ਰਾਏਕੋਟ (ਰਘਵੀਰ ਸਿੰਘ ਜੱਗਾ)
ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਉੱਘੇ ਹੋਮਿਓਪੈਥੀ ਮਾਹਿਰ ਡਾ. ਪਰਮਜੀਤ ਸਿੰਘ ਰਾਣੂੰ ਦੇ ਸਥਾਨਕ ਹੋਮਿਓਪੈਥਿਕ ਹੈਲਥ ਸੈਂਟਰ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ, ਐਸ.ਡੀ.ਐਮ ਦੇ ਦਫਤਰੀ ਸਟਾਫ, ਪੁਲਿਸ ਸਟੇਸ਼ਨ, ਨਗਰ ਕੌਂਸਲ ਮੁਲਾਜਮਾਂ, ਸਿਵਲ ਵੈਟਨਰੀ ਹਸਪਤਾਲ ‘ਚ ਤਾਇਨਾਤ ਮੁਲਾਜ਼ਮਾਂ ਨੂੰ ਮਨੁੱਖੀ ਸ਼ਰੀਰ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀ ਹੋਮਿਓਪੈਥੀ ਦਵਾਈ ਦੀਆਂ ਚਾਰ ਸੌ ਦੇ ਕਰੀਬ ਸ਼ੀਸ਼ੀਆਂ ਵੰਡੀਆਂ ਗਈਆਂ।
ਇਸ ਮੌਕੇ ਡਾ. ਨਵਜੋਤ ਸਿੰਘ ਰਾਣੂੰ ਅਤੇ ਡਾ. ਇੰਦਰਜੀਤ ਕੌਰ ਰਾਣੂੰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਇਹ ਮੁਲਾਜ਼ਮ ਪਹਿਲੀ ਕਤਾਰ ‘ਚ ਖੜ੍ਹੇ ਹੋ ਕੇ ਇਸ ਮਹਾਂਮਾਰੀ ਦਾ ਟਾਕਰਾ ਕਰ ਰਹੇ ਹਨ, ਜਦੋਂ ਤੱਕ ਇੰਨ੍ਹਾਂ ਮੁਲਾਜ਼ਮਾਂ ਦੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ ਤਾਂ ਇਹ ਬੇਹਤਰ ਢੰਗ ਨਾਲ ਇਸ ਮਹਾਂਮਾਰੀ ਦਾ ਟਾਕਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਲੋਂ ਅੱਜ ਮਨੁੱਖੀ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਭਾਰਤ ਸਰਕਾਰ ਦੇ ਆਯੁਸ਼ ਵਿਭਾਗ ਵਲੋਂ ਤਜ਼ਵੀਜਤ ਹੋਮਿਓਪੈਥੀ ਦਵਾਈ ਆਰਸੈਨਿਕ ਐਲਬਮ-30 ਦੀ ਡੋਜ਼ ਵਾਲੀਆਂ ਚਾਰ ਸੌ ਦੇ ਕਰੀਬ ਸ਼ੀਸ਼ੀਆਂ ਮੁਫਤ ਦਿੱਤੀਆਂ ਗਈਆਂ ਹਨ ਤਾਂ ਜੋ ਸਾਡੀ ਰੱਖਿਆ ਕਰਨ ਵਾਲੇ ਇੰਨ੍ਹਾਂ ਮੁਲਾਜ਼ਮਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਰਹੇ।
ਇਸ ਉਪਰਾਲੇ ਲਈ ਐਸ.ਐਮ.ਓ ਡਾ.ਅਲਕਾ ਮਿੱਤਲ, ਸਟੈਨੋ ਜਤਿੰਦਰ ਸਿੰਘ, ਸੈਨਟਰੀ ਇੰਸਪੈਕਟਰ ਹਰਪ੍ਰੀਤ ਸਿੰਘ, ਏਐਸਆਈ ਲਖਵੀਰ ਸਿੰਘ ਵੱਲੋਂ ਡਾ. ਨਵਜੋਤ ਸਿੰਘ ਰਾਣੂੰ ਅਤੇ ਇੰਦਰਜੀਤ ਕੌਰ ਰਾਣੂੰ ਦਾ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਵਰਮਾਂ, ਇੰਦਰਜੀਤ ਸਿੰਘ, ਰਾਜੂ ਢੀਂਗੀਆ, ਜਗਸੀਰ ਸਿੰਘ, ਹਲਵਲਦਾਰ ਰਾਮਜੀਤ ਸਿੰਘ ਆਦਿ ਹਾਜ਼ਰ ਸਨ।