
ਹਰਪ੍ਰੀਤ ਸਿੰਘ ‘ਲਲਤੋਂ‘
ਅੱਜ ਫਲਾਣੇ ਨੇ ਆਉਣਾ
ਨਾ ਸੁਣਦੀ ਮੁਨਾਦੀ ਆ।
ਮੈਨੂੰ ਦੂਰ ਦੂਰ ਤੱਕ
ਨਜ਼ਰ ਨਾ ਆਉਂਦੀ ਖਾਦੀ ਆ।
ਬੀਹੀ ਨੀਵੀਂ ਕਰ ਦਿੰਦੇ
ਇਹ ਤਾਂ ਡੱਡੂ ਬਰਸਾਤੀ ਨੇ।
ਚੋਣਾਂ ਵੇਲੇ ਭੱਜ ਭੱਜ
ਹਰ ਇੱਕ ਨੂੰ ਲਾ ਲੈਂਦੇ ਛਾਤੀ ਨੇ।
ਸੇਵਾਦਾਰ ਦੀ ਗਲ ਵਿੱਚ ਪਾਈ ਫਿਰਦੇ ਉਪਾਧੀ ਆ।
ਮੈਨੂੰ ਦੂਰ ਦੂਰ ………।
ਨਿਰੀ ਡਰਾਮੇਬਾਜੀ ਦੇ ਦਿਸਦੇ
ਚੁਫੇਰੇ ਉਦਾਹਰਣ ਨੇ।
ਸ਼ੈਲਫੀਆਂ ਹੀ ਖਿੱਚਦੇ ਜਾਂ
ਕਰਦੇ ਸਿੱਧਾ ਪ੍ਰਸਾਰਣ ਨੇ,
ਸਭ ਨੂੰ ਸਭ ਕੁਝ ਮਿਲੇਗਾ
ਗੱਲ ਬੇਬੁਨਿਆਦੀ ਆ,
ਮੈਨੂੰ ਦੂਰ ਦੂਰ ……..।
ਲੋੜਵੰਦ ਹਰ ਡਾਹਢਾ ਖੱਜਲ ਖੁਆਰ ਹੋ ਰਿਹਾ ਏ।
ਆਟੇ ਦੀ ਫੜ ਕੇ ਥੈਲੀ
ਬੱਸ ਪ੍ਰਚਾਰ ਹੋ ਰਿਹਾ ਏ।
ਕਈ ਜਣਿਆਂ ਨਾ ਕਈ
ਦਿਨ ਦੀ ਰੋਟੀ ਖਾਧੀ ਆ।
ਮੈਨੂੰ ਦੂਰ ਦੂਰ………
ਕਿਹਦੀਆਂ ਭਰਦੀ ਗੋਗੜਾਂ
ਜਾਰੀ ਹੋਈ ਫੰਡ ਰਾਸ਼ੀ।
੧੫ ਲੈ ਜਾਂਦੇ ਲਾਹਾ,
ਖਾਲੀ ਹੱਥ ਰਹਿ ਜਾਂਦੇ ਪਚਾਸੀ।
ਕੀ ਕਹਿਣਾ ‘ਲਲਤੋਂ’ ਹੁਣ
ਲੋਕ ਵੀ ਹੋ ਗਏ ਆਦੀ ਆ,
ਮੈਨੂੰ ਦੂਰ ਦੂਰ………।