ਹੈਪੀ ਚੌਧਰੀ “ ਟੋਰਾਂਟੋ ( ਕਨੇਡਾ )
ਕੁਛ ਬਾਤ ਹੈ ਕਿ ਹਸਤੀ, ਮਿਟਤੀ ਨਹੀਂ ਹਮਾਰੀ ,
ਸਦੀਯੋਂ ਰਹਾ ਹੈ ਦੁਸ਼ਮਨ, ਦੌਰ-ਏ-ਜ਼ਮਾਂ ਹਮਾਰਾ ..!
( ਜਨਾਬ ਅੱਲਾਮਾ ਇਕਬਾਲ )
“ਕੁਕਨੂਸ , Phoenix, ਬਹਿੰਗਮ “
ਦੋਸਤੋ ਪੰਜਾਬੀ ਵਿਰਸੇ ਨਾਲ ਕੋਈ ਠੋਸ ਅਤੇ ਯਥਾਰਥਕ ਸੰਬੰਧ ਨਾ ਹੋਣ ਦੇ ਬਾਵਜੂਦ ਵੀ, ਸਾਡੀ ਭਾਸ਼ਾ ਵਿੱਚ ਆਮ ਤੌਰ ਤੇ ਹੀ “ਕੁਕਨੂਸ“ ਸ਼ਬਦ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਐ..!
ਅਤੇ ਪੰਜਾਬੀ ਕੌਮ ਦੀ ਤੁਲਨਾ ਇਸ ਪੰਛੀ ਨਾਲ ਕਰ ਦਿੰਦੇ ਹਾਂ ਕਿ ਅਸੀਂ ਪੰਜਾਬੀ ਦੁਨੀਆਂ ਵਿਚ ਬੁਲੰਦ ਹੌਸਲੇ ਤੇ ਚੜ੍ਹਦੀ ਕਲਾ ਵਾਲੇ ਆਂ, ਵਾਰ ਵਾਰ ਫਨਾਹ ਹੋ ਕੇ ਭਾਵ ਅਨੇਕ ਮੁਸ਼ਕਲਾਂ, ਔਕੜਾਂ ਝੱਲ ਕੇ ਮੁੜ ਜ਼ਿੰਦਾ ਰਹਿਣ ਵਾਲੇ ਸਿਰੜੀ ਹਾਂ…ਆਓ ਵਿਚਾਰ ਸਾਂਝ ਪਾਈਏ ਕਿ ਇਹ ਕੁਕਨੂਸ ਹੁੰਦਾ ਕੀ ਐ ..!
Phoenix “ਬਹਿੰਗਮ “ ਜਾਂ “ਕੁਕਨੂਸ”
ਪੁਰਾਤਨ ਗ੍ਰੀਕ ਮਿਥਿਹਾਸਕ ਪੰਛੀ ਨੂੰ ਕਹਿੰਦੇ ਹਨ,
“Phoenix rises from the Ashes “
ਦੀ ਕਹਾਵਤ ਇਸੇ ਕਰਕੇ ਬਣੀ ਐ, ਇਹਨੂੰ “ਸੂਰਜ” ਭਾਵ ਉਮੀਦ ਤੇ ਸੰਘਰਸ਼ ਦਾ ਸਿੰਬਲ ਮੰਨਦੇ ਹਨ .. !
ਧਾਰਨਾ ਐ ਕਿ ਜਦ ਵੀ ਇਹ ਪੰਛੀ ਉਤੇਜਿਤ ਹੋ ਕੇ ਆਵਦੇ ਖੰਭ ਥਰਥਰਾਉਂਦਾ ਸੀ ਤਾਂ ਇਕ ਖ਼ਾਸ ਰੈਟਲਿੰਗ ਸਾਉੰਡ ( ਆਵਾਜ ) ਪੈਦਾ ਹੋ ਕੇ ਇਹਨੂੰ ਅੱਗ ਲੱਗ ਜਾਂਦੀ ਸੀ , ਉਸੇ ਅੱਗ ਦੀ ਰਾਖ ਤੋ ਇਹਦਾ ਪੁਨਰ ਜੀਵਨ ਮੁੜ ਹੋਂਦ ਵਿੱਚ ਆਉਣਾ ਮੰਨਿਆ ਜਾਂਦਾ ਸੀ !
ਮਤਲਬ ਕਿ ਇਕ ਮਾਦਾ ਤੋਂ ਬਗੈਰ ਇਸਦਾ ਜੰਮਣ ਚਕਰ ਚੱਲਦਾ ਐ, ਇਹ ਇਕ ਅਜੀਬ ਧਾਰਨਾ ਮੰਨੀ ਜਾਂਦੀ ਐ..!
ਅਤੇ ਮਿਥਿਆ ਦੇ ਅਨੁਸਾਰ ਇਹਦੀ ਉਮਰ 500 ਸਾਲ ਮੰਨੀ ਜਾਂਦੀ ਐ.! ਭਾਵੇਂ ਇਹ ਮੰਨਦੇ ਹਨ ਕਿ ਇਹ ਆਪਣੀ ਸੁਆਹ (ਰਾਖ) ਤੋਂ ਮੁੜ ਪੈਦਾ ਹੋਣ ਦੇ ਸਮਰੱਥ ਹੁੰਦਾ ਐ, ਪਰ ਦੁਨੀਆਂ ਵਿੱਚ ਕਿਸੇ ਨੇ ਵੀ ਇਸ ਜੀਵ ਦੇ ਦਰਸ਼ਨ ਹੋਣ ਬਾਰੇ ਕੋਈ ਵੀ ਪੁਖ਼ਤਾ ਹਾਮੀ ਕਦੇ ਨਹੀਂ ਭਰੀ ..! ਅਤੇ ਜਹਾਨ ਵਿੱਚ ਇਸਦੀ ਸਿਰਫ ਪੇਂਟਿੰਗ ਹੀ ਮਿਲਦੀ ਐ ਨਾ ਕਿ ਤਸਵੀਰ ..!
ਸ਼ਾਹਕਾਰ ਜਰਮਨ ਲੇਖਕ Friedrich Johann Justin Bertuch (1747 ) ਦੁਆਰਾ ਇਸਦਾ ਜ਼ਿਕਰ ਪਹਿਲੀ ਵਾਰ ਆਵਦੀ ਲਿਖਤ ਵਿੱਚ ਕੀਤਾ ਮੰਨਿਆ ਜਾਂਦਾ ਹੈ, ਇਸ ਜੀਵ ਦਾ ਸ਼ਰੀਰ ਮੋਰ ਵਾਂਗਰ ਰੰਗ ਬਰੰਗਾ ਤੇ ਅੱਖਾਂ ਨੀਲੇ ਰੰਗ ਦੀਆਂ ਮੰਨੀਆਂ ਜਾਂਦੀਆਂ ਹਨ..!
ਮੁੱਖ ਤੌਰ ਉੱਪਰ ਇਹ ਜੀਵ ਸਿਰਫ ਪੁਰਾਤਨ ਗ੍ਰੀਕ ਮਿਥਿਹਾਸਕ ਕਿਤਾਬਾਂ ਵਿੱਚ ਹੌਸਲਾ , ਜਿੱਤ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆਂ ਜਾਂਦਾ ਰਿਹਾ ਐ..! ਸੋ ਕਿਸੇ ਨੇ ਵੀ ਅਜ ਤੱਕ ਇਸ ਨੂੰ ਪ੍ਰਤੱਖ ਜਾਂ ਜ਼ਿੰਦਾ ਵੇਖਣ ਦਾ ਦਾਅਵਾ ਨਹੀਂ ਕੀਤਾ ..!
ਬੱਸ ਜ਼ਿੰਦਗੀ ਵਿੱਚ ਹੌਸਲੇ ਬਰਕਰਾਰ ਲਈ “ਕੂਕਨੂਸ” ਇਕ ਚਿੰਨ੍ਹ ਮਾਤਰ ਮਿਥਿਹਾਸਕ ਪੰਛੀ ਜਾਂ ਜੀਵ ਐ ..!
ਦੁਆ ਐ ਕਿ ਹਰ ਸ਼ਖਸ ਚੜ੍ਹਦੀ ਕਲਾ ਵਿਚ ਕੂਕਨੂਸ ਬਣ ਕੇ ਰਹੇ ..ਧੰਨਵਾਦ ..!