂ ਨੂੰ ਜਗਾ ਦਿੰਦਾ ਸੀ ਤੇ ਜਲਦੀ ਨਾਲ ਸਾਰੇ ਕਾਰਜ ਕਰਨ ਨੂੰ ਕਹਿੰਦਾ ਹੁੰਦਾ ਸੀ। ਇਸੇ ਵਿੱਚ ਉਸਨੇ ਬਰਾਤੇ ਜਾਣ ਵਾਲਿਆਂ ਨੂੰ ਵੀ ਚੇਤਾ ਕਰਵਾ ਦੇਣਾ ਕਿ ਭਾਈ ਤਿਆਰ ਹੋ ਕੇ ਵਕਤ ਨਾਲ ਪਹੁੰਚੋ ਤੇ ਚਾਹ ਪੀਕੇ ਕੇ ਬਰਾਤ ਵਾਲੀ ਬੱਸ ਬੈਠੋ। ਕੁੜੀ ਦੇ ਵਿਆਹ ਵਿੱਚ ਵੀ ਲਹਿਣਾ ਸਿੰਘ ਹਰ ਫਰਜ਼ ਪੂਰੀ ਤਰਾਂ ਨਿਭਾਉਂਦਾ। ਮੈਂ ਆਮ ਹੀ ਦੇਖਿਆ ਕਿ ਘਰ ਵਾਲੇ ਬਹੁਤ ਸਾਰੀਆਂ ਰਸਮਾਂ ਉਸਨੂੰ ਪੁੱਛ ਕੇ ਕਰਿਆ ਕਰਦੇ ਸਨ ਕਿ ਕਿਹੜੀ ਰਸਮ ਕਿਵੇਂ ਕਰਨੀ ਹੈ? ਜੇਕਰ ਕਿਸੇ ਨੇ ਲਹਿਣਾ ਸਿੰਘ ਨੂੰ ਕੁਝ ਘੱਟ ਵੀ ਦੇ ਦੇਣਾ ਤਾਂ ਉਹ ਕਦੇ ਬਾਬਰਿਆ ਨਹੀਂ ਸੀ ਸੱਤ ਬਚਨ ਕਹਿ ਕੇ ਰੱਖ ਲਿਆ ਕਰਦਾ ਸੀ । ਉਸ ਵਿੱਚ ਸਬਰ ਬਹੁਤ ਜਿਆਦਾ ਸੀ ਸ਼ਾਇਦ ਇਸੇ ਕਰਕੇ ਹੀ ਉਹ ਖੁਸ਼ ਰਹਿਣ ਵਾਲਾ ਬੰਦਾ ਸੀ। ਜੇ ਕਿਸੇ ਦੇ ਦਿਨ ਸੁਧ ਤੇ ਲਹਿਣਾ ਸਿੰਘ ਨਾ ਹੁੰਦਾ ਤਾਂ ਸਾਰਾ ਪਿੰਡ ਹੀ ਘਰ ਵਾਲਿਆਂ ਨੂੰ ਪੁੱਛਦਾ ਹੁੰਦਾ ਸੀ ਕਿ ਲਹਿਣਾ ਸਿੰਘ ਨੀ ਆਇਆ ਕੀ ਗੱਲ ਹੋਈ? ਸਾਰੇ ਪਿੰਡ ਵਿੱਚ ਹੀ ਉਸਦਾ ਬੜਾ ਮਾਣ ਸੀ ਤੇ ਉਸ ਬਿਨਾ ਹਰ ਕਾਰਜ ਅਧੂਰਾ ਲੱਗਦਾ ਸੀ। ਉਹ ਸਾਡੇ ਪਿੰਡ ਗੁਰਦਵਾਰਾ ਸਾਹਿਬ ਵੀ ਸਾਲ ਬਾਅਦ ਹੋਣ ਵਾਲੇ ਸੰਤਾਂ ਦੇ ਮੋਛੇ (ਸਲਾਨਾ ਬਰਸੀ) ਤੇ ਆਇਆ ਕਰਦਾ ਸੀ। ਲੰਗਰ ਦੀ ਦਾਲ ਸਬਜ਼ੀ ਤੇ ਚੌਲਾਂ ਦਾ ਜਰਦਾ ਲਹਿਣਾ ਸਿੰਘ ਹੀ ਬਣਾਇਆ ਕਰਦਾ ਸੀ। ਇਸ ਬਾਰੇ ਉਸਨੂੰ ਕਹਿਣ ਦੀ ਵੀ ਲੋੜ ਨਹੀਂ ਸੀ ਹੁੰਦੀ ਸਗੋਂ ਉਹ ਆਪ ਹੀ ਆਇਆ ਕਰਦਾ ਸੀ।

    ਲਹਿਣਾ ਸਿੰਘ ਬੇਸ਼ੱਕ ਆਪ ਲੋਕਾਂ ਦੇ ਵਾਲ ਕੱਟਦਾ ਸੀ ਪਰ ਮੈਂ ਕਦੇ ਵੀ ਉਸਦੀ ਦਾੜੀ ਜਾਂ ਸਿਰ ਵਾਲਾਂ ਨੂੰ ਕੱਟੇ ਹੋਏ ਨਹੀਂ ਤੱਕਿਆ ਸੀ। ਜਿਸ ਬਾਰੇ ਮੈਂ ਉਸਨੂੰ ਇੱਕ ਵਾਰ ਪੁੱਛਿਆ ਕੇ ਤਾਇਆ ਜੀ ਤੁਸੀਂ ਲੋਕਾਂ ਦੇ ਵਾਲ ਤਾਂ ਕੱਟਦੇ ਹੋ ਪਰ ਤੁਹਾਡੇ ਆਪਣੇ ਵਾਲ ਕਦੇ ਮੈਂ ਕੱਟੇ ਨਹੀਂ ਵੇਖੇ। ਤੁਸੀਂ ਸਦਾ ਹੀ ਦਾੜੀ ਵੀ ਬੰਨ ਕੇ ਰੱਖਦੇ ਤੇ ਸਿਰ ਵਾਲ ਵੀ ਤੁਹਾਡੇ ਸਾਬਤ ਹਨ । ਤਾਂ ਲਹਿਣਾ ਸਿੰਘ ਨੇ ਬੜਾ ਸੋਚ ਕੇ ਮੈਨੂੰ ਕਿਹਾ ਪੁੱਤਰਾ ਆਹ ਸਵਾਲ ਮੇਰੀ ਜ਼ਿੰਦਗੀ ਵਿੱਚ ਅੱਜ ਤੱਕ ਕਿਸੇ ਨਹੀਂ ਕੀਤਾ। ਸਾਰੇ ਆਪਣਾ ਸਿਰ ਵੀ ਮੁਨਵਾ ਲੈਂਦੇ ਹਨ, ਦਾੜੀ ਵੀ ਹਲਕੀ ਕਰਵਾ ਲੈਂਦੇ ਪਰ ਮੇਰੇ ਬਾਰੇ ਕਿਸੇ ਕਦੇ ਕੁਝ ਨਹੀਂ ਪੁੱਛਿਆ। ਮੈਂ ਕਿਹਾ ਤਾਇਆ ਜੀ ਜੇ ਗੁੱਸਾ ਲੱਗਾ ਤਾਂ ਮੈਂ ਮਾਫੀ਼ ਚਾਹੁੰਦਾ ਹਾਂ ਤਾਂ ਉਸਨੇ ਮੈਨੂੰ ਜੱਫੀ਼ ਵਿੱਚ ਲੈਂਦੇ ਹੋਏ ਕਿਹਾ ਨਹੀਂ ਪੁੱਤਰਾ ਗੱਲ ਗੁੱਸੇ ਦੀ ਨਹੀਂ ਸਗੋਂ ਭਾਵਨਾ ਦੀ ਹੈ । ਕਦੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਸਾਡੇ ਵਾਲ ਕੱਟਣ ਵਾਲਾ ਆਪ ਤਾਂ ਵਾਲ ਕੱਟਦਾ ਨੀ। ਪਰ ਮੇਰੀ ਮਜਬੂਰੀ ਹੈ ਕਿ ਮੈਂ ਇਹ ਕੰਮ ਛੱਡ ਨਹੀਂ ਸਕਦਾ। ਕਿਉਂਕਿ ਮੇਰੇ ਪਿਉ ਦਾਦੇ ਦਾ ਕਿੱਤਾ ਹੈ। ਉਨਾਂ ਨੇ ਮੈਨੂੰ ਇਹ ਕੈਂਚੀ ਹੱਥ ਫੜਾਈ ਸੀ ਤੇ ਮੇਰੇ ਮਰਨ ਬਾਅਦ ਹੀ ਇਹ ਕੈਂਚੀ ਹੁਣ ਮੇਰੇ ਹੱਥੋਂ ਛੁੱਟੇਗੀ। ਤਾਂ ਮੈਂ ਕਿਹਾ ਜੀ ਕੀ ਤੁਹਾਡਾ ਮੁੰਡਾ ਵੀ ਬਾਅਦ ਵਿੱਚ ਇਹੀ ਕੰਮ ਕਰੇਗਾ ਤਾਂ ਉਸ ਕਿਹਾ ਪੁੱਤਰ ਮੈਂ ਆਪਣੇ ਮੁੰਡੇ ਨੂੰ ਇਸ ਜੱਦੀ ਕੰਮ ਤੋਂ ਆਜ਼ਾਦ ਕਰ ਦਿੱਤਾ ਹੈ ਅਤੇ ਉਹ ਇੱਕ ਬੈਂਕ ਵਿੱਚ ਕੰਮ ਕਰਦਾ ਹੈ। ਮੈਂ ਲੋਕਾਂ ਦੇ ਘਰਾਂ ਵਿੱਚ ਲਾਗੀ ਦਾ ਕੰਮ ਕਰਕੇ ਅਤੇ ਨਾਈ ਦੀ ਸੇਪੀ ਕਰਕੇ ਆਪਣੇ ਮੁੰਡੇ ਨੂੰ ਪੜਾਇਆ ਹੈ। ਉਸਨੂੰ ਇਸ ਲਾਇਕ ਕੀਤਾ ਹੈ ਕਿ ਉਹ ਕੱਲ ਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨ ਦੀ ਬਜਾਏ ਇੱਕ ਵਧੀਆ ਨੌਕਰੀ ਕਰੇ । ਉਸਨੂੰ ਘਰ ਘਰ ਜਾਂ ਖੇਤ ਖੇਤ ਹੁਣ ਭਟਕਣ ਦੀ ਲੋੜ ਨਹੀਂ । ਦੂਸਰੀ ਗੱਲ ਇਹ ਕਿ ਹੁਣ ਨਾਈਆਂ ਦਾ ਕੰਮ ਦੁਕਾਨਾਂ ਤੇ ਚੱਲਦਾ ਨਾ ਕਿ ਖੇਤਾਂ ਵਿੱਚ ਕਿਉਂਕਿ ਜੱਟ ਜ਼ਮੀਨਾਂ ਵੇਚ ਕੇ ਸ਼ਹਿਰਾਂ ਨੂੰ ਤੁਰੇ ਜਾਂਦੇ ਆ ਖੇਤੀਂ ਤਾਂ ਭਈਏ ਰਹਿ ਗਏ। ਰਹੀ ਗੱਲ ਦਿਨਾਂ ਸੁਧਾਂ ਤੇ ਕੰਮ ਕਰਨ ਦੀ ਅੱਧੋਂ ਬਹੁਤਾ ਕੰਮ ਤਾਂ ਹਲਵਾਈ ਹੀ ਕਰਦੇ ਆ ਬਾਕੀ ਦਾ ਕੰਮ ਹੁੰਦਾ ਹੁਣ ਪੈਲੇਸਾਂ ਵਿੱਚ, ਇਸ ਲਈ ਲਾਗੀ ਪੁਣਾ ਹੀ ਰਹਿ ਗਿਆ ਹੁਣ ਕਰਨ ਵਾਲਾ । ਉਹ ਵੀ ਹੱਟ ਜਾਣਾ ਕਿਉਂਕਿ ਮੁੰਡੇ ਕੁੜੀਆਂ ਵਿਆਹ ਆਪੇ ਕਰਨ ਲੱਗਗੇ ਨਾ ਲਾਗੀ ਦੀ ਲੋੜ ਨਾ ਭਾਈ ਦੀ ਲੋੜ। ਲੋੜ ਬੱਸ ਵਕੀਲਾਂ ਦੀ ਰਹਿ ਜਾਣੀ ਆ ਪਹਿਲਾਂ ਵਿਆਹ ਕਰਵਾਉਣ ਨੂੰ ਤੇ ਫਿਰ ਵਿਆਹ ਤੁੜਵਾਉਣ ਨੂੰ। ਲਹਿਣਾ ਸਿੰਘ ਇਹ ਗੱਲਾਂ ਕਹਿ ਕੇ ਤੁਰ ਗਿਆ ਸੀ ਪਰ ਸੋਚਦਾ ਹੀ ਰਹਿ ਗਿਆ ਕਿ ਕੀ ਇੰਜ ਹੀ ਹੋਇਆ ਕਰੇਗਾ? ਕੀ ਸੱਚ ਹੀ ਸਾਡਾ ਸਮਾਜ ਨਿਘਾਰ ਵੱਲ ਨੂੰ ਜਾ ਰਿਹਾ ਹੈ? ਕੀ ਸੱਚ ਹੀ ਅਸੀਂ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਾਂ? ਕੀ ਸੱਚ ਹੀ ਅਸੀਂ ਹੁਣ ਵਿਆਹ ਹੁੰਦੇ ਤੇ ਟੁੱਟਦੇ ਅਦਾਲਤਾਂ ਵਿੱਚ ਦੇਖਿਆ ਕਰਾਂਗੇ? ਮਨ ਵਿੱਚ ਉੱਠਦੇ ਇਨਾਂ ਸਵਾਲਾਂ ਦੇ ਜਵਾਬ ਮੈਂ ਬੜੀ ਵਾਰ ਲੱਭਣ ਦੀ ਕੋਸਿ਼ਸ਼ ਕੀਤੀ ਪਰ ਮੇਰੀ ਸੋਚਾਂ ਦੀ ਲੜੀ ਅੱਧ ਵਿਚਾਲੇ ਟੁੱਟ ਕੇ ਬਿਖਰ ਜਾਂਦੀ ਹੈ।

    ਅੱਜ ਲਹਿਣਾ ਸਿੰਘ ਇਸ ਸੰਸਾਰ ਵਿੱਚ ਨਹੀਂ ਹੈ ਪਰ ਉਸਦੇ ਕਹੇ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ।

    chahal_italy@yahoo.com
    Tel. 0039 320 217 649

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!