ਮੋਗਾ, 8 ਮਈ (ਪੰਜ ਦਰਿਆ ਬਿਊਰੋ)
ਪੰਜਾਬ ਵਿੱਚ ਭਾਵੇਂ ਕਰੋਨਾ ਕਰਕੇ ਕਰਫਿਊ ਲੱਗਾ ਹੋਇਆ ਹੈ, ਪਰ ਲੁਟੇਰੇ, ਚੋਰ ਅਤੇ ਝਪਟਮਾਰਾਂ ਦੇ ਹੌਸਲੇ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਹਨ ਅਤੇ ਆਪਣੀਆਂ ਵਾਰਦਾਂਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਘਟਨਾ ਮੋਗਾ ਦੀ ਹੈ ਜਿਥੇ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆ ਨੇ ਆਲੂਆ ਦੇ ਇਕ ਵਪਾਰੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਕੋਲੋ 1 ਲੱਖ 46 ਹਜ਼ਾਰ ਰੁਪਏ ਲੁੱਟ ਲਏ।
ਘਟਨਾ ਦੀ ਜਾਣਕਾਰੀ ਦਿੰਦਿਆਂ ਐਸ. ਪੀ. ਹਰਿੰਦਰਪਾਲ ਸਿੰਘ ਪਰਮਾਰ ਦਿੱਤੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰੀਸ਼ ਕੁਮਾਰ ਨਿਵਾਸੀ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਜੋ ਆਲੂਆ ਦਾ ਕਾਰੋਬਾਰ ਕਰਦਾ ਹੈ ਅਤੇ ਉਸਨੇ ਬਾਘਾਪੁਰਾਣਾ ਦੇ ਕੋਲਡ ਸਟੋਰ ਨੂੰ ਕਿਰਾਏ ‘ਤੇ ਲਿਆ ਹੋਇਆ ਹੈ ਜਿਥੇ ਉਹ ਕਿਸਾਨਾਂ ਕੋਲੋ ਆਲੂ ਖਰੀਦ ਕਰਨ ਤੋਂ ਬਾਅਦ ਸਟੋਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਬਾਅਦ ਦੁਪਹਿਰ ਆਪਣੇ ਮੋਟਰ ਸਾਈਕਿਲ ‘ਤੇ ਵਾਪਸ ਬਾਘਾਪੁਰਾਣਾ ਜਾ ਰਿਹਾ ਸੀ ਤਾਂ ਮੋਗਾ-ਕੋਟਕਪੂਰਾ ਰੋਡ ‘ਤੇ ਸਿੰਘਾਵਾਲਾ ਨੇੜੇ ਪੁੱਜਾ ਤਾਂ ਮੋਟਰ ਸਾਈਕਲ ਸਵਾਰ ਲੁਟੇਰਿਆ ਵੱਲੋਂ 12 ਬੋਰ ਬੰਦੂਕ ਨਾਲ ਉਸਨੂੰ ਘੇਰ ਲਿਆ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਕੋਲੋ 1 ਲੱਖ 46 ਹਜ਼ਾਰ ਰੁਪਏ ਖੋਹ ਲਏ ਅਤੇ ਮੋਗਾ ਵੱਲ ਹੀ ਚੱਲੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਸਪਾਸ ਇਲਾਕੇ ਵਿਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆ ਦੀ ਫੁਟੇਜ ਨੂੰ ਦੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਕੇਸ ਦਰਜ਼ ਕਰ ਲਿਆ ਹੈ ਜਲਦੀ ਹੀ ਲੁਟੇਰੇ ਗਿ੍ਰਫਤਾਰ ਕਰ ਲਏ ਜਾਣਗੇ।