ਡਾ. ਸੁਰਿੰਦਰ ਸਿੰਘ ਭੱਠਲ
ਅਸੀਂ ਜਿਨਾਂ
ਪ੍ਰਕਿਰਤੀ ਦੀ ਗੋਦ ‘ਚ ਸਾਹ ਲਿਆ
ਵਿਚਰਦੇ ਰਹੇ ਉਸ ਸੰਗ
ਸਦੀਆਂ ਸਦੀਆਂ ਲੰਮੀਆਂ ਪਾਰੀਆਂ
ਉਸ ਦਿੱਤੀਆਂ ਅਨਮੋਲ ਸੁਗਾਤਾਂ
ਹਵਾ,ਪਾਣੀ ਤੇ ਅਗਨ
ਅਸੀਂ ਬੇਸਮਝ ਬੰਦਿਆਂ
ਮਾਰ ਕੇ ਡਰ ਦੀ ਬੁੱਕਲ
ਪੂਜਦੇ ਰਹੇ ਬਣਾ ਕੇ ਦੇਵਤੇ
ਫਿਰ ਉਸ ਬੁੱਧੀ, ਭਾਸ਼ਾ ਤੇ ਲਿੱਪੀ
ਨਾਲ ਨਿਵਾਜ ਕੇ ਪਸ਼ੂ ਤੋਂ ਬੰਦੇ ਬਣਾ ਦਿੱਤੇ
ਪਰ ਨਹੀਂ, ਉੱਕਾ ਹੀ ਨਹੀਂ
ਅਸੀਂ ਬੰਦੇ ਬਣੇ ਹੀ ਨਹੀਂ
ਬਣ ਗਏ ਹਿੰਦੂ ,ਸਿੱਖ ,ਇਸਾਈ,ਮੁਸਲਮਾਨ
ਸ਼ਬਦਾਂ ਤੋਂ ਵੀ ਅਗਾਂਹ
ਨੇਜਿਆਂ, ਤਲਵਾਰਾਂ, ਤ੍ਰਿਸੂਲਾਂ ਸੰਗ
ਆਪਸ ਵਿਚ ਲੜਦੇ ਰਹੇ
ਧਰਮ ਦੇ ਜੈਕਾਰਿਆਂ ਵਿਚ
ਇਕ ਦੂਸਰੇ ਦਾ ਗਲ਼ ਫੜਦੇ ਰਹੇ ।
ਅਸੀਂ ਪ੍ਰਕਿਰਤੀ ਦੇ ਸਾਊ ਪੁੱਤ
ਧਰਤੀ ਵਿਚਲਾ ਪਾਣੀ ਡੀਕ ਗਏ
ਅੱਗ ਨੂੰ ਚੁੱਲੇ ‘ਚੋਂ ਕੱਢ
ਹਰੇ ਭਰੇ ਜੰਗਲ ਸਾੜਨ ਤੀਕ ਗਏ
ਬਿਰਖ ਤਾਂ ਭਲਾਂ ਦਰਵੇਸ਼ ਸਨ
ਕੀ ਬੋਲਦੇ ,ਉਹ ਵੀ ਨਹੀਂ ਛੱਡੇ
ਜ਼ਹਿਰ ਚੜੀ ਫਿਰ ਅਸਮਾਨੀਂ
ਨਾ ਨਿਰਮਲ ਆਕਾਸ਼
ਨਾ ਪਵਿੱਤਰ ਪਾਣੀ
ਪੰਛੀ ਕਿਥੇ ਉਡਾਣ ਭਰਨਗੇ
ਕਿਹੜੀ ਝੀਲ ਜਾ ਤਰਨਗੇ
ਪ੍ਰਕਿਤੀ ਅਸੀਂ ਤੇਰੇ
ਅਕ੍ਰਿਤਘਣ ਪੁੱਤ ਹਾਂ
ਤੂੰ ਤਾਂ ਸਮੇਂ ਸਮੇਂ ਸਮਝਾਉਂਦੀ ਰਹੀ
ਘੂਰਦੀ ਵੀ ਰਹੀ, ਡਰਾਉਂਦੀ ਵੀ ਰਹੀ
ਅੱਜ ਫੇਰ ਸਾਨੂੰ ਤਾੜ ਰਹੀ ਏਂ
ਜਿਸ ਦੇ ਹੱਥ ਨੇਜਾ ਨਹੀਂ,ਤਲਵਾਰ ਨਹੀਂ
ਬੰਬ ਨਹੀਂ,ਕਿਰਚ ਕਟਾਰ ਨਹੀਂ
ਇਕ ਅਣਦਿਸਦੇ ਮਹੀਨ ਵਾਇਰਸ ਰਾਹੀਂ
ਸਾਨੂੰ ਘਰਾਂ ‘ਚ ਵਾੜ ਰਹੀਂ ਏਂ
‘ਹੇ ਮਨੁੱਖ ! ਮੈਂ ਤੇਰੇ ਲੲਈ
ਬੁੱਕਲ਼ ‘ਚ ਰੱਖੇ ਸਨ ਅਨੇਕਾਂ ਮੇਵੇ
ਪਰ ਤੈਨੂੰ ਖਾਣ ਲਈ
ਡੱਡੂ, ਸੱਪ ਤੇ ਚਮਗਿੱਦੜ ਹੀ ਲੱਭੇ ।’
ਆਓ ! ਅਜੇ ਵੀ ਸੰਭਲ ਜਾਈਏ
ਪਹਿਲਾਂ ਬੰਦੇ
ਫਿਰ ਬੰਦੇ ਦੇ ਪੁੱਤ ਬਣ ਜਾਈਏ ।
ਪ੍ਰਕਿਰਤੀ ਮਾਂ ਹੈ, ਫਿਰ ਵੀ
ਮਨੁੱਖਤਾ ਦੇ ਤਪਦੇ,ਤਰਾਹ ਕਰਦੇ ਮੱਥੇ
ਆਪਣਾ ਸੀਤ ਹੱਥ ਧਰੇਗੀ
ਧੀ-ਧਰਤੀ ਨੂੰ ਖ਼ੁਸ਼ਹਾਲ ਕਰੇਗੀ ।
‘ਦੂਰ ਤੋਂ ਬਰਫ-ਲੱਦੀਆਂ ਪਹਾੜੀਆਂ ਦਿੱਸਦੀਆਂ
ਅਸਮਾਨ ‘ਚ ਤਾਰੇ ਝਲਕਣ
ਦਰਿਆਵਾਂ ਦਾ ਪਾਣੀ ਨਿਰਮਲ
ਪੰਛੀਆਂ ਦੀ ਚਹਿਚਹਾਟ’
ਇਹ ਖ਼ਬਰ ਨਹੀਂ ਬੋਲਦੀ
ਇਹ ਤਾਂ ਪ੍ਰਕਿਰਤੀ ਆਪਣਾ ਰਾਜ਼ ਖੋਲਦੀ
ਕੁੱਝ ਨਹੀਂ ਕਰ ਸਕੇਗਾ ‘ਕਰੋਨਾ’
ਮੇਰੀ ਸੈਨਤ ਸਮਝੋ
ਕੁਦਰਤ ਨਾਲ ਖਿਲਵਾੜ ‘ਕਰੋ- ਨਾ’
ਮੋਬ :98762 62123